ਅੰਮ੍ਰਿਤਸਰ ਧਮਾਕੇ ਤੋਂ ਬਾਅਦ ਬਟਾਲਾ ਦਾ ਨਿਰੰਕਾਰੀ ਭਵਨ ਵੀ ਕਰਵਾਇਆ ਖਾਲੀ

Monday, Nov 19, 2018 - 01:03 AM (IST)

ਅੰਮ੍ਰਿਤਸਰ ਧਮਾਕੇ ਤੋਂ ਬਾਅਦ ਬਟਾਲਾ ਦਾ ਨਿਰੰਕਾਰੀ ਭਵਨ ਵੀ ਕਰਵਾਇਆ ਖਾਲੀ

ਬਟਾਲਾ,  (ਬੇਰੀ, ਤ੍ਰੇਹਨ)-  ਨਿਰੰਕਾਰੀ ਭਵਨ ਰਾਜਾਸਾਂਸੀ ’ਚ ਸਤਿਸੰਗ ਦੌਰਾਨ ਹੋਏ ਬੰਬ ਵਿਸਫੋਟ ਕਾਰਨ ਬਟਾਲਾ ਪੁਲਸ ਵੱਲੋਂ ਹਾਈ ਅਲਰਟ ਜਾਰੀ ਕਰਦਿਆਂ ਤੁਰੰਤ ਕਾਰਵਾਈ ਕਰਦਿਆਂ ਬਟਾਲਾ ਸਥਿਤ ਨਿਰੰਕਾਰੀ ਭਵਨ ਨੂੰ ਅਖ਼ਤਿਆਰ ਦੇ ਤੌਰ ’ਤੇ ਖ਼ਾਲੀ ਕਰਵਾ ਦਿੱਤਾ ਗਿਆ। ਇਹ ਕਾਰਵਾਈ ਡੀ. ਐੱਸ. ਪੀ. ਸਿਟੀ ਪ੍ਰਹਿਲਾਦ ਸਿੰਘ ਤੇ ਐੱਸ. ਐੱਚ. ਓ. ਸਿਟੀ ਵਿਸ਼ਵਾ ਮਿੱਤਰ ਦੁਆਰਾ ਖੁਦ ਮੌਕੇ ’ਤੇ ਪਹੁੰਚ ਕੇ ਕੀਤੀ ਗਈ। ਵਰਨਣਯੋਗ ਹੈ ਕਿ ਪੰਜਾਬ ’ਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੇ ਸ਼ੱਕ ਕਾਰਨ ਪਹਿਲਾਂ ਵੀ ਕੁਝ ਦਿਨਾਂ ਤੋਂ ਪੰਜਾਬ ਭਰ ’ਚ ਹਾਈ ਅਲਰਟ ਚੱਲ ਰਿਹਾ ਹੈ। ਇਸ ਸਬੰਧੀ ਡੀ. ਐੱਸ. ਪੀ. ਸਿਟੀ ਪ੍ਰਹਿਲਾਦ ਸਿੰਘ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਨਜ਼ਦੀਕ ਸਤਿਸੰਗ ਦੌਰਾਨ ਨਿਰੰਕਾਰੀ ਭਵਨ ’ਚ ਹੋਏ ਅੱਤਵਾਦੀ ਹਮਲੇ ਕਾਰਨ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੇ ਨਿਰਦੇਸ਼ਾਂ ਤਹਿਤ ਪੁਲਸ ਜ਼ਿਲਾ ਬਟਾਲਾ ’ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅਖਤਿਆਰ ਦੇ ਤੌਰ ’ਤੇ ਬਟਾਲਾ ਨਿਰੰਕਾਰੀ ਭਵਨ ਨੂੰ ਖਾਲੀ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਪੁਲਸ ਜ਼ਿਲਾ ਬਟਾਲਾ ’ਚ ਚੱਪੇ-ਚੱਪੇ ’ਤੇ ਪੁਲਸ ਤਾਇਨਾਤ ਕੀਤੀ ਗਈ  ਹੈ, ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਵੀ ਅਣਪਛਾਤਾ ਜਾਂ ਸ਼ੱਕੀ ਵਿਅਕਤੀ ਨਜ਼ਰ ਆਵੇ, ਤਾਂ ਉਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਦੁੱਖਦਾਈ ਘਟਨਾਵਾਂ ਨੂੰ ਰੋਕਣ ਲਈ ਤੇ ਗਲਤ ਅਨਸਰਾਂ ਨੂੰ ਨਕੇਲ ਪਾਉਣ ਲਈ ਸਮਾਜ ਦੇ ਲੋਕਾਂ ਨੂੰ ਪੁਲਸ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।     


Related News