ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ, 82 ਹਜ਼ਾਰ ਲਿਟਰ ਲਾਹਣ-ਨਾਜਾਇਜ਼ ਸ਼ਰਾਬ ਸਮੇਤ ਹੋਰ ਸਾਮਾਨ ਬਰਾਮਦ
Friday, Nov 25, 2022 - 12:16 PM (IST)
ਤਰਨ ਤਾਰਨ (ਰਮਨ)- ਨਾਜਾਇਜ਼ ਸ਼ਰਾਬ ਖ਼ਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਕਪੂਰਥਲਾ ਅਤੇ ਤਰਨ ਤਾਰਨ ਦੀ ਸਾਂਝੀ ਅਕਸਾਈਜ ਟੀਮਾਂ ਵੱਲੋਂ ਛਾਪੇਮਾਰੀ ਕਰਦੇ ਹੋਏ 82 ਹਜ਼ਾਰ ਲੀਟਰ ਲਾਹਣ, 2250 ਲੀਟਰ ਨਜਾਇਜ਼ ਸ਼ਰਾਬ, 4 ਚਾਲੂ ਭੱਠੀ, 17 ਡਰੰਮ ਪਲਾਸਟਿਕ ਅਤੇ 4 ਲੋਹੇ ਵਾਲੇ ਵੱਡੇ ਡਰੰਮ ਸਮੇਤ ਹੋਰ ਸਮਾਨ ਬਰਾਮਦ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਟੀਮ ਵੱਲੋਂ ਅਪਰੇਸ਼ਨ ਦੌਰਾਨ ਇਲਾਕੇ ’ਚ ਬਰੀਕੀ ਨਾਲ ਤਲਾਸ਼ੀ ਅਭਿਆਨ ਚਲਾਇਆ ਗਿਆ ।
ਇਹ ਵੀ ਪੜ੍ਹੋ- ਸੁਧੀਰ ਸੂਰੀ ਕਤਲ ਮਾਮਲੇ ਨੂੰ ਨਾ ਦਿੱਤੀ ਜਾਵੇ ਹਿੰਦੂ-ਸਿੱਖ ਰੰਗਤ - ਬਿਕਰਮ ਮਜੀਠੀਆ
ਜਾਣਕਾਰੀ ਦਿੰਦੇ ਹੋਏ ਅਕਸਾਈਜ ਵਿਭਾਗ ਤਰਨਤਾਰਨ ਦੇ ਈ.ਟੀ.ਓ ਨਵਜੋਤ ਭਾਰਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਪ ਕਮਿਸ਼ਨਰ ਜਲੰਧਰ ਜੋਨ ਰਾਜਪਾਲ ਸਿੰਘ ਖਹਿਰਾ, ਸਹਾਇਕ ਕਮਿਸ਼ਨਰ ਆਬਕਾਰੀ ਕਪੂਰਥਲਾ ਇੰਦਰਜੀਤ ਸਿੰਘ ਨਾਗਪਾਲ ਅਤੇ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਰੇਂਜ ਨਵਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਵਿਚ ਜ਼ਿਲ੍ਹਾ ਕਪੂਰਥਲਾ ਦੇ ਅਨਿਲ ਕੁਮਾਰ, ਭੁਪਿੰਦਰ ਸਿੰਘ, ਰਾਜ ਬਹਾਦੁਰ ਸਿੰਘ, ਕੁਲਵੰਤ ਸਿੰਘ ਤੋਂ ਇਲਾਵਾ ਇੰਸਪੈਕਟਰ ਜਤਿੰਦਰ ਸਿੰਘ ਤਰਨ ਤਾਰਨ ਵੱਲੋਂ ਵੀਰਵਾਰ ਸਵੇਰੇ ਦਰਿਆ ਬਿਆਸ ਨਜ਼ਦੀਕ ਵੱਖ-ਵੱਖ ਇਲਾਕਿਆਂ ਜਿਨ੍ਹਾਂ ’ਚ ਮੰਡ, ਪਿੰਡ ਗਗੜੇਵਾਲ ਅਤੇ ਗੋਇੰਦਵਾਲ ਸਾਹਿਬ ਤੋਂ ਇਲਾਵਾ ਹੋਰ ਇਲਾਕਿਆਂ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ।
ਇਹ ਵੀ ਪੜ੍ਹੋ- ਨਸ਼ੀਲੀਆਂ ਗੋਲੀਆਂ ਅਤੇ ਨਕਦੀ ਸਮੇਤ ਪੁਲਸ ਨੇ 4 ਨੂੰ ਕੀਤਾ ਗ੍ਰਿਫ਼ਤਾਰ, ਮਾਮਲਾ ਦਰਜ
ਇਸ ਦੇ ਤਹਿਤ ਪਿੰਡ ਗਗੜੇਵਾਲ ਵਿਖੇ ਟੀਮ ਵੱਲੋਂ 14 ਤਰਪਾਲਾਂ ਵਿੱਚ ਪਈ 82 ਹਜ਼ਾਰ ਲੀਟਰ ਲਾਹਣ, 2250 ਲੀਟਰ ਨਜਾਇਜ਼ ਸ਼ਰਾਬ, 4 ਚਾਲੂ ਭੱਠੀ, 17 ਡਰੰਮ ਪਲਾਸਟਿਕ ਅਤੇ 4 ਲੋਹੇ ਵਾਲੇ ਵੱਡੇ ਡਰੰਮ ਬਰਾਮਦ ਕੀਤੇ ਗਏ । ਨਵਜੋਤ ਭਾਰਤੀ ਨੂੰ ਦੱਸਿਆ ਕਿ ਬਰਾਮਦ ਕੀਤੀ ਗਈ ਲਾਹਨ ਨੂੰ ਮੌਕੇ ਤੇ ਸੁੱਕੀ ਜਗ੍ਹਾ ਉਪਰ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਭਵਿੱਖ ’ਚ ਜਾਰੀ ਰਹੇਗੀ ।