ਕਾਰਾਂ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, ਦੋ ਲਗਜ਼ਰੀ ਕਾਰਾਂ ਸਮੇਤ 2 ਕਾਬੂ

09/29/2020 2:39:55 PM

ਤਰਨਤਾਰਨ (ਰਾਜੂ): ਥਾਣਾ ਕੱਚਾ ਪੱਕਾ ਪੁਲਸ ਨੇ ਗੱਡੀਆਂ ਚੋਰੀ ਕਰਕੇ ਉਨ੍ਹਾਂ ਦੀਆਂ ਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਕ ਸਰਪੰਚ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿੰਨਾਂ ਦੇ ਕੋਲੋਂ 2 ਕਾਰਾਂ ਬਰਾਮਦ ਹੋਈਆਂ ਹਨ। ਇਸ ਸਬੰਧੀ ਸਬ ਇੰਸਪੈਕਟਰ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਤਰਾਜ ਸਿੰਘ ਸਰਪੰਚ ਪੁੱਤਰ ਰਛਪਾਲ ਸਿੰਘ ਵਾਸੀ ਮਰਗਿੰਦਪੁਰਾ, ਸੁਖਮਨ ਸਿੰਘ ਉਰਫ ਸੁੱਖ ਭੁੱਲਰ ਪੁੱਤਰ ਲਖਵਿੰਦਰ ਸਿੰਘ ਆਪਣੇ 3 ਹੋਰ ਸਾਥੀਆਂ ਨਾਲ ਮਿਲ ਕੇ ਵੱਖ ਵੱਖ ਥਾਵਾਂ ਤੋਂ ਕਾਰਾਂ ਚੋਰੀ ਕਰਦੇ ਹਨ ਅਤੇ ਫਿਰ ਆਪਣੇ ਸਾਥੀ ਗੁਰਮੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਭਾਈ ਲੱਧੂ ਰਾਹੀਂ ਇਹ ਗੱਡੀਆਂ ਨੰਬਰ ਫੇਰ ਬਦਲ ਕਰਕੇ ਅੱਗੇ ਵੇਚ ਦਿੰਦੇ ਹਨ। 

ਇਹ ਵੀ ਪੜ੍ਹੋ : ਵਿਆਹੁਤਾ ਪ੍ਰੇਮਿਕਾ ਦਾ ਕਤਲ ਕਰਕੇ ਝਾੜੀਆਂ 'ਚ ਸੁੱਟੀ ਲਾਸ਼, ਦਿਲ ਨੂੰ ਦਹਿਲਾ ਦੇਵੇਗਾ ਪ੍ਰੇਮੀ ਦਾ ਕਬੂਲਨਾਮਾ

ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਛਾਪੇਮਾਰੀ ਕਰਕੇ ਸਤਰਾਜ ਸਿੰਘ ਸਰਪੰਚ ਅਤੇ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਿੰਨਾਂ ਦੇ ਕੋਲੋਂ ਇਕ ਵਰਨਾ ਕਾਰ ਨੰਬਰ ਪੀ.ਬੀ.46.ਏ.ਡੀ.5000 ਅਤੇ ਇਕ ਹਾਂਡਾ ਏਮਜ਼ ਕਾਰ ਨੰਬਰ ਪੀ.ਬੀ.05.ਐੱਸ.2308 ਬਰਾਮਦ ਹੋਈਆਂ। ਜਿਸ ਸਬੰਧੀ ਉਕਤ ਵਿਅਕਤੀ ਕਾਰਾਂ ਦੇ ਕੋਈ ਕਾਗਜ਼ਾਤ ਪੇਸ਼ ਨਹੀਂ ਕਰ ਸਕੇ ਅਤੇ ਕਾਰਾਂ ਚੋਰੀ ਦੀਆਂ ਪਾਈਆਂ ਗਈਆਂ। ਸਬ ਇੰਸਪੈਕਟਰ ਬਚਿੱਤਰ ਸਿੰਘ ਨੇ ਦੱਸਿਆ ਕਿ ਸਤਰਾਜ ਸਿੰਘ ਸਰਪੰਚ ਪੁੱਤਰ ਰਛਪਾਲ ਸਿੰਘ ਵਾਸੀ ਮਰਗਿੰਦਪੁਰਾ, ਗੁਰਮੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਭਾਈ ਲੱਧੂ, ਸੁਖਮਨ ਸਿੰਘ ਉਰਫ ਸੁੱਖ ਭੁੱਲਰ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਭੁੱਲਰ ਅਤੇ 3 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 120 ਧਾਰਾ 379/465/467/468/471/120ਬੀ-ਆਈ.ਪੀ.ਸੀ . ਤਹਿਤ ਕੇਸ ਦਰਜ ਕਰਕੇ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
 


Baljeet Kaur

Content Editor

Related News