ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਓਲੰਪੀਅਨ ਖਿਡਾਰੀਆਂ ਦੀ ਸੂਚੀ ਹੋਵੇਗੀ ਤਿਆਰ : ਡਿਪਟੀ ਕਮਿਸ਼ਨਰ
Sunday, Jan 29, 2023 - 12:27 PM (IST)
ਗੁਰਦਾਸਪੁਰ (ਹਰਮਨ, ਵਿਨੋਦ, ਹੇਮੰਤ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਹੋਰ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਓਲੰਪੀਅਨ ਖਿਡਾਰੀਆਂ ਦੀ ਲਿਸਟ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਲਿਸਟ ’ਚ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਸਾਰੇ ਓਲੰਪੀਅਨ ਖਿਡਾਰੀਆਂ ਦੇ ਨਾਮ ਅਤੇ ਉਨ੍ਹਾਂ ਦੀ ਖੇਡ ਅਤੇ ਪ੍ਰਾਪਤੀਆਂ ਸਬੰਧੀ ਪੂਰਾ ਵੇਰਵਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਮੋਟਰਸਾਈਕਲ ਸਵਾਰਾਂ ਨੇ ਸੜਕ ਕਿਨਾਰੇ ਖੜ੍ਹੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਹਮਲਾਵਰ ਹੋਏ ਫ਼ਰਾਰ
ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਖੇਡਾਂ ਦੇ ਖ਼ੇਤਰ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਅਜਿਹੇ ਖਿਡਾਰੀ ਵੀ ਹੋਏ ਹਨ, ਜਿਨ੍ਹਾਂ ਨੇ ਵਿਸ਼ਵ ਪੱਧਰ ਦੇ ਖੇਡ ਮੁਕਾਬਲਿਆਂ ਅਤੇ ਖ਼ਾਸ ਕਰ ਕੇ ਓਲੰਪਿਕ ਖੇਡਾਂ ’ਚ ਵੀ ਦੇਸ਼ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਜ਼ਿਲ੍ਹੇ ਨਾਲ ਸਬੰਧਤ ਅਜਿਹੇ ਸਾਰੇ ਓਲੰਪੀਅਨ ਖਿਡਾਰੀਆਂ ਦੀ ਲਿਸਟ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਦੇ ਦਫ਼ਤਰ ’ਚ ਜ਼ਿਲ੍ਹੇ ਦੇ 8 ਓਲੰਪੀਅਨ ਦੇ ਨਾਵਾਂ ਦੀ ਸੂਚੀ ਉਪਲੱਬਧ ਹੈ, ਜਿਨ੍ਹਾਂ ’ਚ ਪਿੰਡ ਵੀਲਾ ਬੱਜੂ ਨਾਲ ਸਬੰਧਤ ਹਾਕੀ ਖਿਡਾਰੀ ਰਮਨਦੀਪ ਸਿੰਘ, ਪਿੰਡ ਮਸਾਣੀਆਂ ਦੇ ਹਾਕੀ ਖਿਡਾਰੀ ਪ੍ਰਭਜੋਤ ਸਿੰਘ, ਪਿੰਡ ਚਾਹਲ ਕਲਾਂ ਦੇ ਹਾਕੀ ਖਿਡਾਰੀ ਸਿਮਰਨਜੀਤ ਸਿੰਘ, ਪਿੰਡ ਕੋਠੇ ਘੁਰਾਲਾ ਦੇ ਜੂਡੋ ਖਿਡਾਰੀ ਅਵਤਾਰ ਸਿੰਘ, ਪਿੰਡ ਹਵੇਲੀ ਚੋਬਦਾਰ ਦੀ ਐਥਲੀਟ ਮਨਜੀਤ ਕੌਰ, ਪਿੰਡ ਮਰੜ ਦੇ ਹਾਕੀ ਖਿਡਾਰੀ ਸਰਵਣਜੀਤ ਸਿੰਘ, ਪਿੰਡ ਦਾਖ਼ਲਾ ਦੇ ਹਾਕੀ ਖਿਡਾਰੀ ਸਵਰਗਵਾਸੀ ਸੁਰਜੀਤ ਸਿੰਘ ਰੰਧਾਵਾ ਅਤੇ ਉਮਰਪੁਰਾ (ਬਟਾਲਾ) ਦੇ ਬਾਸਕਟਬਾਲ ਖਿਡਾਰੀ ਗਰਦੀਪ ਸਿੰਘ ਤੇਜਾ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ- ਨਸ਼ੇ 'ਚ ਟੱਲੀ ਪੰਜਾਬ ਪੁਲਸ ਮੁਲਾਜ਼ਮ ਦਾ ਕਾਰਾ, ਟਰੈਕਟਰ ਸਵਾਰ ਨੌਜਵਾਨ ਨੂੰ ਜ਼ਖ਼ਮੀ ਕਰਕੇ ਕੀਤਾ ਹਾਈ ਵੋਲਟੇਜ਼ ਡਰਾਮਾ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜੇਕਰ ਇਨ੍ਹਾਂ ਨਾਵਾਂ ਤੋਂ ਬਿਨਾਂ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਕਿਸੇ ਹੋਰ ਖਿਡਾਰੀ ਨੇ ਓਲੰਪਿਕ ਖੇਡਾਂ ’ਚ ਭਾਗ ਲਿਆ ਹੈ ਤਾਂ ਉਹ ਖੁਦ ਜਾਂ ਉਸਦੇ ਪਰਿਵਾਰਕ ਮੈਂਬਰ ਇਸਦੀ ਜਾਣਕਾਰੀ ਜ਼ਿਲ੍ਹਾ ਖੇਡ ਦਫ਼ਤਰ, ਗੁਰਦਾਸਪੁਰ ਵਿਖੇ ਜਾਂ ਜ਼ਿਲ੍ਹਾ ਖੇਡ ਅਫ਼ਸਰ, ਗੁਰਦਾਸਪੁਰ ਸੁਖਚੈਨ ਸਿੰਘ ਨੂੰ ਨੋਟ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸੂਚਨਾ 4 ਫਰਵਰੀ ਤੱਕ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਏਲੰਪੀਅਨ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।