ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੇ ਕਰੋੜਾਂ ਰੁਪਏ, ਦਫ਼ਤਰ ਛੱਡ ਹੋਇਆ ਰਫੂ-ਚੱਕਰ
Sunday, Aug 06, 2023 - 05:59 PM (IST)

ਗੁਰਦਾਸਪੁਰ (ਗੁਰਪ੍ਰੀਤ)- ਇਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ 'ਤੇ ਕਈ ਲੋਕਾਂ ਨੂੰ ਮੂਰਖ ਬਣਾ ਕੇ ਵਿਦੇਸ਼ ਭੇਜਣ ਦੇ ਨਾਂ 'ਤੇ ਕਰੋੜਾਂ ਰੁਪਏ ਠੱਗਣ ਦੇ ਇਲਜ਼ਾਮ ਲੱਗੇ ਹਨ। ਠੱਗੀ ਦਾ ਸ਼ਿਕਾਰ ਹੋਏ ਕੁਲ 17 ਲੋਕਾਂ ਵੱਲੋਂ ਇਸ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਹਨ । ਇਲਜ਼ਾਮ ਲਗਾਇਆ ਗਿਆ ਹੈ ਕਿ ਸਟੱਡੀ ਵੀਜ਼ਾ ਦੇ ਨਾਂ 'ਤੇ ਕਰੋੜਾਂ ਰੁਪਏ ਠੱਗ ਕੇ ਇਮੀਗ੍ਰੇਸ਼ਨ ਕੰਪਨੀ ਦਾ ਮਾਲਕ ਆਪਣਾ ਦਫ਼ਤਰ ਬੰਦ ਕਰਕੇ ਫ਼ਰਾਰ ਹੋ ਚੁੱਕਿਆ ਹੈ। ਠੱਗੀ ਦਾ ਸ਼ਿਕਾਰ ਹੋਏ ਕੁੱਝ ਲੋਕਾਂ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਇਸ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਵੱਲੋਂ ਉਨ੍ਹਾਂ ਨੂੰ ਨਕਲੀ ਜੌਬ ਲੈਟਰ, ਆਫ਼ਰ ਲੈਟਰ ਤੇ ਨਕਲੀ ਟਿਕਟਾਂ ਵੀ ਦਿੱਤੀਆਂ ਗਈਆਂ ਸਨ। ਫਿਲਹਾਲ ਇਨ੍ਹਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਚਡੂੰਨੀ ਦੇ ਆਗੂ ਇੰਦਰਪਾਲ ਸਿੰਘ ਬੈਂਸ ਨਾਲ ਮੁਲਾਕਾਤ ਕਰਕੇ ਮਦਦ ਕਰਨ ਲਈ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, 60 ਸਾਲ ਦੇ ਬਜ਼ੁਰਗ ਦਾ ਬੇਹਰਿਮੀ ਨਾਲ ਕਤਲ, ਵੱਢੇ ਹੱਥ-ਪੈਰ
ਜਾਣਕਾਰੀ ਦਿੰਦਿਆਂ ਸਥਾਨਕ ਨਹਿਰੂ ਪਾਰਕ 'ਚ ਇਕੱਠੇ ਹੋਏ ਠੱਗੀ ਦਾ ਸ਼ਿਕਾਰ ਵਿਅਕਤੀਆਂ 'ਚੋਂ ਇੱਕ ਗੁਰਨਾਮ ਸਿੰਘ ਵਾਸੀ ਪ੍ਰੇਮ ਨਗਰ ਨੇ ਦੱਸਿਆ ਕਿ ਕੈਨੇਡਾ ਜਾਣ ਲਈ ਇਸ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ 4.5 ਲੱਖ ਰੁਪਏ ਟਿਕਟਾਂ ਲਈ ਅਤੇ 4.5 ਲੱਖ ਰੁਪਏ ਕੈਨੇਡਾ ਦੀ ਕਰੰਸੀ ਲੈਣ ਲਈ ਦਿੱਤੇ ਸਨ। ਕੰਪਨੀ ਦੇ ਮਾਲਕ ਵਲੋਂ ਦਿੱਤੇ ਗਏ ਦੋ ਚੈੱਕ ਵੀ ਬੈਂਕ 'ਚੋਂ ਦੋ ਵਾਰ ਬਾਉਂਸ ਹੋ ਚੁੱਕੇ ਹਨ। ਕੰਪਨੀ ਮਾਲਕ ਨੇ ਨਾ ਤਾਂ ਉਨ੍ਹਾਂ ਨੂੰ ਕਰੰਸੀ ਦਿੱਤੀ ਅਤੇ ਨਾ ਹੀ ਕੈਨੇਡਾ ਭੇਜਿਆ। ਉਨ੍ਹਾਂ ਨੂੰ ਕੈਨੇਡਾ ਦੀਆਂ ਜੋ ਟਿਕਟਾਂ ਦਿੱਤੀਆਂ ਗਈਆਂ ਉਹ ਵੀ ਨਕਲੀ ਨਿਕਲੀ ਨਿਕਲੀਆਂ ਸਨ। ਉਨ੍ਹਾਂ ਮੰਗ ਕੀਤੀ ਕਿ ਇਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਔਰਤਾਂ ’ਚ ਛਾਤੀ ਦੇ ਕੈਂਸਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ, ਇਸ ਜ਼ਿਲ੍ਹੇ 'ਚ ਰੋਜ਼ਾਨਾ 80 ਮਰੀਜ਼ਾਂ ਦੀ OPD
ਭਾਰਤੀ ਕਿਸਾਨ ਯੂਨੀਅਨ ਚਡੂੰਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਕਿਹਾ ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਵਲੋਂ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਅਜੇ ਤੱਕ 17 ਵਿਅਕਤੀਆਂ ਵੱਲੋਂ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦਾ ਸ਼ਿਕਾਰ ਹੋਣ ਦੀਆਂ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਜਿਸ ਹਿਸਾਬ ਨਾਲ ਇਹ ਛੇ ਕਰੋੜ ਦੇ ਕਰੀਬ ਦੀ ਠੱਗੀ ਦਾ ਮਾਮਲਾ ਬਣ ਗਿਆ ਹੈ ਪਰ ਇਸ ਦੀ ਠੱਗੀ ਦਾ ਸ਼ਿਕਾਰ ਹੋਏ ਹੋਰ ਵਿਅਕਤੀ ਵੀ ਸਾਹਮਣੇ ਆ ਸਕਦੇ ਹਨ। ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਜੋ ਕਲਾਨੌਰ ਦਾ ਰਹਿਣ ਵਾਲਾ ਹੈ, ਵਲੋਂ ਸਟੱਡੀ ਅਤੇ ਹੋਰ ਵੀਜ਼ਿਆਂ ਦੇ ਨਾਂ 'ਤੇ ਕਰੋੜਾਂ ਰੁਪਏ ਇਨ੍ਹਾਂ ਵਿਅਕਤੀਆਂ ਪਾਸੋਂ ਵਸੂਲ ਲਏ ਗਏ ਅਤੇ ਬਦਲੇ 'ਚ ਉਨ੍ਹਾਂ ਨੂੰ ਨਕਲੀ ਜੋਬ ਲੈਟਰ ,ਆਫ਼ਰ ਲੈਟਰ ਅਤੇ ਨਕਲੀ ਟਿਕਟਾਂ ਵੀਜ਼ੇ ਫੜਾ ਦਿੱਤੇ ਗਏ।
ਇਹ ਵੀ ਪੜ੍ਹੋ- ਕੈਨੇਡਾ 'ਚ ਮ੍ਰਿਤਕ ਨੌਜਵਾਨ ਦੀ ਪਿੰਡ ਪੁੱਜੀ ਦੇਹ, ਭੈਣਾਂ ਨੇ ਸਿਹਰਾ ਸਜਾ ਤੇ ਰੱਖੜੀ ਬੰਨ੍ਹ ਦਿੱਤੀ ਅੰਤਿਮ ਵਿਦਾਈ
ਇਸ ਤੋਂ ਇਲਾਵਾ ਵਿਦਿਆਰਥੀ ਦੀਆਂ ਫੀਸਾਂ ਭਰਨ ਲਈ ਵੀ ਪੈਸੇ ਲਏ ਗਏ ਅਤੇ ਹੁਣ ਇਮੀਗ੍ਰੇਸ਼ਨ ਸੈਂਟਰ ਦਾ ਮਾਲਕ ਆਪਣਾ ਦਫ਼ਤਰ ਬੰਦ ਕਰਕੇ ਫ਼ਰਾਰ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕਈ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਹੋਰ ਦਸਤਾਵੇਜ਼ ਵੀ ਇਸ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਵੱਲੋਂ ਦੱਬ ਲਏ ਗਏ ਹਨ। ਜਿਸ ਕਾਰਨ ਇਹ ਵਿਦਿਆਰਥੀ ਕਿਤੇ ਹੋਰ ਪੜ੍ਹਾਈ ਜਾਂ ਨੌਕਰੀ ਲਈ ਅਪਲਾਈ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਹੁਣ ਮਾਮਲਾ ਭਾਰਤੀ ਕਿਸਾਨ ਯੂਨੀਅਨ ਕੋਲ ਆ ਗਿਆ ਹੈ ਅਤੇ ਪੁਲਸ ਅਧਿਕਾਰੀਆਂ ਨੂੰ ਮਿਲ ਕੇ ਇਸਦੇ ਖ਼ਿਲਾਫ਼ ਕਾਰਵਾਈ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰ ਜੇਕਰ ਪੁਲਸ ਅਧਿਕਾਰੀਆਂ ਵੱਲੋਂ ਹੱਲ ਨਾ ਕੱਢਿਆ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8