ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਸਕੂਲ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ

Saturday, Dec 16, 2023 - 01:16 PM (IST)

ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਸਕੂਲ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ

ਬਟਾਲਾ (ਸਾਹਿਲ)- ਸਕੂਲ ਬੱਸ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰਨ ਨਾਲ ਇਕ ਨੌਜਵਾਨ ਦੀ ਮੌਤ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਜਦੋਂਕਿ ਦੂਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦਿਆਂ ਥਾਣਾ ਡੇਰਾ ਬਾਬਾ ਨਾਨਕ ਦੇ ਏ. ਐੱਸ. ਆਈ. ਰਘਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਮੰਗਾ ਮਸੀਹ ਪੁੱਤਰ ਸੁਲੱਖਣ ਵਾਸੀ ਪਿੰਡ ਸ਼ੱਕਰੀ ਨੇ ਲਿਖਵਾਇਆ ਹੈ ਕਿ ਉਹ ਬੀਤੀ 13 ਦਸੰਬਰ ਨੂੰ ਆਪਣੇ ਮੋਟਰਸਾਈਕਲ ’ਤੇ ਅਤੇ ਉਸ ਦਾ ਮੁੰਡਾ ਲਵ ਸਿੰਘ ਅਤੇ ਭਤੀਜਾ ਰੋਹਿਤ ਪੁੱਤਰ ਗੋਰਾ ਵਾਸੀ ਪਿੰਡ ਸ਼ੱਕਰੀ ਆਪਣੇ ਵੱਖਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਲਾਨੌਰ ਵਿਖੇ ਬੰਦਗੀ ਦੇਖਣ ਗਏ ਅਤੇ ਰਾਤ ਉਥੇ ਹੀ ਚਰਚ ’ਚ ਰਹੇ ਅਤੇ ਅਗਲੇ ਦਿਨ 14 ਦਸੰਬਰ ਨੂੰ ਕਲਾਨੌਰ ਚਰਚ ਤੋਂ ਬੰਦਗੀ ਦੇਖ ਕੇ ਆਪਣੇ-ਆਪਣੇ ਮੋਟਰਸਾਈਕਲਾਂ ’ਤੇ ਪਿੰਡ ਨੂੰ ਵਾਪਸ ਆ ਰਹੇ ਸੀ ਅਤੇ ਉਕਤ ਮੋਟਰਸਾਈਕਲ ਰੋਹਿਤ ਚਲਾ ਰਿਹਾ ਸੀ, ਜਦੋਂਕਿ ਉਸ ਦਾ ਮੁੰਡਾ ਲਵ ਸਿੰਘ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਨੂੰ ਅਜਨਾਲਾ ਪੁਲਸ ਨੇ ਕੀਤਾ ਕਾਬੂ

ਉਕਤ ਬਿਆਨਕਰਤਾ ਮੁਤਾਬਕ ਕਰੀਬ ਸਵੇਰੇ ਸਾਢੇ 8 ਵਜੇ ਜਦੋਂ ਉਹ ਪਿੰਡ ਸ਼ਕਰੀ ਤੋਂ ਅੱਧਾ ਕਿਲੋਮੀਟਰ ਪਿੱਛੇ ਸੀ ਤਾਂ ਸਾਹਮਣਿਓਂ ਪਿੰਡ ਸ਼ੱਕਰੀ ਵੱਲੋਂ ਆਈ ਇਕ ਪ੍ਰਾਈਵੇਟ ਅਕੈਡਮੀ ਦੀ ਤੇਜ਼ ਰਫ਼ਤਾਰ ਸਕੂਲੀ ਬੱਸ, ਜਿਸ ਨੂੰ ਬਲਵਿੰਦਰ ਸਿੰਘ ਉਰਫ਼ ਸਾਬਾ ਪੁੱਤਰ ਦੀਵਾਨ ਸਿੰਘ ਵਾਸੀ ਪਿੰਡ ਬਰੀਲਾ ਖੁਰਦ ਚਲਾ ਰਿਹਾ ਸੀ, ਨੇ ਮੇਰੇ ਮੁੰਡੇ ਲਵ ਸਿੰਘ ਅਤੇ ਭਤੀਜੇ ਰੋਹਿਤ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਇਹ ਦੋਵੇਂ ਜਾਣੇ ਮੋਟਰਸਾਈਕਲ ਸਮੇਤ ਡਿੱਗ ਪਏ ਅਤੇ ਉਕਤ ਬੱਸ ਡਰਾਈਵਰ ਬੱਸ ਭਜਾ ਕੇ ਲੈ ਗਿਆ, ਜਿਸ ਦਾ ਉਸ ਨੇ ਨੰਬਰ ਪੜ੍ਹਿਆ ਸੀ ਅਤੇ ਇਹ ਬੱਸ ਇਕ ਪ੍ਰਾਈਵੇਟ ਅਕੈਡਮੀ ਦੀ ਹੈ। ਬਿਆਨਕਰਤਾ ਮੰਗਾ ਮਸੀਹ ਨੇ ਆਪਣੇ ਬਿਆਨ ’ਚ ਅੱਗੇ ਲਿਖਵਾਇਆ ਕਿ ਇਸ ਤੋਂ ਬਾਅਦ ਉਸ ਨੇ ਉਕਤ ਦੋਵਾਂ ਨੂੰ ਮੋਟਰਸਾਈਕਲ ਹੇਠੋਂ ਕੱਢਿਆ ਤਾਂ ਦੇਖਿਆ ਕਿ ਉਸ ਦੇ ਮੁੰਡੇ ਲਵ ਸਿੰਘ ਦੀ ਸਿਰ ’ਚ ਜ਼ਿਆਦਾ ਸੱਟ ਲੱਗਣ ਕਾਰਨ ਮੌਕੇ ’ਤੇ ਮੌਤ ਹੋ ਗਈ ਹੈ। ਜਦੋਂਕਿ ਉਸ ਦੇ ਭਤੀਜੇ ਰੋਹਿਤ ਦੀ ਸੱਜੀ ਲੱਤ ਟੁੱਟ ਗਈ ਅਤੇ ਸਿਰ ’ਚ ਵੀ ਕਾਫੀ ਡੂੰਘੀਆਂ ਸੱਟਾਂ ਲੱਗੀਆਂ ਹਨ ਅਤੇ ਇਸ ਦੇ ਤੁਰੰਤ ਬਾਅਦ ਇਲਾਜ ਲਈ ਦੋਵਾਂ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰ ਨੇ ਲਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਰੋਹਿਤ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ। ਉਕਤ ਏ. ਐੱਸ. ਆਈ. ਨੇ ਅੱਗੇ ਦੱਸਿਆ ਕਿ ਉਕਤ ਬਿਆਨਕਰਤਾ ਦੇ ਬਿਆਨ ਦੇ ਆਧਾਰ ’ਤੇ ਬੱਸ ਚਾਲਕ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਇਸ ਖਿਲਾਫ ਥਾਣਾ ਡੇਰਾ ਬਾਬਾ ਨਾਨਕ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਹਰੀਕੇ ਪੱਤਣ 'ਚ ਲੁਟੇਰਿਆਂ ਦੀ ਦਹਿਸ਼ਤ, ਪਹਿਲਾਂ ਬਜ਼ੁਰਗ ਜੋੜੇ ਨੂੰ ਬਣਾਇਆ ਬੰਧਕ, ਕਰ ਗਏ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News