ਸੰਯੁਕਤ ਕਿਸਾਨ ਮੋਰਚੇ ਨੇ ਗੁਰਦਾਸਪੁਰ ਸ਼ਹਿਰ ’ਚ ਕੀਤਾ ਰੋਸ ਪ੍ਰਦਰਸ਼ਨ, ਡੀ.ਸੀ ਨੂੰ ਸੌਂਪਿਆ ਮੰਗ ਪੱਤਰ

09/05/2022 5:16:57 PM

ਗੁਰਦਾਸਪੁਰ (ਜੀਤ ਮਠਾਰੂ) - ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਸਮੂਹ ਜੱਥੇਬੰਦੀਆਂ ਦੇ ਆਗੂਆਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ’ਚ ਪ੍ਰਦਰਸ਼ਨ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਪਿਆ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬੀਮਾਰੀ, ਗੰਨੇ ਦਾ ਭਾਅ ਅਤੇ ਬਕਾਇਆ ਅਦਾਇਗੀ, ਦਰਿਆਵਾਂ ਵਿੱਚ ਡਿੱਗਦੇ ਪ੍ਰਦੂਸ਼ਿਤ ਪਾਣੀ ਦੀਆਂ ਮੰਗਾਂ ਨੂੰ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਆਗੂਆਂ ਨੇ ਕਿਹਾ ਕਿ ਪਸ਼ੂਆਂ ਅੰਦਰ ਫੈਲੀ ਲੰਪੀ ਸਕਿਨ ਬੀਮਾਰੀ ਬੜੀ ਤੇਜੀ ਨਾਲ ਫੈਲ ਰਹੀ ਹੈ, ਜੋ ਮਹਾਂਮਾਰੀ ਦਾ ਰੂਪ ਲੈ ਚੁੱਕੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਪਸ਼ੂ ਮਰ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ 'ਚ ਨਸ਼ੇ ਦੀ ਓਵਰਡੋਜ਼ ਨਾਲ 2 ਸਕੇ ਭਰਾਵਾਂ ਦੀ ਮੌਤ, ਵੱਡੇ ਦੇ ਭੋਗ ਤੋਂ ਪਹਿਲਾਂ ਉੱਠੀ ਛੋਟੇ ਦੀ ਵੀ ਅਰਥੀ

ਉਨ੍ਹਾਂ ਕਿਹਾ ਕਿ ਕਿਸਾਨ ਮਰੇ ਪਸ਼ੂਆਂ ਨੂੰ ਦੱਬਣ ਲਈ ਖ਼ਰਚਾ ਕਰ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਲੰਪੀ ਸਕਿਨ ਰੋਗ ਸਬੰਧੀ ਗੰਭੀਰ ਹਾਲਤਾਂ ਨੂੰ ਐਮਰਜੈਂਸੀ ਹਾਲਤ ਐਲਾਨ ਕਰੇ। ਇਸ ਰੋਗ ਨਾਲ ਮਰੇ ਪਸ਼ੂਆਂ ਦਾ ਇੱਕ-ਇਕ ਲੱਖ ਰੁਪਏ ਪ੍ਰਤੀ ਪਸ਼ੂ ਅਤੇ ਬੀਮਾਰ ਹੋਏ ਪਸ਼ੂ ਦਾ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜਾ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਰਦਾ ਅਤੇ ਬੀਮਾਰ ਪਸ਼ੂਆਂ ਦੀ ਗਿਣਤੀ ਕਰਵਾਉਣ ਦਾ ਹੁਕਮ ਜਾਰੀ ਕਰੇ ਤਾਂ ਜੋ ਪੀੜਤ ਵਿਅਕਤੀਆਂ ਨੂੰ ਮੁਆਵਜਾ ਦਿੱਤਾ ਜਾ ਸਕੇ। ਉਨ੍ਹਾਂ ਮਹਾਂਮਾਰੀ ਦੀ ਰੋਕਥਾਮ ਨਾਲ-ਨਾਲ ਮੁਫ਼ਤ ਇਲਾਜ ਦਾ ਪਿੰਡ ਪੱਧਰ ਤੱਕ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਪਸ਼ੂ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਫਾਰਮਾਸਿਸਟਾਂ ਦੀਆਂ ਖਾਲੀਆਂ ਅਸਾਮੀਆਂ ਜਲਦੀ ਭਰਨ, ਗੰਨਾ ਕਾਸ਼ਤਕਾਰਾਂ ਦੇ ਸਹਿਕਾਰੀ ਮਿੱਲਾਂ ਵੱਲ ਖੜੀ ਬਕਾਇਆ ਅਦਾਇਗੀ ਦੀਆਂ ਦੋ ਕਿਸ਼ਤਾਂ ਜਾਰੀ ਕਰਨ ਦੀ ਵੀ ਮੰਗ ਕੀਤੀ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ-ਗੁਰਦਾਸਪੁਰ ਹਾਈਵੇਅ 'ਤੇ ਟਰਾਲੇ ’ਚੋਂ ਮਿਲੀ ਡਰਾਈਵਰ ਦੀ ਲਾਸ਼, ਪੁਲਸ ਵੱਲੋਂ ਹੈਰਾਨੀਜਨਕ ਖ਼ੁਲਾਸਾ

ਉਨ੍ਹਾਂ ਕਿਹਾ ਕਿ ਗੰਨੇ ਦਾ ਭਾਅ 2022-23 ਦੇ ਸੀਜਨ ਲਈ 450 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ ਅਤੇ ਅੱਗੇ ਤੋਂ ਗੰਨੇ ਦਾ ਭਾਅ 2+50 ਫੀਸਦੀ ਤਹਿਤ ਦੇਣ ਦੀ ਕਾਨੂੰਨੀ ਵਿਵਸਥਾ ਕੀਤੀ ਜਾਵੇ। ਪੰਜਾਬ ਦੀਆਂ ਪ੍ਰਾਈਵੇਟ ਗੰਨਾ ਮਿੱਲਾਂ ਵੱਲ ਗੰਨਾ ਕਾਸ਼ਤਕਾਰਾਂ ਦੀ ਖੜੀ ਬਕਾਇਆ ਰਕਮ ਦਵਾਉਣ ਲਈ ਸਰਕਾਰ ਮਿੱਲ ਮਾਲਕਾ 'ਤੇ ਦਬਾਅ ਪਾਵੇ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਬਕਾਇਆ ਰਾਸ਼ੀ 'ਤੇ ਗੰਨਾ ਕੰਟਰੋਲ ਆਡਰ 1966 ਅਨੁਸਾਰ ਕਿਸਾਨਾਂ ਦੇ ਬਣਦੇ 15 ਫੀਸਦੀ ਵਿਆਜ ਦੀ ਰਕਮ ਸਮੇਤ ਕਿਸਾਨਾਂ ਦੀ ਬਕਾਇਆ ਰਾਸ਼ੀ ਤੁਰੰਤ ਅਦਾ ਕੀਤੀ ਜਾਵੇ। ਪੰਜਾਬ ਸਰਕਾਰ ਦੁੱਧ ਦਾ ਰੇਟ 10 ਰੁਪਏ ਪ੍ਰਤੀ ਫੈਟ ਯੂਨਿਟ ਕਰਕੇ ਨੋਟੀਫਿਕੇਸ਼ਨ ਜਾਰੀ ਕਰੇ। ਨਕਲੀ ਦੁੱਧ ਦੇ ਨਜਾਇਜ਼ ਧੰਦੇ ਨੂੰ ਸਖ਼ਤੀ ਨਾਲ ਠੱਲ ਪਾਈ ਜਾਵੇ। ਨਕਲੀ ਦੁੱਧ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਸਜਾ ਦੀ ਵਿਵਸਥਾ ਲਈ ਸੋਧ ਕਰਕੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਫ਼ਸਲਾਂ ਅਤੇ ਬਾਗਬਾਨੀ ਦੇ ਹੋਏ ਖ਼ਰਾਬੇ ਦਾ ਮੁਆਵਜਾ ਜਲਦੀ ਤੋਂ ਜਲਦੀ ਦਿੱਤਾ ਜਾਵੇ।


rajwinder kaur

Content Editor

Related News