''31 ਮਾਰਚ ਤਕ 5000 ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਕੀਤਾ ਜਾਵੇਗਾ ਵਿਕਸਤ''

01/22/2019 6:44:25 PM

ਅੰਮ੍ਰਿਤਸਰ,(ਵਾਲੀਆ)— ਸਰਕਾਰ ਵਲੋਂ 31 ਮਾਰਚ ਤਕ 5000 ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਹੁਣ ਤੱਕ 3000 ਦੇ ਕਰੀਬ ਸਕੂਲ ਸਮਾਰਟ ਸਕੂਲ ਬਣ ਚੁੱਕੇ ਹਨ ਅਤੇ ਆਉਂਦੇ 2 ਮਹੀਨਿਆਂ 'ਚ ਬਾਕੀ ਰਹਿੰਦੇ 2000 ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕਰ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵੇਰਕਾ ਵਿਖੇ ਮਨਾਏ ਗਏ ਸਲਾਨਾ ਇਨਾਮ ਵੰਡ ਸਮਾਗਮ ਦੌਰਾਨ ਕੀਤਾ। ਸੋਨੀ ਨੇ ਕਿਹਾ ਕਿ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ । ਸੋਨੀ ਨੇ ਕਿਹਾ ਕਿ ਇਸ ਵਾਰ ਜਿੰਨ੍ਹਾਂ ਸਕੂਲਾਂ ਦੇ ਰਿਜਲਟ ਵਧੀਆ ਆਉਣਗੇ, ਉਨ੍ਹਾਂ ਦੇ ਪ੍ਰਿੰਸੀਪਲਾਂ ਨੂੰ ਸਨਮਾਨਤ ਕੀਤਾ ਜਾਵੇਗਾ ਅਤੇ ਮਾੜੇ ਨਤੀਜੇ ਆਉਣ ਦੀ ਸੂਰਤ 'ਚ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਜਿੰਮੇਵਾਰੀ ਨਿਸ਼ਚਤ ਕੀਤੀ ਜਾਵੇਗੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਬਾਰਡਰ ਏਰੀਆ ਦੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਸਰਕਾਰੀ ਸਕੂਲਾਂ 'ਚ ਫਰਨੀਚਰ ਅਤੇ ਕਿਤਾਬਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸੋਨੀ ਨੇ ਦੱਸਿਆ ਕਿ ਬੱਚਿਆਂ ਨੂੰ ਚੰਗੇਰੀ ਸਿੱਖਿਆ ਦੇਣ ਲਈ ਹੁਣ ਸਰਕਾਰੀ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਤੋਂ ਹੀ ਅੰਗਰੇਜੀ ਵਿਸ਼ੇ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਵੱਲੋ ਸਮਾਰੋਹ ਦੌਰਾਨ ਬੱਚਿਆਂ ਨੂੰ ਇਨਾਮ ਵੀ ਦਿੱਤੇ। ਇਸ ਤੋਂ ਪਹਿਲਾਂ ਸਕੂਲੀ ਬੱਚਿਆਂ ਵੱਲੋਂ ਸ਼ਬਦ ਗਾਇਨ ਵੀ ਕੀਤਾ ਗਿਆ ਅਤੇ ਸਿੱਖਿਆ ਮੰਤਰੀ ਨੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।

ਸੋਨੀ ਨੇ ਵੇਰਕਾ ਸਕੂਲ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਕੂਲ 'ਚੋਂ ਕਈ ਵਿਦਿਆਰਥੀ ਪੜ ਕੇ ਉੱਚ ਅਹੁੱਦਿਆਂ ਤੱਕ ਪਹੁੰਚੇ ਹਨ ਅਤੇ ਕਈ ਡੀ. ਸੀ, ਜੱਜ, ਡਾਕਟਰ ਅਤੇ ਇੰਜੀਨੀਅਰ ਵੀ ਬਣੇ ਹਨ। ਉਨ੍ਹਾਂ ਦੱਸਿਆ ਕਿ ਇਸੇ ਹੀ ਸਕੂਲ ਤੋਂ ਪੜ ਕੇ ਵਿਦਿਆਰਥੀ ਇਸੇ ਹੀ ਸਕੂਲ 'ਚ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਯੋਗਤਾ ਬਹੁਤ ਵਧੀਆ ਹੈ ਅਤੇ ਆਪਣੀ ਮਿਹਨਤ ਨਾਲ ਬੱਚਿਆਂ ਨੂੰ ਪੜਾ ਰਹੇ ਹਨ। ਉਨਾਂ ਕਿਹਾ ਕਿ ਜੇਕਰ ਅਧਿਆਪਕ ਹੋਰ ਮਿਹਨਤ ਕਰਨ ਤਾਂ ਸਾਡੇ ਪੰਜਾਬ ਦੇ ਸਕੂਲ ਦੇਸ਼ ਵਿੱਚੋਂ ਇਕ ਨੰਬਰ ਤੇ ਹੋਣਗੇ। ਸੋਨੀ ਨੇ ਕਿਹਾ ਕਿ ਬੱਚਿਆਂ ਦੀ ਸਿਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸਿਖਿਆ ਮੰਤਰੀ ਨੇ ਵੇਰਕਾ ਸਕੂਲ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਛੇਤੀ ਹੀ ਇਸ ਸਕੂਲ ਵਿੱਚ ਸਾਇੰਸ ਅਤੇ ਕਾਮਰਸ ਦੀਆਂ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਬੱਚਿਆਂ ਨੂੰ ਨੇਕ ਨੀਤੀ ਅਤੇ ਇਮਾਨਦਾਰੀ ਨਾਲ ਪੜਾਈਏ ਤਾਂ ਜੋ ਬੱਚੇ ਆਪਣੇ ਮਾਂ -ਪਿਓ, ਸਕੂਲ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਉਨਾਂ ਕਿਹਾ ਕਿ ਉਨਾਂ ਨੂੰ ਪੂਰੀ ਆਸ ਹੈ ਕਿ ਇਸ ਵਾਰ ਸਰਕਾਰੀ ਸਕੂਲਾਂ ਦੇ ਨਤੀਜੇ ਬੇਹਤਰ ਹੋਣਗੇ। ਇਸ ਮੌਕੇ ਸੋਨੀ ਨੇ ਦੱਸਿਆ ਕਿ ਇਸ ਸਕੂਲ ਦੀ ਜਮੀਨ ਨੂੰ ਰਸਾਲਦਾਰ ਸਵਰਗੀ ਇੰਦਰ ਸਿੰਘ ਦੁਆਰਾ ਦਾਨ ਕੀਤਾ ਗਿਆ ਸੀ। ਉਨਾਂ ਕਿਹਾ ਕਿ ਜਿਹੜੀਆਂ ਸਖਸ਼ੀਅਤਾਂ ਸਮਾਜ ਲਈ ਕੁਝ ਕਰਦੀਆਂ ਹਨ ਉਨਾਂ ਦਾ ਨਾਮ ਹਮੇਸ਼ਾਂ ਲੋਕਾਂ ਦੇ ਮਨਾਂ ਵਿੱਚ ਰਹਿੰਦਾ ਹੈ। ਸੋਨੀ ਨੇ ਰਸਾਲਦਾਰ ਇੰਦਰ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।


Related News