ਮੋਬਾਇਲ ਖਰੀਦਣ ਨੂੰ ਲੈ ਹੋਈ ਤਕਰਾਰ ਦੌਰਾਨ ਘਰ ’ਚ ਆ ਕੇ ਮਾਰੀ ਗੋਲ਼ੀ, 4 ਨਾਮਜ਼ਦ
Monday, Dec 04, 2023 - 07:55 PM (IST)
ਤਰਨਤਾਰਨ (ਰਮਨ) : ਥਾਣਾ ਸਰਹਾਲੀ ਦੀ ਪੁਲਸ ਨੇ ਮੋਬਾਇਲ ਖਰੀਦਣ ਦੌਰਾਨ ਹੋਏ ਤਕਰਾਰ ਤੋਂ ਬਾਅਦ ਘਰ ’ਚ ਆ ਕੇ ਗੋਲ਼ੀ ਚਲਾਉਣ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦ ਕਿ ਜ਼ਖ਼ਮੀ ਮੁੱਦਈ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਥਾਣਾ ਸਰਹਾਲੀ ਦੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਗੁਰਬਿੰਦਰ ਸਿੰਘ ਪੁੱਤਰ ਧੀਰਾ ਸਿੰਘ ਵਾਸੀ ਦਰਗਾਪੁਰ ਨੇ ਦੱਸਿਆ ਕਿ ਜੋਧਵੀਰ ਸਿੰਘ ਉਸ ਦਾ ਦੋਸਤ ਹੈ ਤੇ ਅਜੇ ਵਾਸੀ ਅਲਾਦੀਨਪੁਰ ਉਸ ਦੀ ਭੂਆ ਦਾ ਲੜਕਾ ਹੈ, ਜੋ ਅਕਸਰ ਆਪਣੇ ਨਾਨਕੇ ਪਿੰਡ ਦਰਗਾਪੁਰ ਆਉਂਦਾ ਰਹਿੰਦਾ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮ ਹੁਣ ਸੋਸ਼ਲ ਮੀਡੀਆ 'ਤੇ ਨਹੀਂ ਪਾ ਸਕਣਗੇ ਫੋਟੋਆਂ, ਜਾਣੋ ਪੂਰਾ ਮਾਮਲਾ
ਗੁਰਬਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਜੋਧਵੀਰ ਸਿੰਘ ਨੂੰ ਇਕ ਮੋਬਾਇਲ ਲੈਣ ਸਬੰਧੀ ਗੱਲ ਕੀਤੀ, ਜਿਸ ਬਾਰੇ ਜੋਧਵੀਰ ਨੇ ਕਿਹਾ ਕਿ ਉਸ ਦੀ ਭੂਆ ਦੇ ਲੜਕੇ ਅਜੇ ਕੋਲ ਇਕ ਮੋਬਾਇਲ ਹੈ, ਜਿਸ ਨੇ ਉਹ ਵੇਚਣਾ ਹੈ। ਇਹ ਮੋਬਾਇਲ ਖਰੀਦਣ ਸਬੰਧੀ ਉਸ ਨੇ 5500 ਅਜੇ ਨੂੰ ਦੇ ਦਿੱਤੇ ਪਰ ਉਸ ਨੇ ਮੋਬਾਇਲ ਨਹੀਂ ਦਿੱਤਾ। ਬੀਤੀ 2 ਦਸੰਬਰ ਨੂੰ ਜਦੋਂ ਉਹ ਸ਼ਾਮ 6 ਵਜੇ ਆਪਣੇ ਘਰ ’ਚ ਸੀ ਤਾਂ ਅਜੇ ਪੁੱਤਰ ਜਸਵੰਤ ਸਿੰਘ, ਪੀਤਾ ਪੁੱਤਰ ਜਸਵੰਤ ਸਿੰਘ ਵਾਸੀ ਅਲਾਦੀਨਪੁਰ, ਜੋਧਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਦਰਗਾਪੁਰ ਅਤੇ ਬਾਗੂ ਪੁੱਤਰ ਕੁਲਦੀਪ ਸਿੰਘ ਵਾਸੀ ਠੱਠੀਆਂ ਮਹੰਤਾਂ ਉਸ ਦੇ ਘਰ ਆਏ ਤੇ ਅਜੇ ਨੇ ਉਸ ਨਾਲ ਬਿਨਾਂ ਕੋਈ ਗੱਲ ਕੀਤੇ ਆਪਣੇ ਪਿਸਟਲ ਨਾਲ ਉਸ ਦੀ ਸੱਜੀ ਲੱਤ ’ਤੇ ਗੋਲ਼ੀ ਮਾਰ ਦਿੱਤੀ, ਜਿਸ ਤੋਂ ਬਾਅਦ ਚਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਾਲੀ ਦੇ ਸਬ-ਇੰਸਪੈਕਟਰ ਵਿਪਨ ਕੁਮਾਰ ਨੇ ਦੱਸਿਆ ਕਿ ਗੁਰਿੰਦਰ ਸਿੰਘ ਦੇ ਬਿਆਨਾਂ 'ਤੇ ਉਕਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਗੁਰਬਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8