ਜ਼ਿਲ੍ਹਾ ਟ੍ਰੈਫ਼ਿਕ ਪੁਲਸ ਨੇ ਸਾਲ ਭਰ ’ਚ 6499 ਚਲਾਨਾਂ ਰਾਹੀਂ ਵਸੂਲਿਆ 61 ਲੱਖ ਰੁਪਏ ਦਾ ਜੁਰਮਾਨਾ
Friday, Dec 30, 2022 - 12:57 PM (IST)
ਤਰਨਤਾਰਨ (ਰਮਨ)- ਰੋਜ਼ਾਨਾ ਵੱਧ ਰਹੀਆਂ ਸੜਕੀ ਦੁਰਘਟਨਾਵਾਂ ’ਚ ਕਮੀ ਲਿਆਉਣ ਦੇ ਮਕਸਦ ਨਾਲ ਜ਼ਿਲ੍ਹੇ ਭਰ ’ਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਟ੍ਰੈਫ਼ਿਕ ਪੁਲਸ ਵਲੋਂ ਸਖ਼ਤੀ ਵਰਤੀ ਜਾ ਰਹੀ ਹੈ, ਜਿਸ ਤਹਿਤ ਟ੍ਰੈਫ਼ਿਕ ਪੁਲਸ ਵਲੋਂ ਸਾਲ ਭਰ ’ਚ ਕੀਤੇ ਗਏ 6499 ਚਲਾਨਾਂ ਤਹਿਤ ਕੁੱਲ 61 ਲੱਖ 51 ਹਜ਼ਾਰ 500 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਜਾ ਚੁੱਕਾ ਹੈ। ਜ਼ਿਲ੍ਹੇ ਭਰ ’ਚ ਟ੍ਰੈਫ਼ਿਕ ਪੁਲਸ ਵਲੋਂ ਜਿੱਥੇ ਟ੍ਰਿੱਪਲ ਰਾਈਡਿੰਗ ਦੇ 1225 ਚਲਾਨ ਕੀਤੇ ਗਏ ਉੱਥੇ ਰੌਂਗ ਪਾਰਕਿੰਗ ਦੇ 1088 ਅਤੇ ਬਿਨਾਂ ਨੰਬਰ ਪਲੇਟ 1171 ਚਲਾਨ ਕੀਤੇ ਗਏ। ਜ਼ਿਕਰਯੋਗ ਹੈ ਕਿ ਟ੍ਰੈਫ਼ਿਕ ਪੁਲਸ ਦੇ ਮੁਲਾਜ਼ਮ ਹਾਈਟੇਕ ਦਫ਼ਤਰ ਅਤੇ ਛੋਟੀ ਟੋਅ ਵੈਨ ਦੀ ਉਡੀਕ ’ਚ ਨਜ਼ਰ ਆ ਰਹੇ ਹਨ।
ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੀਤੇ ਚਲਾਨ- ਟ੍ਰੈਫ਼ਿਕ ਪੁਲਸ ਵਲੋਂ ਜ਼ਿਲ੍ਹੇ ਭਰ ’ਚ ਜਨਵਰੀ ਤੋਂ ਹੁਣ ਤੱਕ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੁੱਲ 6499 ਚਲਾਨ ਕੀਤੇ ਗਏ। ਇਨ੍ਹਾਂ ’ਚ ਬਿਨਾਂ ਡਰਾਈਵਿੰਗ ਲਾਈਸੈਂਸ 397, ਗਲਤ ਪਾਰਕਿੰਗ 1088, ਤਿੰਨ ਸਵਾਰੀਆਂ 1225, ਬਿਨਾਂ ਬੀਮਾ 411, ਬਿਨਾਂ ਹੈਲਮੈਟ 761, ਬਿਨਾਂ ਨੰਬਰ ਪਲੇਟ 1171, ਬਿਨਾਂ ਪ੍ਰਦੂਸ਼ਣ 440, ਕਾਲੀ ਫ਼ਿਲਮ 28, ਬਿਨਾਂ ਸੀਟ ਬੈੱਲਟ 352, ਓਵਰ ਲੋਡ 17, ਤੇਜ਼ ਰਫ਼ਤਾਰ 141, ਲਾਲ ਬੱਤੀ ਦੀ ਉਲੰਘਣਾ 2, ਮਾੜਾ ਵਰਤਾਓ ਅਤੇ ਹੋਰ ਜੁਰਮ 42, ਪਟਾਕੇ ਮਾਰਨਾ 33, ਸ਼ਰਾਬ ਪੀ ਕੇ ਵਾਹਨ ਚਲਾਉਣਾ 2, ਮੋਬਾਇਲ ਫੋਨ ਦੀ ਵਰਤੋਂ ਕਰਨਾ 62, ਐੱਮ. ਵੀ. ਐੱਕਟ 207 ਤਹਿਤ ਬੰਦ ਕੀਤੇ 317, ਭਾਰ ਢੋਹਣ ਵਾਲੇ ਵਾਹਨਾਂ ’ਤੇ ਸਵਾਰੀਆਂ ਬਿਠਾਉਣ ਵਾਲਿਆਂ ਦੇ 10 ਚਲਾਨ ਸ਼ਾਮਲ ਹਨ।
ਲੋਕ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ-
ਐੱਸ. ਪੀ. ਟ੍ਰੈਫ਼ਿਕ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਟ੍ਰੈਫ਼ਿਕ ਨਿਯਮਾਂ ਸਬੰਧੀ ਨੋਟੀਫਿਕੇਸ਼ਨ ਨੂੰ ਲਾਗੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਟ੍ਰੈਫ਼ਿਕ ਐਜੂਕੇਸ਼ਨ ਸੈਲ ਤਾਇਨਾਤ ਕੀਤਾ ਗਿਆ ਹੈ। ਧੁੰਦ ਦੌਰਾਨ ਵਾਹਨਾਂ ਪਿੱਛੇ ਰਿਫ਼ਲੈਟਰ ਲਗਾਏ ਜਾ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਲੋਕ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ ਅਤੇ ਬੱਚਿਆਂ ਨੂੰ ਵਾਹਨ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਉਮਰ ਦਾ ਜ਼ਰੂਰ ਖਿਆਲ ਕਰਨ। ਉਨ੍ਹਾਂ ਕਿਹਾ ਕਿ ਦਫ਼ਤਰ ਨੂੰ ਜਲਦ ਜ਼ਰੂਰੀ ਸਮਾਨ ਮੁਹੱਈਆ ਕਰਵਾ ਦਿੱਤਾ ਜਾਵੇਗਾ ਅਤੇ ਵਿਭਾਗ ਨੂੰ ਟੋਅ ਵੈਨ ਦੀ ਲੋੜ ਸਬੰਧੀ ਲਿਖਤੀ ਰੂਪ ਵਿਚ ਭੇਜਿਆ ਜਾ ਚੁੱਕਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।