ਕੀ ਪੰਜਾਬ ’ਚ ਹੁਣ ਤੋਂ ਵੱਡੇ ‘ਟਾਸਕ’ ਨੂੰ ਜਿੱਤਣ ਲਈ ਸੁਨੀਲ-ਕੈਪਟਨ ਦੀ ਜੋੜੀ ਅਹਿਮ ਭੂਮਿਕਾ ਨਿਭਾਅ ਪਾਏਗੀ ਜਾਂ ਫਿਰ...?

07/10/2023 12:15:08 PM

ਬਟਾਲਾ (ਸਾਹਿਲ)- ਪੰਜਾਬ ਵਿਚ 2024 ’ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ’ਚ ਆਪਣੀ ਜਿੱਤ ਦਾ ਝੰਡਾ ਬੁਲੰਦ ਕਰਨ ਦੇ ਮਨਸ਼ੇ ਨਾਲ ਭਾਜਪਾ ਹਾਈਕਮਾਂਡ ਨੇ ਸੁਨੀਲ ਜਾਖੜ ਨੂੰ ਪ੍ਰਦੇਸ਼ ਭਾਜਪਾ ਦੇ ਨਵੇਂ ਪ੍ਰਧਾਨ ਦੀ ਜ਼ਿੰਮੇਵਾਰੀ ਦੇ ਕੇ ਜਿਥੇ ਸਾਰਿਆਂ ਨੂੰ ਚੱਕਰਾਂ ’ਚ ਪਾ ਦਿੱਤਾ, ਉਥੇ ਨਾਲ ਹੀ ਅਸ਼ਵਨੀ ਸ਼ਰਮਾ ਜੋ ਕਿ 3 ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਅਹੁਦੇ ’ਤੇ ਰਹੇ ਅਤੇ 2 ਵਾਰ ਭਾਜਪਾ ਦੀ ਸੀਟ ’ਤੇ ਚੋਣ ਲੜ ਕੇ ਹਲਕਾ ਪਠਾਨਕੋਟ ਤੋਂ ਵਿਧਾਇਕ ਵੀ ਬਣੇ ਹਨ, ਨੂੰ ਪ੍ਰਦੇਸ਼ ਭਾਜਪਾ ਦੇ ਅਹੁਦੇ ਤੋਂ ਲਾਹੁਣ ਤੋਂ ਬਾਅਦ ਹੁਣ ਆਲ ਇੰਡੀਆ ਭਾਜਪਾ ਦੀ ਕਾਰਜਕਾਰਨੀ ਦਾ ਮੈਂਬਰ ਬਣਾ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਸਾਧਣ ਵਾਲਾ ਕੰਮ ਕੀਤਾ ਹੈ। ਇਸ ਸਭ ਦੇ ਚਲਦਿਆਂ ਭਾਜਪਾ ਹਾਈਕਮਾਂਡ ਇਹ ਕਦੇ ਨਹੀਂ ਚਾਹੇਗੀ ਕਿ 2024 ਦੀਆਂ ਚੋਣਾਂ ਵਿਚ ਪਾਰਟੀ ਵਿਚ ਅਹੁਦਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਬਖੇੜਾ ਖੜ੍ਹਾ ਹੋਵੇ, ਜਿਸ ਕਰ ਕੇ ਸ਼ਰਮਾ ਨੂੰ ਕਾਰਜਕਾਰਨੀ ਦਾ ਮੈਂਬਰ ਬਣਾ ਕੇ ਇਸ ਖੇਮੇ ਨਾਲ ਜੁੜੇ ਸਮਰੱਥਕਾਂ ਤੇ ਵਰਕਰਾਂ ਨੂੰ ਖੁਸ਼ ਕਰ ਦਿੱਤਾ ਹੈ।

ਇਹ ਵੀ ਪੜ੍ਹੋ- 3 ਦਿਨਾਂ ਤੋਂ ਲਾਪਤਾ 14 ਸਾਲਾ ਬੱਚੇ ਦੀ ਛੱਪੜ 'ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਭਾਜਪਾ ਹਾਈਕਮਾਂਡ ਵਲੋਂ ਜਿਥੇ ਸੁਨੀਲ ਜਾਖੜ ਨੂੰ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਬਣਾਉਣਾ, ਉਥੇ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਬਹੁਤ ਹੀ ਵੱਡੀ ਰਾਜਨੀਤਿਕ ਸ਼ਖਸ਼ੀਅਤ ਹਨ, ਦਾ ਵੀ ਭਾਜਪਾ ’ਚ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਕੁਝ ਅਲੱਗ ਕਰ ਗੁਜ਼ਰਨ ਦੇ ਮੂਡ ’ਚ ਹੈ, ਜਿਸ ਕਰ ਕੇ ਹੁਣ ਇਹ ਦੇਖਣਾ ਹੋਵੇਗਾ ਕਿ ਦੂਜੇ ਰਾਜਾਂ ’ਚ ਚੋਣਾਂ ਜਿੱਤਣ ਲਈ ਮੋਦੀ-ਸ਼ਾਹ ਦੀ ਜੋੜੀ ਜਿਥੇ ਆਪਣਾ ਦਮ-ਖਮ ਦਿਖਾਉਂਦੀ ਆ ਰਹੀ ਹੈ, ਉਥੇ ਨਾਲ ਹੀ ਇਸ ਵੱਡੇ ਟਾਸਕ ਨੂੰ ਜਿੱਤਣ ਲਈ ਸੁਨੀਲ-ਕੈਪਟਨ ਦੀ ਜੋੜੀ ਆਪਣੀ ਅਹਿਮ ਭੂਮਿਕਾ ਨਿਭਾਉਣ ਵਿਚ ਸਫ਼ਲ ਹੋ ਪਾਉਂਦੀ ਹੈ, ਜੋ ਕਿ ਇਸ ਵੇਲੇ ਇਕ ਵੱਡਾ ਪ੍ਰਸ਼ਨ ਪੰਜਾਬ ਭਾਜਪਾ ਦੀ ਰਾਜਨੀਤੀ ਵਿਚ ਜਨਮ ਲੈਂਦਾ ਦਿਖਾਈ ਪੈ ਰਿਹਾ ਹੈ ਕਿਉਂਕਿ ਪੰਜਾਬ ਵਿਚ ਲੰਮੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਭਾਜਪਾ ਵਲੋਂ ਚੋਣ ਲੜਨ ਨਾਲ ਭਾਜਪਾ ਆਪਣੀ ਲੀਡਰਸ਼ਿਪ ਦਾ ਵਿਕਾਸ ਨਹੀਂ ਕਰ ਪਾਈ, ਜਿਸਦੇ ਚਲਦਿਆਂ ਭਾਜਪਾ ਦਾ ਦਿਹਾਤੀ ਖੇਤਰਾਂ ਵਿਚ ਸਿਆਸੀ ਆਧਾਰ ਨਾ-ਮਾਤਰ ਹੀ ਇਸ ਵੇਲੇ ਦਿਖਾਈ ਦੇ ਰਿਹਾ ਹੈ, ਜਿਸ ਕਰਕੇ ਨਵੇਂ ਬਣੇ ਪ੍ਰਧਾਨ ਜਾਖੜ ਦੇ ਮੋਢਿਆਂ ’ਤੇ ਪੰਜਾਬ ਭਾਜਪਾ ’ਚ ਨਵੀਂ ਜਾਨ ਪਾਉਣ ਅਤੇ ਜੋਸ਼ ਭਰਨ ਲਈ ਇਸ ਬੰਜਰ ਜ਼ਮੀਨ ’ਤੇ ਫ਼ਸਲ ਉਗਾਉਣ ਦੀ ਜ਼ਿੰਮੇਵਾਰੀ ਸੁੱਟੀ ਗਈ ਹੈ ਕਿਉਂਕਿ ਭਾਜਪਾ ਹਾਈਕਮਾਂਡ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਜਾਖੜ ਜਿਥੇ ਪਹਿਲਾਂ ਵੀ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ’ਤੇ ਕਾਂਗਰਸ ਪਾਰਟੀ ਵਿਚ ਕੰਮ ਕਰ ਚੁੱਕੇ ਹਨ, ਉਥੇ ਨਾਲ ਹੀ ਰਾਜਨੀਤੀ ਇਨ੍ਹਾਂ ਦੀ ਰਗ-ਰਗ ਵਿਚ ਵਸੀ ਪਈ ਹੈ ਅਤੇ ਖ਼ਾਸ ਕਰਕੇ ਸੂਬੇ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਜਾਖੜ ਕਿਸੇ ਵੀ ਪੱਖੋਂ ਅਨਜਾਣ ਨਹੀਂ ਹਨ।

ਇਹ ਵੀ ਪੜ੍ਹੋ- ਵਿਜੀਲੈਂਸ ਦੀ ਵੱਡੀ ਕਾਰਵਾਈ, 8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ

ਭਾਜਪਾ ਦੇ ਪੁਰਾਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਣਾ ਵੀ ਜਾਖੜ ਲਈ ਹੋਵੇਗੀ ਵੱਡੀ ਚੁਨੌਤੀ

ਹਾਈਕਮਾਂਡ ਵਲੋਂ ਪੰਜਾਬ ਵਿਚ ਕੀਤੇ ਗਏ ਪ੍ਰਧਾਨ ਦੇ ਇਸ ਫੇਰ-ਬਦਲ ਦੇ ਚਲਦਿਆਂ 2024 ਦੇ ਟਾਸਕ ਦੇ ਮੱਦੇਨਜ਼ਰ ਭਾਜਪਾ ਦੇ ਪੁਰਾਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ, ਜੋ ਜਾਖੜ ਲਈ ਕਿਸੇ ਵੱਡੀ ਚੁਨੌਤੀ ਤੋਂ ਘੱਟ ਨਹੀਂ ਹੋਵੇਗਾ ਕਿਉਂਕਿ ਇਸ ਵੇਲੇ ਭਾਜਪਾ ਖੇਮਿਆਂ ਵਿਚ ਇਹ ਚਰਚਾ ਵੀ ਜ਼ਰੂਰ ਚੱਲ ਰਹੀ ਹੋਵੇਗੀ ਕਿ ਜੋ ਕੱਲ ਕਾਂਗਰਸ ਵਿਚ ਸਨ, ਦਾ ਭਾਜਪਾ ’ਚ ਆਉਣਾ ਅਤੇ ਉੱਪਰੋਂ ਹਾੲਕਮਾਂਡ ਵਲੋਂ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣਾ, ਟਕਸਾਲੀ ਭਾਜਪਾ ਲੀਡਰਾਂ ਨੂੰ ਨਜ਼ਰ ਅੰਦਾਜ਼ ਕਰਨ ਤੋਂ ਘੱਟ ਨਹੀਂ ਹੈ, ਜਿਸ ਕਰ ਕੇ ਇਥੇ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਜਾਖੜ-ਕੈਪਟਨ ਭਾਜਪਾ ’ਚ ਆ ਤਾਂ ਗਏ ਹਨ ਪਰ ਉਹ ਪੁਰਾਣੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਕਿਵੇਂ ਮੈਨੇਜ ਕਰਨਗੇ, ਜਿਸ ਨਾਲ 2024 ਦੀਆਂ ਚੋਣਾਂ ’ਚ ਭਾਜਪਾ ਨੂੰ ਸੂਬੇ ’ਚੋਂ ਸਕਾਰਾਤਮਕ ਨਤੀਜੇ ਮਿਲ ਸਕਣ ਤੇ ਟਕਸਾਲੀ ਨੇਤਾ ਵੀ ਇਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਸਕਣ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਫਾਇਰਿੰਗ, ਗੈਂਗਸਟਰ ਅਰਸ਼ਦੀਪ ਦੇ ਲੱਗੀ ਗੋਲ਼ੀ

ਬਾਕੀ ਆਉਣ ਵਾਲੇ ਹਫਤਿਆਂ ਜਾਂ ਇਕ-ਦੋ ਮਹੀਨਿਆਂ ਵਿਚ ਹੀ ਭਾਜਪਾ ਵਰਕਰਾਂ ਤੇ ਲੀਡਰਾਂ ਦੀ ਜਾਖੜ ਪ੍ਰਤੀ ਸੋਚ ਦਾ ਸਹਿਜੇ ਹੀ ਪਤਾ ਚੱਲ ਜਾਵੇਗਾ ਕਿ ਉਹ ਜਾਖੜ ਨੂੰ ਕਿੰਨਾ ਕੁ ਪਸੰਦ ਕਰਦੇ ਹਨ ਕਿਉਂਕਿ ਇਹ ਸਭ ਅਜੈ ਸਵਾਲ ਹੀ ਹਨ, ਜਿੰਨ੍ਹਾਂ ਜੁਆਬ ਸਮਾਂ ਹੀ ਪੰਜਾਬ ਦੀ ਜਨਤਾ ਦੇ ਸਾਹਮਣੇ ਖੁਦ ਬ ਖੁਦ ਲਿਆ ਕੇ ਰੱਖ ਦੇਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News