ਡੇਂਗੂ ਮੱਛਰ ਦੇ ਖ਼ਾਤਮੇ ਲਈ ਸਿਹਤ ਵਿਭਾਗ ਹੋਇਆ ਸਖ਼ਤ, ਘਰ-ਘਰ ਲਾਰਵੇ ਦੀ ਹੋ ਰਹੀ ਭਾਲ
Friday, Sep 08, 2023 - 05:49 PM (IST)

ਤਰਨਤਾਰਨ (ਰਮਨ)- ਜ਼ਿਲ੍ਹੇ ਅੰਦਰ ਡੇਂਗੂ ਪੀੜਤਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਜਿਸ ਕਾਰਨ ਸਰਕਾਰੀ ਲੈਬਾਰਟਰੀ ਦੇ ਅੰਕਡ਼ਿਆਂ ਅਨੁਸਾਰ ਡੇਂਗੂ ਮਰੀਜ਼ਾਂ ਦੀ ਗਿਣਤੀ ਹੁਣ ਤੱਕ 75 ਅਤੇ ਚਿਕਨਗੁਨੀਆਂ ਦੀ 40 ਤੱਕ ਜਾ ਪੁੱਜੀ ਹੈ ਜਦਕਿ ਇਕ ਮਰੀਜ਼ ਮਲੇਰੀਆ ਦਾ ਵੀ ਪੀੜਤ ਪਾਇਆ ਗਿਆ ਹੈ। ਇਸ ਫੈਲ ਰਹੀ ਬੀਮਾਰੀ ਨੂੰ ਰੋਕਣ ਲਈ ਜਿੱਥੇ ਨਗਰ ਕੌਂਸਲ ਵਲੋਂ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਹਨ ਉੱਥੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਦਸਤਕ ਦਿੰਦੇ ਹੋਏ ਲਾਰਵੇ ਦੀ ਭਾਲ ਕਰਦੇ ਹੋਏ ਉਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਪ੍ਰਾਈਵੇਟ ਅੰਕੜਿਆਂ ਅਨੁਸਾਰ ਡੇਂਗੂ ਅਤੇ ਪਲੇਟਲੈੱਟਸ ਦੀ ਘਾਟ ਵਾਲੇ ਮਰੀਜ਼ਾਂ ਦੀ ਗਿਣਤੀ ਸੈਂਕੜੇ ਤੋਂ ਵੱਧ ਮੰਨੀ ਜਾ ਸਕਦੀ ਹੈ।
ਜ਼ਿਲ੍ਹੇ ’ਚ ਡੇਂਗੂ ਮੱਛਰ ਅਤੇ ਪਲੇਟਲੈੱਟਸ ਸੈੱਲ ਦੀ ਘਾਟ ਤੋਂ ਪ੍ਰੇਸ਼ਾਨ ਮਰੀਜ਼ਾਂ ਦੀ ਗਿਣਤੀ ਰੁੱਕਣ ਦਾ ਨਾਮ ਨਹੀ ਲੈ ਰਹੀ ਹੈ। ਜਿਉਂ-ਜਿਉਂ ਮੌਸਮ ’ਚ ਤਬਦੀਲੀ ਹੋ ਰਹੀ ਹੈ ਉਸ ਦੇ ਨਾਲ ਡੇਂਗੂ ਪੀਡ਼ਤਾਂ ਅਤੇ ਚਿਕਨਗੁਨੀਆਂ ਮਰੀਜ਼ਾਂ ਦੀ ਗਿਣਤੀ ’ਚ ਵੀ ਵਾਧਾ ਹੋ ਰਿਹਾ ਹੈ, ਜਿਸ ਕਾਰਨ ਮਰੀਜ਼ਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ।ਇਸ ਬੀਮਾਰੀ ਦੇ ਸ਼ਿਕਾਰ ਹੋਏ ਮਰੀਜ਼ ਜ਼ਿਆਦਾਤਰ ਪ੍ਰਾਈਵੇਟ ਇਲਾਜ ਕਰਵਾਉਣ ’ਚ ਪਹਿਲ ਕਰਦੇ ਵੇਖੇ ਜਾ ਸਕਦੇ ਹਨ।ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਲਾਰਵੇ ਦੀ ਭਾਲ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਨਗਰ ਕੌਂਸਲ ਦੀਆਂ ਟੀਮਾਂ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਾਰਵਾ ਪਾਏ ਜਾਣ ਦੌਰਾਨ ਫਤਿਹਚੱਕ ਰੋਡ ਵਿਖੇ ਇਕ ਫੈਕਟਰੀ ਦਾ ਚਲਾਨ ਵੀ ਕੀਤਾ ਗਿਆ।ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਪੀੜਤਾਂ ਦੇ ਘਰਾਂ ’ਚ ਜਾ ਸਾਫ਼-ਸਫ਼ਾਈ ਰੱਖਣ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ
ਜ਼ਿਲ੍ਹਾ ਮਾਈਕਰੋਬਾਈਲੋਜਿਸਟ ਅਫ਼ਸਰ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਬੀਮਾਰੀ ਦੇ ਸ਼ਿਕਾਰ ਮਰੀਜ਼ਾਂ ਨੂੰ ਆਪਣਾ ਇਲਾਜ ਮਾਹਿਰ ਡਾਕਟਰ ਪਾਸੋਂ ਕਰਵਾਉਣਾ ਚਾਹੀਦਾ ਹੈ ਨਾ ਕਿ ਖੁੱਦ ਹੀ ਇਲਾਜ ਕਰਨਾ ਚਾਹੀਦਾ ਹੈ।ਡੇਂਗੂ ਅਤੇ ਚਿਕਨਗੁਨੀਆਂ ਦੇ ਸ਼ਿਕਾਰ ਮਰੀਜ਼ਾਂ ਨੂੰ ਤੇਜ਼ ਬੁਖਾਰ ਹੋਣਾ, ਜੋੜ ਪੀੜ ਹੋਣਾ, ਉਲਟੀ ਆਉਣਾ, ਭੁੱਖ ਨਾ ਲੱਗਣਾ, ਸ਼ਰੀਰ ਕਮਜੋਰ ਪੈਣਾ, ਦਰਦਾਂ ਹੋਣੀਆਂ ਸ਼ੁਰੂ ਹੋ ਜਾਦੀਆਂ ਹਨ। ਇਸ ਦੌਰਾਨ ਮਰੀਜ਼ ਨੂੰ ਜਿੱਥੇ ਮਾਹਿਰ ਡਾਕਟਰ ਨਾਲ ਸੰਪਰਕ ਕਰਨ ਦੀ ਲੋੜ ਹੁੰਦੀ ਹੈ ਉੱਥੇ ਪੈਰਾਸੀਟਾਮੋਲ ਦਵਾਈ ਦਾ ਇਸਤੇਮਾਲ ਬੁਖਾਰ ਨੂੰ ਉਤਾਰਨ ਲਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਲੈਬਾਰਟਰੀ ਤੋਂ ਮੁਫ਼ਤ ਜਾਂਚ ਕਰਵਾਉਣ ਉਪਰੰਤ ਹੀ ਡੇਂਗੂ ਦੀ ਪੁੱਸ਼ਟੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਬਹੁਤ ਲੋੜ ਹੈ।
ਇਹ ਵੀ ਪੜ੍ਹੋ- ਬਟਾਲਾ ਵਿਖੇ ਫ਼ੈਕਟਰੀ ’ਚ ਕੰਮ ਕਰਦੀ ਔਰਤ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲੇ ਅੰਦਰ ਡੇਂਗੂ ਦੇ 75 ਅਤੇ ਚਿਕਨਗੁਨੀਆਂ ਦੇ ਕਰੀਬ 40 ਮਰੀਜ਼ਾਂ ਦੀ ਪੁੱਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਕਰਮਚਾਰੀ ਲੋਕਾਂ ਨੂੰ ਘਰ-ਘਰ ਜਾ ਜਾਗਰੂਕ ਕਰ ਰਹੇ ਹਨ ਅਤੇ ਨਗਰ ਕੌਂਸਲ ਦੀ ਸਾਂਝੀ ਟੀਮ ਵਲੋਂ ਮੁਹਿੰਮ ਸ਼ੁਰੂ ਕਰਦੇ ਹੋਏ ਡੇਂਗੂ ਮੱਛਰ ਦਾ ਲਾਰਵਾ ਮਿਲਣ ਤਹਿਤ ਚਲਾਨ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਸਾਰੇ ਦਫਤਰਾਂ ਅਤੇ ਘਰਾਂ ’ਚ ਕੂਲਰ, ਫਰਿੱਜਾਂ, ਗਮਲਿਆਂ ਆਦਿ ਨੂੰ ਚੈੱਕ ਕੀਤਾ ਜਾ ਰਿਹਾ ਹੈ।ਇਸ ਮੌਕੇ ਜ਼ਿਲੇ ਅੰਦਰ ਦਫਤਰਾਂ ਤੇ ਜਨਤਕ ਥਾਵਾਂ ਉੱਪਰ ਐਂਟੀ ਲਾਰਵਾ ਦਵਾਈ ਦਾ ਛਿਡ਼ਕਾਅ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਐਂਟੀ ਲਾਰਵਾ ਕੀਟਨਾਸ਼ਕ ਦਵਾਈ ਦਾ ਛਿਡ਼ਕਾਅ ਕਰਦੇ ਹੋਏ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡੇਂਗੂ, ਮਲੇਰੀਆ,ਚਿਕਨਗੁਨੀਆਂ ਆਦਿ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪਿੰਡ ਰਾਮਪੁਰ ਨਿਰੋਤਮਪੁਰ ਵਿਖੇ 42 ਸਾਲਾ ਵਿਅਕਤੀ ਦੇ ਮਲੇਰੀਆ ਪੀੜਤ ਪਾਏ ਜਾਣ ਤੋਂ ਬਾਅਦ ਸਮੂਹ ਪਰਿਵਾਰ ਦੇ ਖੂਨ ਸਬੰਧੀ ਸੈਂਪਲ ਲੈਂਦੇ ਹੋਏ ਆਸ ਪਾਸ ਐਂਟੀ ਲਾਰਵਾ ਸਪ੍ਰੇਅ ਕਰਵਾ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8