ਸਿਹਤ ਵਿਭਾਗ ਨੇ ਗੈਰ-ਕਾਨੂੰਨੀ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਪਰਦਾਫਾਸ਼, 50 ਨੌਜਵਾਨਾਂ ਨੂੰ ਛੁਡਾਇਆ

Sunday, Jan 07, 2024 - 04:15 PM (IST)

ਸਿਹਤ ਵਿਭਾਗ ਨੇ ਗੈਰ-ਕਾਨੂੰਨੀ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਪਰਦਾਫਾਸ਼, 50 ਨੌਜਵਾਨਾਂ ਨੂੰ ਛੁਡਾਇਆ

ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਨੇ ਰਈਆ ਨੇੜੇ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ‘ਨਿਊ-ਹੋਪ’ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਵਿਭਾਗ ਨੇ ਕੇਂਦਰ ਦੇ ਅੰਦਰ ਬੰਦ ਕੀਤੇ 50 ਦੇ ਕਰੀਬ ਵਿਅਕਤੀਆਂ ਨੂੰ ਛੁਡਾਇਆ ਹੈ, ਜਿਨ੍ਹਾਂ ’ਚੋਂ 20 ਦੇ ਕਰੀਬ ਨੌਜਵਾਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਕੇਂਦਰ ਦੇ ਸਾਰੇ ਰਿਕਾਰਡ ਦੀ ਜਾਂਚ ਕੀਤੀ ਗਈ, ਜੋ ਜਾਅਲੀ ਪਾਏ ਗਏ।

ਵਿਭਾਗ ਨੇ ਰਿਕਾਰਡ ਕਬਜ਼ੇ ’ਚ ਲੈ ਕੇ ਕੇਂਦਰ ਨੂੰ ਸੀਲ ਕਰ ਦਿੱਤਾ ਹੈ। ਸੈਂਟਰ ’ਚ ਦਾਖ਼ਲ ਜ਼ਿਆਦਾਤਰ ਨੌਜਵਾਨਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕੁੱਟਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਹੀ ਖਾਣਾ ਵੀ ਨਹੀਂ ਦਿੱਤਾ ਜਾਂਦਾ। ਵਿਭਾਗ ਨੇ ਪੁਲਸ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਡਰੱਗ ਸੈਂਟਰ ਮਾਲਕ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਈਆ ਨੇੜੇ ‘ਨਿਊ ਹੋਪ’ ਨਸ਼ਾ ਛੁਡਾਊ ਕੇਂਦਰ ਨਾਜਾਇਜ਼ ਤੌਰ ’ਤੇ ਚੱਲ ਰਿਹਾ ਹੈ। ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਤੁਰੰਤ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਰਤੀ ਧਵਨ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ। ਜਦੋਂ ਟੀਮ ਨੇ ਸੈਂਟਰ ’ਤੇ ਛਾਪਾ ਮਾਰਿਆ ਤਾਂ ਸ਼ੁਰੂਆਤ ਵਿਚ ਮੁੱਖ ਗੇਟ ਕਾਫੀ ਦੇਰ ਤੱਕ ਨਹੀਂ ਖੁੱਲ੍ਹਿਆ ਪਰ ਟੀਮ ਦੇ ਯਤਨਾਂ ਤੋਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਸਥਿਤੀ ਬਦ ਤੋਂ ਬਦਤਰ ਹੁੰਦੀ ਨਜ਼ਰ ਆਈ।

ਇਹ ਵੀ ਪੜ੍ਹੋ : ਗ੍ਰੰਥੀ ਸਿੰਘਾਂ ਤੇ ਰਾਗੀ ਜਥਿਆਂ ਲਈ ਡਰੈਸ ਕੋਡ ਲਾਗੂ, SGPC ਨੇ ਜਾਰੀ ਕੀਤਾ ਆਦੇਸ਼

ਟੀਮ ਨੇ ਉਨ੍ਹਾਂ ਨੂੰ ਦੱਸਿਆ ਕਿ ਕੇਂਦਰ ’ਚ ਨੌਜਵਾਨਾਂ ਦੇ ਬੈਠਣ ਲਈ ਲੋੜੀਂਦੀ ਜਗ੍ਹਾ ਨਹੀਂ ਸੀ ਅਤੇ ਬਹੁਤ ਸਾਰੇ ਨੌਜਵਾਨ ਇਕ ਕਮਰੇ ਵਿਚ ਬੰਦ ਹਨ। ਇਸ ਦੇ ਨਾਲ ਹੀ ਟਾਇਲਟ ਵੀ ਬਹੁਤ ਗੰਦੇ ਸੀ ਅਤੇ ਜਿੱਥੇ ਨੌਜਵਾਨਾਂ ਨੂੰ ਖਾਣਾ ਬਣਾਉਣ ਲਈ ਰਸੋਈ ਬਣਾਈ ਗਈ ਸੀ, ਉਹ ਵੀ ਬਹੁਤ ਗੰਦੀ ਸੀ। ਜਦੋਂ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਸਾਰੇ ਦਸਤਾਵੇਜ਼ ਜਾਅਲੀ ਪਾਏ ਗਏ। ਸਿਵਲ ਸਰਜਨ ਨੇ ਦੱਸਿਆ ਕਿ ਨੌਜਵਾਨਾਂ ਨੂੰ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਰੱਖਿਆ ਗਿਆ ਸੀ। ਸੈਂਟਰ ’ਚ ਪਾਏ ਗਏ 50 ਨੌਜਵਾਨਾਂ ’ਚੋਂ 20 ਦੇ ਕਰੀਬ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਸਵਾਮੀ ਵਿਵੇਕਾਨੰਦ ਸਰਕਾਰੀ ਨਸ਼ਾ ਛੁਡਾਉੂ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਸੀ, ਜਦੋਂ ਕਿ ਕੁਝ ਲੋਕ ਆਪਣੇ ਪਰਿਵਾਰਾਂ ਨਾਲ ਘਰ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਕੇਂਦਰ ਦੇ ਮਾਲਕ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਸ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

 ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ’ਚ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ’ਚ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਜੇਕਰ ਕੋਈ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਮੁਕਤ ਕਰਵਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਕਰਵਾਇਆ ਜਾਵੇ, ਜਿੱਥੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਠੰਡ 'ਤੇ ਭਾਰੀ ਆਸਥਾ! ਧੁੰਦ 'ਚ ਘਿਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ, ਮਨਮੋਹਕ ਤਸਵੀਰਾਂ

ਜਾਂਚ ਕਰਨ ਵਾਲੀ ਟੀਮ ਨੂੰ ਕੈਦ ਨੌਜਵਾਨਾਂ ਨੇ ਕਿਹਾ : ਸ਼ੁੱਕਰ ਹੈ ਤੁਸੀਂ ਆਏ, ਸਾਨੂੰ ਆਜ਼ਾਦ ਕਰਵਾਇਆ

ਜਾਂਚ ਟੀਮ ਦੇ ਅਧਿਕਾਰੀ ਡਾ. ਭਾਰਤੀ ਧਵਨ ਨੇ ਕਿਹਾ ਕਿ ਕੇਂਦਰ ਦੀ ਸਥਿਤੀ ਬਹੁਤ ਖ਼ਰਾਬ ਹੈ। ਨੌਜਵਾਨਾਂ ਨੂੰ ਕਮਰੇ ’ਚ ਬੁਰੀ ਤਰ੍ਹਾਂ ਬੰਦ ਰੱਖਿਆ ਗਿਆ ਸੀ। ਜਦੋਂ ਬਹੁਤੇ ਨੌਜਵਾਨਾਂ ਨੇ ਟੀਮ ਨੂੰ ਦੇਖਿਆ ਤਾਂ ਕਿਹਾ, ਸ਼ੁੱਕਰ ਹੈ ਤੁਹਾਡਾ ਤੁਸੀਂ ਆਏ ਤੇ ਸਾਨੂੰ ਆਜ਼ਾਦ ਕਰਵਾਇਆ। ਨੌਜਵਾਨਾਂ ਨੇ ਟੀਮ ਨੂੰ ਦੱਸਿਆ ਕਿ ਉਨ੍ਹਾਂ ਦੀ ਕੁੱਟਮਾਰ ਅਤੇ ਉਨ੍ਹਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ। ਡਾ. ਭਾਰਤੀ ਨੇ ਦੱਸਿਆ ਕਿ ਜਦੋਂ ਟੀਮ ਨੇ ਜਾਂਚ ਕੀਤੀ ਤਾਂ ਦੇਖਿਆ ਕਿ ਕੁਝ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਸਨ ਅਤੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਨੂੰ ਹਿਪਨੋਟਾਈਜ਼ ਕੀਤਾ ਗਿਆ ਹੋਵੇ, ਕਈ ਲੋਕਾਂ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ ਸੀ। ਇਸ ਸਬੰਧੀ ਸਾਰੀ ਜਾਣਕਾਰੀ ਸਿਵਲ ਸਰਜਨ ਨੂੰ ਦੇ ਦਿੱਤੀ ਗਈ ਹੈ। ਜਾਂਚ ’ਚ ਪਾਇਆ ਗਿਆ ਕਿ ਸੈਂਟਰ ਦੇ ਸਾਰੇ ਦਸਤਾਵੇਜ਼ ਜਾਅਲੀ ਸਨ ਅਤੇ ਇਹ ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ।

ਇਲਾਕੇ ’ਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਕੇਂਦਰਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼

ਨਾਜਾਇਜ਼ ਤੌਰ ’ਤੇ ਚੱਲ ਰਹੇ ਨਿਊ ਹੋਪ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਿਵਲ ਸਰਜਨ ਡਾ. ਵਿਜੇ ਕੁਮਾਰ ਹਰਕਤ ਵਿਚ ਆ ਗਏ ਹਨ।  ਸਿਵਲ ਸਰਜਨ ਨੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਆਪਣੀਆਂ ਟੀਮਾਂ ਨੂੰ ਸਰਗਰਮ ਕਰਨ ਅਤੇ ਇਹ ਪਤਾ ਲਾਉਣ ਕਿ ਕੀ ਉਨ੍ਹਾਂ ਦੇ ਇਲਾਕੇ ’ਚ ਕੋਈ ਨਸ਼ਾ ਛੁਡਾਊ ਕੇਂਦਰ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਹਨ ਹੈ। ਜੇਕਰ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਿਵਲ ਸਰਜਨ ਦਫ਼ਤਰ ’ਚ ਰਿਪੋਰਟ ਦਰਜ ਕਰਵਾਈ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਿਹਤ ਵਿਭਾਗ ਨਿਯਮਾਂ ਅਨੁਸਾਰ ਕਾਰਵਾਈ ਕਰ ਰਿਹਾ ਹੈ। ਉਕਤ ਮਾਮਲੇ ਦੀ ਰਿਪੋਰਟ ਡਿਪਟੀ ਕਮਿਸ਼ਨਰ ਅਤੇ ਦਿਹਾਤੀ ਪੁਲਸ ਮੁਖੀ ਨੂੰ ਵੀ ਭੇਜ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਗੁਰੂ ਨਗਰੀ ’ਚ ਸੀਤ ਲਹਿਰ ਦਾ ਕਹਿਰ, ਠੰਡ ਨੇ ਤੋੜਿਆ ਕਈ ਸਾਲਾਂ ਦਾ ਰਿਕਾਰਡ, ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ

ਨਿਯਮਾਂ ਅਨੁਸਾਰ ਸੈਂਟਰ ਖੋਲ੍ਹਣਾ ਹੈ ਤਾਂ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਟੀਮ ਦਿੰਦੀ ਹੈ ਮਨਜ਼ੂਰੀ

ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਿਯਮਾਂ ਅਨੁਸਾਰ ਨਸ਼ਾ ਛੁਡਾਊ ਕੇਂਦਰ ਖੋਲ੍ਹਣਾ ਚਾਹੁੰਦਾ ਹੈ ਤਾਂ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਟੀਮ ਇਸ ਦੀ ਪ੍ਰਵਾਨਗੀ ਦਿੰਦੀ ਹੈ। ਟੀਮ ਨਿਰਧਾਰਤ ਸਥਾਨ ’ਤੇ ਜਾ ਕੇ ਹਰ ਵਿਸ਼ੇ ਦੀ ਹਰ ਪਹਿਲੂ ਤੋਂ ਜਾਂਚ ਕਰਦੀ ਹੈ ਅਤੇ ਤਕਨੀਕੀ ਨੁਕਤੇ ਵੀ ਵੇਖੇ ਜਾਂਦੇ ਹਨ। ਜੇਕਰ ਸਾਰੇ ਹਾਲਾਤ ਅਨੁਕੂਲ ਹੋਣ ਤਾਂ ਪ੍ਰਵਾਨਗੀ ਦਿੱਤੀ ਜਾਂਦੀ ਹੈ। ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕੋਈ ਸੈਂਟਰ ਖੋਲ੍ਹਣਾ ਚਾਹੁੰਦਾ ਹੈ ਤਾਂ ਉਹ ਨਿਯਮਾਂ ਅਨੁਸਾਰ ਵਿਭਾਗ ਨੂੰ ਦਸਤਾਵੇਜ਼ ਜਮ੍ਹਾ ਕਰਵਾਏ ਅਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਟੀਮ ਇਹ ਦੇਖੇਗੀ ਕਿ ਜੇਕਰ ਸਾਰੇ ਮਾਪਦੰਡ ਪੂਰੇ ਹੁੰਦੇ ਹਨ ਤਾਂ ਮਨਜ਼ੂਰੀ ਦਿੱਤੀ ਜਾਵੇਗੀ।

ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ’ਚ ਨੌਜਵਾਨਾਂ ਦਾ ਹੁੰਦੈ ਸ਼ੋਸ਼ਣ

ਨਸ਼ਾ ਵਿਰੋਧੀ ਲਹਿਰ ਦੇ ਮੁੱਖ ਸੰਸਥਾਪਕ ਪੂਰਨ ਸਿੰਘ ਸੰਧੂ ਰਣੀਕੇ ਨੇ ਕਿਹਾ ਕਿ ਗੈਰ-ਕਾਨੂੰਨੀ ਤੌਰ ’ਤੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ’ਚ ਨੌਜਵਾਨਾਂ ਦਾ ਸ਼ੋਸ਼ਣ ਹੁੰਦਾ ਹੈ। ਨੌਜਵਾਨਾਂ ਨੂੰ ਨਾ ਤਾਂ ਸਹੀ ਖਾਣਾ ਦਿੱਤਾ ਜਾਂਦਾ ਹੈ ਅਤੇ ਨਾ ਹੀ ਨਸ਼ਾ ਛੁਡਾਉਣ ਲਈ ਕੋਈ ਦਵਾਈ ਸਹੀ ਢੰਗ ਨਾਲ ਦਿੱਤੀ ਜਾਂਦੀ ਹੈ। ਜ਼ਿਆਦਾਤਰ ਕੇਂਦਰਾਂ ’ਚ ਨੌਜਵਾਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਮੋਟੀਆਂ ਰਕਮਾਂ ਲੈਣ ਦੇ ਬਾਵਜੂਦ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੂੰ ਸੂਬੇ ’ਚ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਖ਼ਿਲਾਫ਼ ਮੁਹਿੰਮ ਛੇੜਨੀ ਚਾਹੀਦੀ ਹੈ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਅੰਮ੍ਰਿਤਸਰ ਜ਼ਿਲੇ ਦੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਦੀ ਦਲਦਲ ’ਚ ਫਸੇ ਨੌਜਵਾਨਾਂ ਦਾ ਸਰਕਾਰੀ ਪੱਧਰ ’ਤੇ ਇਲਾਜ ਕਰਵਾਇਆ ਜਾਵੇ ਅਤੇ ਜਾਂਚ ਕਰਨ ਵਾਲੀ ਸਿਹਤ ਵਿਭਾਗ ਦੀ ਟੀਮ ਦੇ ਅਧਿਕਾਰੀਆਂ ਨੂੰ ਵਿਸ਼ੇਸ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News