ਸੱਪ ਦੇ ਡੱਸੇ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ

07/06/2018 9:53:50 AM

ਝਬਾਲ (ਲਾਲੂਘੁੰਮਣ)— ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਦੇ ਨੇੜੇ ਬਹਿਕਾਂ 'ਤੇ ਰਹਿੰਦੇ ਇਕ ਕਿਸਾਨ ਦਿਲਬਾਗ ਸਿੰਘ ਦੇ ਨੌਜਵਾਨ ਲੜਕੇ ਅਨੁਰਾਗ ਸਿੰਘ (17) ਜਿਸ ਨੂੰ ਬੀਤੇ ਦਿਨੀਂ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ, ਦੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ 'ਚ ਅੱਜ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਅਤੇ ਉਸ ਦੀ ਪਤਨੀ ਕੁਲਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਰਾਤ ਦੇ ਸਮੇਂ ਜਦੋਂ ਉਨ੍ਹਾਂ ਦਾ ਲੜਕਾ ਕਮਰੇ 'ਚ ਸੁੱਤਾ ਪਿਆ ਸੀ ਤਾਂ ਉਸ ਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੱਸ ਲਿਆ, ਜਿਸ ਸਬੰਧੀ ਅਨੁਰਾਗ ਨੇ ਖੁੱਦ ਉਨ੍ਹਾਂ ਨੂੰ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਉਨ੍ਹਾਂ ਨੇ ਅਨੁਰਾਗ ਸਿੰਘ ਨੂੰ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਅਮਿੰ੍ਰਤਸਰ ਵਿਖੇ ਦਾਖ਼ਲ ਕਰਾਇਆ ਪਰ ਹਾਲਤ ਖਰਾਬ ਹੋਣ ਕਰਕੇ ਉਹ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਆਪਣੇ ਲੜਕੇ ਦਾ ਇਲਾਜ ਕਰਾ ਰਹੇ ਸਨ। ਉਨ੍ਹਾਂ ਦੱਸਿਆ ਕਿ ਅੱਜ ਤੜਕੇ 6 ਵਜੇ ਡਾਕਟਰਾਂ ਵੱਲੋਂ ਅਨੁਰਾਗ ਸਿੰਘ ਨੂੰ ਮ੍ਰਿਤਕ ਐਲਾਣ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਅਨੁਰਾਗ ਸਿੰਘ ਇਸ ਸਮੇਂ ਬੀੜ ਸਾਹਿਬ ਪਬਲਿਕ ਸਕੂਲ ਦੀ 9ਵੀਂ ਜਮਾਤ 'ਚ ਪੜ੍ਹਦਾ ਸੀ 'ਤੇ ਉਹ ਦੋ ਭੈਣਾਂ ਦਾ ਭਰਾ ਅਤੇ ਕਿਸਾਨ ਦਿਲਬਾਗ ਸਿੰਘ ਦੀ ਇਕਲੌਤੀ ਸੰਤਾਨ ਸੀ। ਇਸ ਸਮੇਂ ਪੀੜਤ ਕਿਸਾਨ ਦਿਲਬਾਗ ਸਿੰਘ ਨਾਲ ਗੁਰਦੁਆਰਾ ਬੀੜ ਸਾਹਿਬ ਦੇ ਮੈਨੇਜਰ ਜਥੇਦਾਰ ਜਗਜੀਤ ਸਿੰਘ ਸਾਂਘਣਾ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ, ਸਕੂਲ ਪ੍ਰਿੰਸੀਪਲ ਤਰਨਜੀਤ ਸਿੰਘ, ਹੈੱਡ ਗ੍ਰੰਥੀ ਗੁ. ਬੀੜ ਸਾਹਿਬ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਕੈਪਟਨ ਸਿੰਘ ਬਘਿਆੜੀ, ਬਲਾਕ ਸੰਮਤੀ ਮੈਂਬਰ ਮਨਜਿੰਦਰ ਸਿੰਘ ਬਘਿਆੜੀ, ਪ੍ਰਤਾਪ ਸਿੰਘ ਠੱਠਾ, ਭਾਈ ਮਨਹੋਰ ਸਿੰਘ ਠੱਠਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜ਼ਿਲਾ ਪ੍ਰਸਾਸ਼ਨ ਤੋਂ ਕਿਸਾਨ ਦਿਲਬਾਗ ਸਿੰਘ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ ਹੈ। 


Related News