ਗੋਲੀਆਂ ਚਲਾ ਕੇ 16.50 ਲੱਖ ਦੀ ਲੁੱਟ ਦਾ ਮਾਮਲਾ, ਪੁਲਸ ਟੀਮਾਂ ਕਰ ਰਹੀਆਂ ਹਰ ਮਾਮਲੇ ਦੀ ਜਾਂਚ

Saturday, Dec 30, 2023 - 04:42 PM (IST)

ਅੰਮ੍ਰਿਤਸਰ (ਜਸ਼ਨ)- ਮਜੀਠਾ ਰੋਡ ਸਥਿਤ ਹੋਟਲ ਜੇ. ਕੇ. ਕਲਾਸਿਕ ਵਿਚ ਗੋਲੀਆਂ ਚਲਾ ਕੇ 16.50 ਲੱਖ ਰੁਪਏ ਲੁੱਟ ਦੇ ਮਾਮਲੇ ਦੀ ਖੁਦ ਕਮਾਂਡ ਸੰਭਾਲ ਰਹੇ ਪੁਲਸ ਅਧਿਕਾਰੀ ਏ. ਸੀ. ਪੀ. ਨਾਰਥ ਵਰਿੰਦਰ ਸਿੰਘ ਖੋਸਾ ਜਲਦ ਹੀ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਨ ਜਾ ਰਹੇ ਹਨ। ਉਹ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਗੰਭੀਰ ਹਨ ਅਤੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਤੌਰ ’ਤੇ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਹੈ ਅਤੇ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਨਾਲ-ਨਾਲ ਉਨ੍ਹਾਂ ਤੋਂ ਹਰ ਪਲ ਦੀ ਜਾਣਕਾਰੀ ਲੈ ਰਹੇ ਹਨ, ਤਾਂ ਜੋ ਇਸ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਜਰਮਨ ਦਾ ਵਿਅਕਤੀ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸਾਈਕਲ 'ਤੇ ਕੀਤਾ ਤੈਅ

ਵਰਨਣਯੋਗ ਹੈ ਕਿ ਇਸ ਲੁੱਟ-ਖੋਹ ਦੇ ਮਾਮਲੇ ਵਿਚ ਪੁਲਸ ਨੇ ਹਰ ਪਹਿਲੂ ਤੋਂ ਜਾਂਚ ਕੀਤੀ ਅਤੇ ਸਿਰਫ਼ 24 ਘੰਟਿਆਂ ਵਿਚ ਹੀ ਲੁੱਟ ਦੀ ਵਾਰਦਾਤ ਕਰਨ ਵਾਲੇ ਮੁੱਖ ਮੁਲਜ਼ਮ ਰਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਇਸ ਪੂਰੇ ਮਾਮਲੇ ਵਿਚ ਪੈਸਿਆਂ ਦੀ ਡੀਲ ਕਰਨ ਵਾਲੇ ਇਕ ਏਜੰਟ ਪਰਵਿੰਦਰ ਸਿੰਘ ਨੂੰ ਵੀ ਪੁਲਸ ਨੇ ਨਕੋਦਰ ਤੋਂ ਕਾਬੂ ਕੀਤਾ ਹੈ। ਮੁਲਜ਼ਮ ਪਰਵਿੰਦਰ ਸਿੰਘ ਨੇ ਦੋਵਾਂ ਧਿਰਾਂ ਦੀ ਜਾਣ-ਪਛਾਣ ਕਰਵਾ ਕੇ ਦੋ ਵਿਅਕਤੀਆਂ ਨੂੰ ਆਸਟ੍ਰੇਲੀਆ ਭੇਜਣ ਲਈ ਆਪਸ ਵਿਚ ਸੌਦਾ ਤੈਅ ਕਰਵਾਇਆ ਸੀ। ਇਨ੍ਹਾਂ ਵਿਚ ਇਕ ਧਿਰ ਦੁਬਈ ਵਾਸੀ ਜਤਿੰਦਰ ਅਤੇ ਦੂਜੀ ਧਿਰ ਸ਼ਿਕਾਇਤਕਰਤਾ ਰੋਹਿਤ ਸਿੰਘ ਸੀ। ਮੰਨਿਆ ਜਾ ਰਿਹਾ ਹੈ ਕਿ ਪੁਲਸ ਇਸ ਮਾਮਲੇ ਦੌਰਾਨ ਮੁਲਜ਼ਮਾਂ ਦੇ ਸੰਪਰਕ ਵਿਚ ਰਹੇ ਕਈ ਏਜੰਟਾਂ ਦੀ ਵੀ ਜਾਂਚ ਕਰ ਰਹੀ ਹੈ। ਇਸ ਸਬੰਧੀ ਪੁਲਸ ਦੀਆਂ ਵੱਖ-ਵੱਖ ਟੀਮਾਂ ਕੰਮ ਵਿਚ ਜੁਟੀਆਂ ਹੋਈਆਂ ਹਨ ਅਤੇ ਕਈ ਥਾਵਾਂ ’ਤੇ ਜਾ ਕੇ ਉਥੋਂ ਦੀ ਪੁਲਸ ਨੂੰ ਨਾਲ ਲੈ ਕੇ ਕੁਝ ਲੋਕਾਂ ਤੋਂ ਪੁੱਛਗਿੱਛ ਵੀ ਕਰ ਰਹੀ ਹੈ।

ਪਹਿਲਾਂ ਇਹ ਸਾਰਾ ਮਾਮਲਾ ਲੁੱਟ-ਖੋਹ ’ਤੇ ਹੀ ਕੇਂਦਰਿਤ ਸੀ ਪਰ ਜਦੋਂ ਇਸ ਮਾਮਲੇ ਦੀ ਕਮਾਂਡ ਸੰਭਾਲ ਰਹੇ ਏ. ਸੀ. ਪੀ. ਵਰਿੰਦਰ ਸਿੰਘ ਖੋਸਾ ਨੇ ਖੁਦ ਇਸ ਪੂਰੇ ਮਾਮਲੇ ਨੂੰ ਬਾਰੀਕੀ ਖੰਗਾਲਿਆ ਤਾਂ ਇਹ ਸਾਰਾ ਮਾਮਲਾ ਕਾਫ਼ੀ ਹਾਈ ਪ੍ਰੋਫ਼ਾਈਲ ਨਿਕਲਿਆ ਅਤੇ ਇਹ ਗੱਲ ਪੂਰੀ ਤਰ੍ਹਾਂ ਤੈਅ ਮੰਨੀ ਜਾ ਰਹੀ ਹੈ ਕਿ ਪੁਲਸ ਜਲਦ ਹੀ ਇਸ ਮਾਮਲੇ ਸਬੰਧੀ ਕੋਈ ਵੱਡਾ ਖੁਲਾਸਾ ਕਰੇਗੀ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਰਵਿੰਦਰ ਸਿੰਘ ਦੇ ਬਾਕੀ ਤਿੰਨ ਸਾਥੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਪੁਲਸ ਉਨ੍ਹਾਂ ਤੱਕ ਵੀ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਪੁਲਸ ਦੁਬਈ ਵਿਚ ਰਹਿ ਰਹੇ ਜਤਿੰਦਰ ਸਿੰਘ ’ਤੇ ਵੀ ਹਾਈਟੈੱਕ ਤਰੀਕੇ ਨਾਲ ਨਜ਼ਰ ਰੱਖ ਰਹੀ ਹੈ।

ਇਹ ਵੀ ਪੜ੍ਹੋ : ਦੁਬਈ ਤੋਂ ਆਏ ਯਾਤਰੀ ਕੋਲੋਂ 67 ਲੱਖ ਦਾ ਸੋਨਾ ਜ਼ਬਤ, ਕਸਟਮ ਵਿਭਾਗ ਨੇ ਕੀਤਾ ਗ੍ਰਿਫ਼ਤਾਰ

ਦੱਸਣਯੋਗ ਹੈ ਕਿ ਦੁਬਈ ਦਾ ਰਹਿਣ ਵਾਲਾ ਜਤਿੰਦਰ ਸਿੰਘ ਉਹੀ ਵਿਅਕਤੀ ਸੀ, ਜਿਸ ਨੇ ਦੋ ਵਿਅਕਤੀਆਂ ਨੂੰ ਆਸਟ੍ਰੇਲੀਆ ਭੇਜਣ ਦੇ ਬਦਲੇ ਗਗਨਦੀਪ ਅਤੇ ਰੋਹਿਤ ਨਾਲ 25 ਲੱਖ ਰੁਪਏ ਦੀ ਡੀਲ ਕੀਤੀ ਸੀ ਅਤੇ ਪੈਸੇ ਲੈਣ ਦੇ ਬਦਲੇ ਉਸ ਨੇ ਆਪਣੇ ਭਰਾ ਰਵਿੰਦਰ ਨੂੰ ਮਜੀਠਾ ਰੋਡ ਸਥਿਤ ਹੋਟਲ ਜੇ. ਕਲਾਸਿਕ ਵਿਚ ਭੇਜਿਆ ਗਿਆ। ਪੁਲਸ ਨੇ ਉਹ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ ਜਿਸ ’ਤੇ ਮੁਲਜ਼ਮ ਰਵਿੰਦਰ ਵਾਰਦਾਤ ਵਾਲੀ ਥਾਂ ’ਤੇ ਪਹੁੰਚਿਆ ਸੀ।

ਕੀ ਸੀ ਮਾਮਲਾ

ਪੀੜਤ ਨੌਜਵਾਨ ਗਗਨਦੀਪ ਕੁਮਾਰ ਵਾਸੀ ਫਰੀਦਕੋਟ ਅਤੇ ਰੋਹਿਤ ਸਿੰਘ ਵਾਸੀ ਉੱਤਰਾਖੰਡ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਮੋਹਾਲੀ ਵਿਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ ਅਤੇ ਦੋ ਦਿਨਾਂ ਤੋਂ ਕਿਰਾਏ ’ਤੇ ਉਕਤ ਹੋਟਲ ਵਿਚ ਰਹਿ ਰਹੇ ਸਨ। ਉਸ ਨੇ ਦੁਬਈ ਦੇ ਰਹਿਣ ਵਾਲੇ ਜਤਿੰਦਰ ਸਿੰਘ ਕੋਲ ਦੋ ਨੌਜਵਾਨਾਂ ਨੂੰ ਆਸਟ੍ਰੇਲੀਆ ਭੇਜਣ ਦੀ ਡੀਲ ਕੀਤੀ ਸੀ, ਜਿਸ ਨੇ ਆਪਣੇ ਭਰਾ ਰਵਿੰਦਰ ਨੂੰ ਪੈਸੇ ਲੈਣ ਲਈ ਹੋਟਲ ਭੇਜਿਆ ਸੀ। ਫਿਰ ਵਾਰਦਾਤ ਵਾਲੇ ਦਿਨ ਸਭ ਤੋਂ ਪਹਿਲਾਂ ਮੁਲਜ਼ਮ ਰਵਿੰਦਰ ਉਰਫ ਰਿੱਕੀ ਹੋਟਲ ਦੇ ਉਕਤ ਕਮਰੇ ਵਿਚ ਆਇਆ ਅਤੇ ਫਿਰ ਕੁਝ ਸਮੇਂ ਬਾਅਦ ਉਸ ਦੇ ਤਿੰਨ ਹੋਰ ਸਾਥੀ ਵੀ ਆ ਗਏ। ਇਸ ਤੋਂ ਬਾਅਦ ਸਾਰਿਆਂ ਨੇ ਪਹਿਲਾਂ ਉਕਤ ਕਮਰੇ ਵਿਚ 16.50 ਲੱਖ ਰੁਪਏ ਦੇ ਨੋਟ ਗਿਣੇ ਅਤੇ ਫਿਰ ਚਾਰੇ ਮੁਲਜ਼ਮਾਂ ਨੇ ਪਿਸਤੌਲ ਦੇ ਬੱਟ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਬਾਥਰੂਮ ਵਿਚ ਬੰਦ ਕਰ ਦਿੱਤਾ। ਰੌਲਾ ਪੈਣ ’ਤੇ ਜਦੋਂ ਹੋਟਲ ਦੇ ਦੋ ਸਟਾਫ਼ ਅਤੇ ਹੋਟਲ ਮੈਨੇਜਰ ਮਨਰੂਪ ਸਿੰਘ ਮੁਲਜ਼ਮਾਂ ਨੂੰ ਫੜਨ ਲਈ ਭੱਜੇ ਤਾਂ ਇੱਕ ਮੁਲਜ਼ਮ ਨੇ ਮਨਰੂਪ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਮਨਰੂਪ ਸਿੰਘ ਵਾਸੀ ਨਵੀ ਅਬਾਦੀ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਮਾਲਕਣ ਕੁੜੀ ਨਾਲ 2 ਸਾਲਾਂ ਤੋਂ ਢਾਉਂਦੀ ਰਹੀ ਤਸ਼ੱਦਦ, ਹੈਰਾਨ ਕਰੇਗਾ ਪੂਰਾ ਮਾਮਲਾ

ਕਿਹੜੀਆਂ ਧਾਰਾਵਾਂ ਲਗਾਈਆਂ ਪੁਲਸ ਨੇ

ਇਸ ਮਾਮਲੇ ਸਬੰਧੀ ਥਾਣਾ ਮਜੀਠਾ ਰੋਡ ਦੀ ਪੁਲਸ ਨੇ ਰੋਹਿਤ ਸਿੰਘ ਵਾਸੀ ਉਤਰਾਖੰਡ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਸੀ, ਜਿਸ ਸਬੰਧੀ ਫਿਲਹਾਲ ਚਾਰ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਦੁਬਈ ਨਿਵਾਸੀ ਦਾ ਭਰਾ ਰਵਿੰਦਰ (ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ) ਅਤੇ ਉਸ ਦੇ ਤਿੰਨ ਹੋਰ ਸਾਥੀ ਸ਼ਾਮਲ ਹਨ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 25-54-59 ਦੇ ਨਾਲ-ਨਾਲ ਲੁੱਟ-ਖੋਹ ਦੀਆਂ ਧਾਰਾਵਾਂ 379-ਬੀ (2), 397,120-ਬੀ ਵੀ ਲਗਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News