ਪਰਾਲੀ ਸਾੜਨ ਨੂੰ ਲੈ ਕੇ ਪ੍ਰਸ਼ਾਸਨ ਸਖ਼ਤ, ਨੰਬਰਦਾਰਾਂ ਨੂੰ ਦਿੱਤੀਆਂ ਹਦਾਇਤਾਂ, ਹੁਣ ਤੱਕ ਅੱਗ ਦੇ 81 ਮਾਮਲੇ ਆਏ ਸਾਹਮਣੇ
Saturday, Oct 28, 2023 - 12:27 PM (IST)
ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਗੁਰਦਾਸਪੁਰ ਅੰਦਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੋਰ ਸ਼ਿਕੰਜਾ ਕੱਸ ਦਿੱਤਾ ਹੈ, ਜਿਸ ਤਹਿਤ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਅੰਦਰ ਗੁਰਦਾਸਪੁਰ ਅਤੇ ਬਟਾਲਾ ਪੁਲਸ ਜ਼ਿਲ੍ਹਿਆਂ ਦੇ ਮੁਖੀਆਂ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕਾਨੂੰਨ ਅਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਲਈ ਪੱਤਰ ਲਿਖਿਆ ਹੈ। ਹੁਣ ਤੱਕ ਜ਼ਿਲ੍ਹੇ ਅੰਦਰ ਬੀਤੀ ਸ਼ਾਮ ਤੱਕ 81 ਥਾਵਾਂ ’ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਜਿਹੜੇ ਖ਼ੇਤਾਂ ’ਚ ਅੱਗ ਲੱਗਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਖੇਤਾਂ ਦੇ ਕਾਸ਼ਤਕਾਰ ਕਿਸਾਨਾਂ ਖ਼ਿਲਾਫ਼ ਹੁਣ ਸਬੰਧਿਤ ਥਾਣਿਆਂ ਵਿਚ ਰਿਪੋਰਟ ਦਰਜ ਹੋਵੇਗੀ ਅਤੇ ਨਾਲ ਹੀ ਅਤੇ ਤਹਿਸੀਲਾਂ ਦੇ ਰਿਕਾਰਡ ’ਚ ਵੀ ਇਨ੍ਹਾਂ ਦਾ ਇੰਦਰਾਜ ਹੋਵੇਗਾ ਤਾਂ ਜੋ ਕਿਸਾਨਾਂ ਨੂੰ ਸਬਸਿਡੀ ਸਮੇਤ ਹੋਰ ਸਰਕਾਰੀ ਸਹੂਲਤਾਂ ਦੇਣ ਤੋਂ ਪਹਿਲਾਂ ਇਹ ਚੈੱਕ ਕੀਤਾ ਜਾ ਸਕੇ ਕਿ ਕਿਸਾਨਾਂ ਨੇ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਸੀ ਜਾਂ ਨਹੀਂ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਗਾਹਕਾਂ ਨੂੰ ਭਰਮਾਉਣ ਲਈ ਵਿਦੇਸ਼ੋਂ ਮੰਗਵਾਈਆਂ ਕੁੜੀਆਂ
ਜ਼ਿਲ੍ਹੇ ਨੂੰ ਵੰਡਿਆ 79 ਜ਼ੋਨਾਂ ’ਚ, 331 ਨੋਡਲ ਅਧਿਕਾਰੀ ਤਾਇਨਾਤ
ਦੱਸਣਯੋਗ ਹੈ ਕਿ ਜ਼ਿਲ੍ਹੇ ਨੂੰ 79 ਜ਼ੋਨਾਂ ਵਿਚ ਵੰਡ ਕੇ ਡਿਪਟੀ ਕਮਿਸ਼ਨਰ ਨੇ 331 ਦੇ ਕਰੀਬ ਨੋਡਲ ਅਧਿਕਾਰੀ ਤਾਇਨਾਤ ਕੀਤੇ ਹਨ ਜੋ ਆਪਣੇ ਨਿਰਧਾਰਿਤ ਪਿੰਡਾਂ ਅੰਦਰ ਰਹਿ ਕੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ 'ਤੇ ਰੋਕਣ ਲਈ ਕਾਰਵਾਈ ਕਰ ਰਹੇ ਹਨ। ਇਸ ਦੇ ਨਾਲ ਹੀ ਰਹਿੰਦ-ਖੂੰਹਦ ਦਾ ਅੱਗ ਲਾਏ ਬਗੈਰ ਨਿਪਟਾਰਾ ਕਰਨ ਲਈ ਜ਼ਿਲ੍ਹੇ ਅੰਦਰ ਕਿਸਾਨਾਂ ਨੂੰ 5000 ਤੋਂ ਜ਼ਿਆਦਾ ਮਸ਼ੀਨਰੀ ਵੀ ਸਬਸਿਡੀ ’ਤੇ ਦਿੱਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਜਿਹੜੇ ਕਿਸਾਨ ਸਾਰੀਆਂ ਅਪੀਲਾਂ ਦਲੀਲਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤੀ ਕਰਦੇ ਹੋਏ ਹੁਣ ਜਿੱਥੇ ਜੁਰਮਾਨੇ ਕੀਤੇ ਜਾ ਰਹੇ ਹਨ, ਉਸ ਦੇ ਨਾਲ ਹੀ ਪੁਲਸ ਅਤੇ ਮਾਲ ਵਿਭਾਗ ਦੇ ਰਿਕਾਰਡ ਵਿਚ ਐਂਟਰੀਆਂ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਕਾਰਵਾਈ ਦਾ ਅਸਰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ’ਤੇ ਪੈ ਸਕਦਾ ਹੈ।
ਇਹ ਵੀ ਪੜ੍ਹੋ- ਗੁਰੂ ਨਗਰੀ ਅੰਮ੍ਰਿਤਸਰ 'ਚ ਵੱਡੀ ਵਾਰਦਾਤ, 17 ਸਾਲਾ ਮੁੰਡੇ ਦਾ ਬੇਰਹਿਮੀ ਨਾਲ ਕਤਲ
ਨੰਬਰਦਾਰ ਅੱਗ ਨਾ ਲਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ
ਇਸ ਦੇ ਨਾਲ ਜ਼ਿਲ੍ਹਾ ਮੈਜਿਸਟ੍ਰੇਟ ਨੇ ਨੰਬਰਦਾਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਵੀ ਪਰਾਲੀ ਨੂੰ ਅੱਗ ਨਾ ਲਾੳਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਰਕਾਰੀ ਟੀਮ ਨੂੰ ਸਹਿਯੋਗ ਦੇਣ। ਜੇਕਰ ਕਿਸੇ ਵੱਲੋਂ ਰਹਿੰਦ-ਖੂੰਹਦ ਨੂੰ ਅੱਗ ਲਾਈ ਜਾਂਦੀ ਹੈ ਤਾਂ ਇਸ ਸਬੰਧੀ ਤੁਰੰਤ ਸਬੰਧਿਤ ਟੀਮ ਨੂੰ ਜਾਂ ਟੋਲ ਫ੍ਰੀ ਨੰਬਰ 18001801852 ’ਤੇ ਜਾਣਕਾਰੀ ਦੇਣ। ਇਸ ਦੇ ਨਾਲ ਹੀ ਨੰਬਰਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮੌਕੇ ’ਤੇ ਹਾਜ਼ਰ ਹੋ ਕੇ ਅੱਗ ਬੁਝਾਉਣ ਲਈ ਪਹੁੰਚੀ ਟੀਮ ਦਾ ਸਹਿਯੋਗ ਕਰਨਾ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਇਸ ਅਹਿਮ ਕੰਮ ਨੂੰ ਸੁਚਾਰੂ ਢੰਗ ਨਾਲ ਨੇਪੜੇ ਚਾੜ੍ਹਨ ਵਿਚ ਜੇਕਰ ਕਿਸੇ ਵੀ ਨੰਬਰਦਾਰ ਵੱਲੋਂ ਕੋਈ ਕੁਤਾਹੀ/ਲਾਪ੍ਰਵਾਹੀ ਵਰਤਣ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਤਾਂ ਸਬੰਧਿਤ ਖ਼ਿਲਾਫ਼ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ, 6 ਕਰੋੜ ਤੋਂ ਵਧੇਰੇ ਦੀ ਜਾਇਦਾਦ ਫਰੀਜ਼
ਨੋਡਲ ਅਫ਼ਸਰ ਦੁਪਹਿਰ 12 ਵਜੇ ਤੋਂ ਪਿੰਡਾਂ ਵਿਚ ਹੀ ਮੌਜੂਦ ਰਹਿਣ ਦੇ ਆਦੇਸ਼
ਜ਼ਿਲ੍ਹੇ ਅੰਦਰ ਸਿਲੈਕਟ ਕੀਤੇ ਗਏ 55 ਹਾਟ ਸਪਾਟ ਪਿੰਡਾਂ ’ਚ ਵੱਖਰੇ ਤੌਰ ’ਤੇ ਤਾਇਨਾਤ ਕੀਤੇ ਗਏ ਨੋਡਲ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਉਹ ਰੋਜ਼ਾਨਾ ਦੁਪਹਿਰ 12 ਵਜੇ ਤੋਂ ਸ਼ਾਮ ਤੱਕ ਇਨ੍ਹਾਂ ਪਿੰਡਾਂ ਵਿਚ ਹੀ ਮੌਜੂਦ ਰਹਿਣ ਤਾਂ ਜੋ ਕੋਈ ਵੀ ਕਿਸਾਨ ਖੇਤਾਂ ਵਿਚ ਅੱਗ ਨਾ ਲਾਏ। ਡਿਪਟੀ ਕਮਿਸ਼ਨਰ ਡਾ. ਅਗਰਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਸਖ਼ਤੀ ਕਰਨ ਲਈ ਮਜ਼ਬੂਰ ਨਾ ਕੀਤਾ ਜਾਵੇ ਅਤੇ ਕਿਸਾਨ ਖੇਤਾਂ ਵਿਚ ਅੱਗ ਲਗਾ ਕੇ ਆਪਣਾ ਅਤੇ ਹੋਰਨਾਂ ਦਾ ਨੁਕਸਾਨ ਨਾ ਕਰਨ। ਇਸ ਦੇ ਨਾਲ ਹੀ ਮੁੱਖ ਖੇਤੀਬਾੜੀ ਅਫ਼ਸਰ ਡਾ. ਕਿਰਪਾਲ ਸਿੰਘ ਢਿੱਲੋਂ ਨੇ ਵੀ ਕਿਸਾਨਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਨੂੰ ਰਹਿੰਦ ਖੂੰਹਦ ਦਾ ਅੱਗ ਲਾਏ ਬਗੈਰ ਨਿਪਟਾਰਾ ਕਰਨ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਖੇਤੀਬਾੜੀ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਪਰ ਕਿਸੇ ਵੀ ਹਾਲਤ ਵਿਚ ਖੇਤਾਂ ’ਚ ਅੱਗ ਨਾ ਲਾਈ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8