''ਚੋਣਾਂ ਦੇ ਚੱਲਦਿਆਂ ਪੰਜਾਬੀਆਂ ਦਾ ਆਪਸ ''ਚ ਲੜਨਾ ਮੰਦਭਾਗਾ''

Tuesday, Sep 11, 2018 - 09:59 PM (IST)

ਚੋਹਲਾ ਸਾਹਿਬ/ਤਰਨਤਾਰਨ,(ਨਈਅਰ)— ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਚਲਦਿਆਂ ਸੂਬੇ 'ਚ ਕਈ ਥਾਵਾਂ 'ਤੇ ਅਕਾਲੀਆਂ ਤੇ ਕਾਂਗਰਸੀਆਂ ਦਾ ਖੂਨੀ ਟਕਰਾਅ ਹੋਇਆ ਜੋ ਕਿ ਬਹੁਤ ਮੰਦਭਾਗਾ ਹੈ। ਸਾਨੂੰ ਸਮੁੱਚੇ ਪੰਜਾਬੀਆਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਆਪਸ 'ਚ ਲੜ-ਝਗੜ ਕੇ ਦੇਸ਼ ਦੀ ਅਜ਼ਾਦੀ ਤੋਂ ਬਾਅਦ ਅੱਜ ਤੱਕ ਖੱਟਿਆ ਕੀ ਹੈ? ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਜਥੇਦਾਰ ਬਲਕਾਰ ਸਿੰਘ ਢਿੱਲੋਂ ਕੌਮੀ ਪ੍ਰਧਾਨ ਸਮਾਜ ਬਚਾਓ ਮਿਸ਼ਨ ਕਮੇਟੀ ਪੰਜਾਬ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂ ਲੋਕਾਂ ਨੂੰ ਆਪਸ 'ਚ ਲੜਾ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ ਕਿਉਂਕਿ ਇਨ੍ਹਾਂ ਨੂੰ ਕੇਵਲ ਕੁਰਸੀ ਦੀ ਭੁੱਖ ਹੁੰਦੀ ਹੈ। ਇਨ੍ਹਾਂ ਲਈ ਸਮੁੱਚਾ ਪੰਜਾਬ ਭਾਵੇਂ ਬਰਬਾਦ ਹੋ ਜਾਵੇ ਪਰ ਇਨ੍ਹਾਂ ਨੂੰ ਕੇਵਲ ਤੇ ਕੇਵਲ ਕੁਰਸੀ ਚਾਹੀਦੀ ਹੈ। ਇਸ ਲਈ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਇਕੱਠੇ ਹੋ ਕੇ ਇਕ ਮਾਲਾ 'ਚ ਆਪਣੇ-ਆਪ ਨੂੰ ਪਰੋ ਕੇ ਪੰਜਾਬ ਦਾ ਭਲਾ ਮੰਗਣਾ ਹੈ।

ਪੰਜਾਬ ਦਾ ਕਿਸਾਨ ਇਸੇ ਲਈ ਖੁਦਕੁਸ਼ੀਆਂ ਕਰ ਰਿਹਾ ਹੈ ਕਿਉਂਕਿ ਸਿਆਸੀ ਆਗੂਆਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਸਗੋਂ ਪੰਜਾਬੀਆਂ ਨੂੰ ਆਪਸ 'ਚ ਲੜਾ ਕੇ ਆਪਣੀਆਂ ਤਿਜੋਰੀਆਂ ਭਰੀਆਂ ਹਨ । ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਪਾਉਣ ਵਾਲੇ ਵੀ ਸਿਆਸੀ ਆਗੂ ਹੀ ਹਨ । ਇਸ ਲਈ ਸਮੁੱਚੇ ਪੰਜਾਬ ਵਾਸੀਆਂ ਨੂੰ ਇਕਮੁੱਠ ਹੋਕੇ ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੂੰ ਮਜ਼ਬੂਰ ਕਰੀਏ ਕਿ ਉਹ ਪੰਜਾਬ 'ਚ ਖਸਖਸ ਦੀ ਖੇਤੀ ਬਹਾਲ ਕਰੇ ਤਾਂ ਕਿ ਅਫੀਮ ਅਤੇ ਪੋਸਤ ਦੇ ਸਰਕਾਰੀ ਠੇਕੇ ਖੁੱਲ ਸਕਣ ਅਤੇ ਬੇਰੁਜ਼ਗਾਰੀ ਨੂੰ ਵੀ ਠੱਲ੍ਹ ਪਵੇ । ਅਫੀਮ ਅਤੇ ਪੋਸਤ ਦੂਜੇ ਰਾਜਾਂ ਤੋਂ ਸਮਗਲਿੰਗ ਹੋਣ ਕਾਰਣ ਸੂਬੇ ਦੇ ਹਜ਼ਾਰਾਂ ਅਮਲੀਆਂ ਦਾ ਕਰੋੜਾਂ  ਰੁਪਏ ਦੂਜੇ ਰਾਜਾਂ ਨੂੰ ਜਾਂਦਾ ਹੈ, ਜਿਸ ਨੂੰ ਬਚਾਇਆ ਜਾ ਸਕਦਾ ਹੈ।


Related News