ਤਰਨਤਾਰਨ ਤੋਂ ਵੱਡੀ ਖ਼ਬਰ, ਮੁੰਡੇ ਨੇ ਤਾਏ ਤੇ ਚਚੇਰੇ ਭਰਾ 'ਤੇ ਚਲਾਈਆਂ ਗੋਲ਼ੀਆਂ, ਮਾਮਲਾ ਦਰਜ

Thursday, Feb 02, 2023 - 05:01 PM (IST)

ਤਰਨਤਾਰਨ (ਰਮਨ,ਜ.ਬ)- ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਸਖੀਰਾ ਵਿਖੇ ਪੁੱਤ ਵਲੋਂ ਪਿਤਾ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾਣ ਤੋਂ ਰੋਕਣ ’ਤੇ ਚਚੇਰੇ ਭਰਾ ਅਤੇ ਤਾਏ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਸ ਨੇ 7 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਗੁਰਲਾਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਸਖੀਰਾ ਨੇ ਦੱਸਿਆ ਕਿ ਉਸ ਦੇ ਤਾਏ ਦਾ ਮੁੰਡਾ ਕੈਪਟਨ ਸਿੰਘ ਜੋ ਕਿ ਪਿਛਲੇ 10 ਸਾਲ ਤੋਂ ਤਰਨਤਾਰਨ ਵਿਚ ਰਹਿ ਰਿਹਾ ਹੈ ਅਤੇ ਆਪਣੇ ਪਿਤਾ ਅਤੇ ਭੈਣ ਦੀ ਅਕਸਰ ਕੁੱਟ ਮਾਰ ਕਰਦਾ ਹੈ, ਜਿਸ ਕਰਕੇ ਉਸ ਦਾ ਤਾਇਆ ਮੁਖਤਾਰ ਸਿੰਘ ਅਤੇ ਉਸ ਦੀ ਕੁੜੀ ਰਾਜਵਿੰਦਰ ਕੌਰ ਉਨ੍ਹਾਂ ਪਾਸ ਪਿੰਡ ਸਖੀਰਾ ਆਏ ਸਨ। ਜਿਨ੍ਹਾਂ ਨੂੰ ਵਾਪਸ ਲਿਜਾਣ ਲਈ ਕੈਪਟਨ ਸਿੰਘ ਵੀ ਆਪਣੇ 6 ਸਾਥੀਆਂ ਨਾਲ ਉਨ੍ਹਾਂ ਦੇ ਪਿੰਡ ਸਖੀਰਾ ਆ ਗਿਆ ਅਤੇ ਆਪਣੇ ਪਿਤਾ ਨੂੰ ਨਾਲ ਵਾਪਸ ਜਾਣ ਲਈ ਕਹਿਣ ਲੱਗ ਪਿਆ। 

ਇਹ ਵੀ ਪੜ੍ਹੋ- 1984 ਦੇ ਫ਼ੌਜੀ ਹਮਲੇ ਸਬੰਧੀ ਯਾਦਗਾਰ ਨੂੰ ਪਲਸਤਰ ਕਰਨ ਦੀਆਂ ਅਫਵਾਹਾਂ 'ਤੇ SGPC ਨੇ ਦਿੱਤਾ ਸਪੱਸ਼ਟੀਕਰਨ

ਜਦ ਉਸ ਦੇ ਪਿਤਾ ਮੁਖਤਾਰ ਸਿੰਘ ਨੇ ਨਾਲ ਜਾਣ ਤੋਂ ਇਨਕਾਰ ਕੀਤਾ ਅਤੇ ਉਸ ਨੇ ਵੀ ਕੈਪਟਨ ਸਿੰਘ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀਆਂ ਨੇ ਜਾਨੋਂ ਮਾਰਨ ਦੀ ਨੀਯਤ ਨਾਲ ਫ਼ਾਇਰ ਕਰ ਦਿੱਤੇ। ਜਿਸ ਨਾਲ ਉਹ ਅਤੇ ਉਸ ਦਾ ਤਾਇਆ ਮਹਿੰਦਰ ਸਿੰਘ ਜ਼ਖ਼ਮੀ ਹੋ ਗਏ। ਉਨ੍ਹਾਂ ਵਲੋਂ ਰੌਲਾ ਪਾਉਣ ’ਤੇ ਉਕਤ ਵਿਅਕਤੀ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।

ਇਸ ਸਬੰਧੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨ ’ਤੇ ਕੈਪਟਨ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਤਰਨਤਾਰਨ ਅਤੇ 6 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 20 ਧਾਰਾ 307/336/427/148/149 ਆਈ.ਪੀ.ਸੀ., 25/27/54/59 ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News