ਮੰਗਾਂ ਸਬੰਧੀ ਸਫਾਈ, ਸੀਵਰੇਜ ਮੁਲਾਜ਼ਮਾਂ ਨੇ 72 ਘੰਟਿਆਂ ਦਾ ਦਿੱਤਾ ਨੋਟਿਸ

Wednesday, Aug 15, 2018 - 11:36 AM (IST)

ਮੰਗਾਂ ਸਬੰਧੀ ਸਫਾਈ, ਸੀਵਰੇਜ ਮੁਲਾਜ਼ਮਾਂ ਨੇ 72 ਘੰਟਿਆਂ ਦਾ ਦਿੱਤਾ ਨੋਟਿਸ

ਅੰਮ੍ਰਿਤਸਰ,  (ਵੜੈਚ)—ਮੰਗਾਂ ਨੂੰ ਲੈ ਕੇ ਨਿਗਮ ਮੁਲਾਜ਼ਮਾਂ ਨੇ ਅਧਿਕਾਰੀਆਂ ਖਿਲਾਫ ਜੰਮ ਦੇ ਨਾਅਰੇਬਾਜ਼ੀ ਕੀਤੀ। ਸਫਾਈ ਮਜ਼ਦੂਰ ਯੂਨੀਅਨ ਨਗਰ ਨਿਗਮ (ਇੰਟਕ) ਦੇ ਪ੍ਰਧਾਨ ਵਿਨੋਦ ਬਿੱਟਾ ਦੀ ਅਗਵਾਈ 'ਚ 
ਮੁਲਾਜ਼ਮਾਂ ਨੇ 72 ਘੰਟਿਆਂ 'ਚ ਮੰਗਾਂ ਪੂਰੀਆਂ ਨਾ ਕਰਨ ਉਪਰੰਤ ਹੜਤਾਲ ਦਾ ਨੋਟਿਸ ਦਿੱਤਾ। ਯੂਨੀਅਨ ਵੱਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਨਾਂ ਜਾਰੀ ਨੋਟਿਸ ਨਿੱਜੀ ਸਹਾਇਕ ਆਸ਼ੀਸ਼ ਕੁਮਾਰ ਤੇ ਕਮਿਸ਼ਨਰ ਸੋਨਾਲੀ ਗਿਰੀ ਦੇ ਨਾਂ ਜਾਰੀ ਨੋਟਿਸ ਨਿੱਜੀ ਸਹਾਇਕ ਅਨਿਲ ਅਰੋੜਾ ਨੂੰ ਦਿੱਤਾ ਗਿਆ। ਕਾਂਗਰਸ ਦੇ ਬਣੇ ਹਾਊਸ ਦੌਰਾਨ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਪਹਿਲੀ ਵਾਰ ਮੰਗਾਂ ਨੂੰ ਲੈ ਕੇ ਬਿਗੁਲ ਵਜਾਇਆ ਗਿਆ, ਜਦਕਿ ਇਸ ਤੋਂ ਪਹਿਲਾਂ ਸਾਂਝੀ ਸੰਘਰਸ਼ ਕਮੇਟੀ ਦੀਆਂ ਲੜੀਵਾਰ ਹੜਤਾਲਾਂ ਅਕਸਰ ਚਰਚਾ ਦਾ ਵਿਸ਼ਾ ਰਹਿੰਦੀਆਂ ਸਨ।

ਯੂਨੀਅਨ ਆਗੂ ਵਿਨੋਦ ਬਿੱਟਾ ਨੇ ਕਿਹਾ ਕਿ ਕਮਿਸ਼ਨਰ ਵੱਲੋਂ ਮੁਲਾਜ਼ਮਾਂ ਦੀ ਸਾਢੇ 14 ਕਰੋੜ ਪੀ. ਐੱਫ. ਦੀ ਰਕਮ ਮੁਲਾਜ਼ਮਾਂ ਦੇ ਖਾਤਿਆਂ ਵਿਚ ਪਾ ਕੇ ਪਾਸਬੁੱਕਾਂ 'ਤੇ ਦਰਜ ਨਹੀਂ ਕਰਵਾਈ ਜਾ ਰਹੀ, ਸਿਹਤ ਵਿਭਾਗ ਵਿਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਅਮਲਾ ਕਲਰਕਾਂ ਵੱਲੋਂ ਸੀਟ 'ਤੇ ਨਾ ਬੈਠਣ ਤੇ ਕੰਮ ਨਾ ਕਰਨ ਦੀਆਂ ਸ਼ਿਕਾਇਤਾਂ 'ਤੇ ਗੌਰ ਨਹੀਂ ਕੀਤਾ ਜਾ ਰਿਹਾ, ਤਨਖਾਹਾਂ ਜਾਰੀ ਕਰਨ ਵਾਲੀਆਂ ਡਵੀਜ਼ਨਾਂ ਵਿਚ ਸਫਾਈ ਕਰਮਚਾਰੀਆਂ ਦੀ ਡਿਊਟੀ ਲਾਈ ਜਾਵੇ, ਵਾਰਡਬੰਦੀ ਅਨੁਸਾਰ ਸਫਾਈ ਸੇਵਾਵਾਂ ਦੀ ਵੰਡ ਕਰ ਕੇ ਸਖਤੀ ਕੀਤੀ ਗਈ ਹੈ, ਜਦਕਿ ਪੱਕੇ ਡਰਾਈਵਰ ਪ੍ਰਾਈਵੇਟ ਡਰਾਈਵਰਾਂ ਜ਼ਰੀਏ ਕੰਮ ਕਰਵਾ ਰਹੇ ਹਨ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ, ਸੁਪਰਡੈਂਟ ਕਲਰਕ ਮਿਲੀਭੁਗਤ ਨਾਲ ਨਿਗਮ ਨਗਰ ਦੀ ਛਵੀ ਖ਼ਰਾਬ ਕਰਨ ਵਾਲਿਆਂ ਦੀ ਬਦਲੀ ਕੀਤੀ ਜਾਵੇ, ਤਨਖਾਹ ਲਈ ਨਿਰਧਾਰਤ ਤਰੀਕ ਅਨੁਸਾਰ ਅਦਾਇਗੀ ਕੀਤੀ ਜਾਵੇ, ਸਫਾਈ ਸੇਵਕਾਂ ਨੂੰ ਦਫਤਰ ਦੇ ਮੁਲਾਜ਼ਮਾਂ ਦੀ ਤਰ੍ਹਾਂ ਸ਼ਨੀ, ਐਤਵਾਰ ਤੇ ਤਿਉਹਾਰਾਂ ਦੀਆਂ ਛੁੱਟੀਆਂ ਦਿੱਤੀਆਂ ਜਾਣ, ਮੁਲਾਜ਼ਮਾਂ ਦੀਆਂ ਵਰਦੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕੀਤਾ ਜਾਵੇ, ਕਰਮਚਾਰੀਆਂ ਦੀਆਂ ਤਨਖਾਹਾਂ 'ਚੋਂ 200 ਰੁਪਏ ਕੱਟਿਆ ਜਾਣ ਵਾਲਾ ਜਜੀਆ ਟੈਕਸ ਬੰਦ ਕੀਤਾ ਜਾਵੇ।

ਇਸ ਮੌਕੇ ਕਸਤੂਰੀ ਲਾਲ, ਵਿਜੇ ਕੁਮਾਰ, ਸਫਾਈ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਸ਼ੋਕ ਹੰਸ, ਦੀਪਕ ਗਿੱਲ, ਸੁਰਿੰਦਰ ਕੁਮਾਰ, ਰਜਿੰਦਰ ਸਿੰਘ, ਜਗਦੀਸ਼ ਕੁਮਾਰ, ਕਿਰਪਾਲ ਸਿੰਘ, ਅਸ਼ਵਨੀ ਕੁਮਾਰ, ਪਰਮਜੀਤ ਸਿੰਘ, ਵਿਜੇ ਕੁਮਾਰ, ਕੇਵਲ ਕੁਮਾਰ ਤੇ ਬੱਲੂ ਕੁਮਾਰ ਸਮੇਤ ਕਈ ਕਰਮਚਾਰੀ ਮੌਜੂਦ ਸਨ।

ਅਕਾਊਂਟ ਬ੍ਰਾਂਚ 'ਚ ਗੂੰਜੇ ਨਾਅਰੇ
ਮੰਗਾਂ ਪੂਰੀਆਂ ਨਾ ਹੋਣ ਦੇ ਵਿਰੋਧ 'ਚ ਮੁਲਾਜ਼ਮਾਂ ਨੇ ਨਿਗਮ ਦੇ ਦਫਤਰਾਂ ਸਮੇਤ ਅਕਾਊਂਟ ਵਿਭਾਗ 'ਚ ਜਾ ਕੇ ਵੀ ਨਾਅਰੇ ਲਾਏ। ਇਸ ਤੋਂ ਇਲਾਵਾ ਦਫਤਰ ਅੰਦਰ ਬਾਲਕੋਨੀ 'ਚ ਰੋਸ ਮਾਰਚ ਕਰਦਿਆਂ ਕਮਿਸ਼ਨਰ ਤੇ ਮੇਅਰ ਦੇ ਦਫਤਰ ਅੱਗੇ ਵੀ ਪ੍ਰਸ਼ਾਸਨ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

1600 ਤੋਂ 2200 ਮਹੀਨਾ ਕੱਟਿਆ ਜਾਂਦਾ ਪੀ. ਐੱਫ. ਕਿਥੇ ਗਿਆ : ਨਾਹਰ
ਮਿਊਂਸੀਪਲ ਯੂਥ ਇੰਪਲਾਈਜ਼ ਫੈੱਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਨੇ ਕਿਹਾ ਕਿ ਨਗਰ ਨਿਗਮ ਵਿਚ ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪਿਛਲੇ ਕਰੀਬ 8 ਸਾਲਾਂ ਤੋਂ ਮੁਲਾਜ਼ਮਾਂ ਦਾ 1600 ਤੋਂ 2200 ਤੱਕ ਕੱਟਿਆ ਜਾਂਦਾ ਪੀ. ਐੱਫ. ਕਿਤੇ ਨਜ਼ਰ ਨਹੀਂ ਆ ਰਿਹਾ। ਸਾਲ 2012 ਵਿਚ ਭਰਤੀ ਕੀਤੇ 444 ਮੁਲਾਜ਼ਮਾਂ ਨੂੰ ਨਾ ਹੀ ਪੀ. ਐੱਫ. ਦੀਆਂ ਕਾਪੀਆਂ ਦਿੱਤੀਆਂ ਗਈਆਂ ਤੇ ਨਾ ਹੀ ਪੀ. ਐੱਫ. ਖਾਤਿਆਂ ਵਿਚ ਪਾਇਆ ਗਿਆ ਹੈ। ਅਖੀਰ ਪੀ. ਐੱਫ. ਤੇ ਉਸ ਦੇ ਵਿਆਜ ਦਾ ਕੌਣ ਹਰਜਾਨਾ ਭੁਗਤੇਗਾ। ਮੁਲਾਜ਼ਮ ਨਿਗਮ ਵਿਚ ਖੁਦ ਨੂੰ ਲਾਵਾਰਸ ਮਹਿਸੂਸ ਕਰ ਰਹੇ ਹਨ।


Related News