ਡਾ. ਓਬਰਾਏ ਨੇ ਰੁਸਤਮ-ਏ-ਹਿੰਦ ਪਹਿਲਵਾਨ ਦੇ ਬੇਸਹਾਰਾ ਪਰਿਵਾਰ ਦੀ ਫੜੀ ਬਾਂਹ

03/29/2022 7:21:41 PM

ਬਟਾਲਾ (ਮਠਾਰੂ) : ਰੁਸਤਮ-ਏ-ਹਿੰਦ ਦਾ ਖਿਤਾਬ ਹਾਸਲ ਕਰਨ ਵਾਲੇ ਪਿੰਡ ਭਾਗੋਵਾਲ ਦੇ ਨਾਮਵਰ ਪਹਿਲਵਾਨ ਕੋਲਾ ਦੇ ਬੇਸਹਾਰਾ ਹੋਏ ਪਰਿਵਾਰ ਦੀ ਬਾਂਹ ਫੜਦਿਆਂ ਸੰਸਾਰ ਪ੍ਰਸਿੱਧ ਸਮਾਜ ਸੇਵੀ ਸ਼ਖਸੀਅਤ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਪਰਿਵਾਰ ਦੇ 2 ਮਹਿਲਾ ਮੈਂਬਰਾਂ ਦੀ ਮਹੀਨਾਵਾਰ ਪੈਨਸ਼ਨ ਲਗਾਈ ਗਈ ਹੈ। ਦੱਸਣਯੋਗ ਹੈ ਕਿ ਪ੍ਰਸਿੱਧ ਪਹਿਲਵਾਨ ਕੋਲਾ ਤੇ ਉਨ੍ਹਾਂ ਦੇ ਪੁੱਤਰ ਦਾ ਦਿਹਾਂਤ ਹੋ ਜਾਣ ਤੋਂ ਬਾਅਦ ਪਰਿਵਾਰ ਵਿਚ ਕੋਈ ਵੀ ਮਰਦ ਮੈਂਬਰ ਕਮਾਉਣ ਵਾਲਾ ਨਹੀਂ ਹੈ, ਜਦ ਕਿ ਪਰਿਵਾਰ 'ਚ ਬਜ਼ੁਰਗ ਮਾਤਾ, ਉਸ ਦੀ ਨੂੰਹ ਤੇ ਇਕ ਪੋਤਰੀ ਗ਼ਰੀਬੀ ਦੀ ਹਾਲਤ ਵਿਚ ਦਿਨ ਬਸਰ ਕਰ ਰਹੇ ਸਨ।

ਇਹ ਵੀ ਪੜ੍ਹੋ : ਜਾਇਦਾਦ ਲਈ ਬਜ਼ੁਰਗ ਮਾਪਿਆਂ ਦੀ ਕੀਤੀ ਕੁੱਟਮਾਰ, ਪੀੜਤਾਂ ਨੇ CM ਤੇ ਪੁਲਸ ਤੋਂ ਮੰਗਿਆ ਇਨਸਾਫ਼

ਜਦ ਇਹ ਮਾਮਲਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਦੇ ਧਿਆਨ 'ਚ ਆਇਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਟਰਸੱਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਕੋਲੋਂ ਪਰਿਵਾਰ ਦੀਆਂ 2 ਔਰਤਾਂ ਦੀ ਮਹੀਨਾਵਾਰ ਪੈਨਸ਼ਨ ਮਨਜ਼ੂਰ ਕਰਵਾਈ। ਅੱਜ ਪੈਨਸ਼ਨ ਦੇ ਪਹਿਲੇ ਚੈੱਕ ਦੇਣ ਲਈ ਪੰਜਾਬ ਸਟੇਟ ਐਡਵਾਈਜ਼ਰੀ ਬੋਰਡ ਦੇ ਸੀਨੀਅਰ ਮੈਂਬਰ ਅਤੇ ਜਨ ਕਲਿਆਣ ਚੈਰੀਟੇਬਲ ਸੁਸਾਇਟੀ ਦੇ ਨੌਜਵਾਨ ਸਟੇਟ ਐਵਾਰਡੀ ਪ੍ਰਧਾਨ ਤੇ ਸਮਾਜਸੇਵੀ ਆਗੂ ਹਰਮਨਜੀਤ ਸਿੰਘ ਗੁਰਾਇਆ ਤੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਕੌਂਸਲਰ ਦਵਿੰਦਰ ਸਿੰਘ ਟਰੱਸਟ ਦੇ ਮੈਂਬਰਾਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਚੈੱਕ ਦੇਣ ਲਈ ਹਸਪਤਾਲ 'ਚ ਹੀ ਪਹੁੰਚ ਗਏ ਕਿਉਂਕਿ ਬਜ਼ੁਰਗ ਮਾਤਾ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ 'ਚ ਦਾਖਲ ਸਨ।

ਇਹ ਵੀ ਪੜ੍ਹੋ : ਗੁਲਾਬੀ ਸੁੰਡੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਨੂੰ ਲੈ ਕੇ ਲੰਬੀ 'ਚ ਕਿਸਾਨਾਂ ਵੱਲੋਂ ਹਾਈਵੇ ਜਾਮ (ਵੀਡੀਓ)

ਇਸ ਮੌਕੇ ਸਮਾਜ ਸੇਵੀ ਹਰਮਨ ਗੁਰਾਇਆ ਨੇ ਕਿਹਾ ਕਿ ਮਾਣਯੋਗ ਡਾ. ਓਬਰਾਏ ਵੱਲੋਂ ਸਮਾਜ ਸੇਵੀ ਖੇਤਰ ਵਿਚ ਮਨੁੱਖਤਾ ਨੂੰ ਬਚਾਉਣ ਅਤੇ ਇਨਸਾਨੀਅਤ ਦੇ ਭਲੇ ਲਈ ਕੀਤੇ ਜਾ ਰਹੇ ਪਰਉਪਕਾਰੀ ਕਾਰਜ਼ਾਂ ਦੀ ਗਿਣਤੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਦੀਨ-ਦੁਖੀਆਂ, ਗ਼ਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਅਤੇ ਸਾਰ ਲੈਣੀ ਡਾ. ਓਬਰਾਏ ਦੇ ਹਿੱਸੇ ਆਉਂਦਾ ਹੈ। ਹਰਮਨ ਗੁਰਾਇਆ ਨੇ ਟਰੱਸਟ ਦੀ ਜ਼ਿਲ੍ਹਾ ਟੀਮ ਵੱਲੋਂ ਕੀਤੇ ਜਾ ਰਹੇ ਨੇਕ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਪਹਿਲਵਾਨ ਦੇ ਪਰਿਵਾਰ ਨੇ ਡਾ. ਐੱਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਸਰਕਾਰ ਜਾਂ ਹੋਰ ਸੰਸਥਾ ਨੇ ਖਿਡਾਰੀਆਂ ਤੇ ਪਹਿਲਵਾਨਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ, ਬਲਕਿ ਡਾ. ਓਬਰਾਏ ਵੱਲੋਂ ਜਿਥੇ ਇਨ੍ਹਾਂ ਪਰਿਵਾਰਾਂ ਦੀ ਬਾਂਹ ਫੜੀ ਜਾ ਰਹੀ ਹੈ, ਉਥੇ ਹੀ ਦੇਸ਼ ਦੀ ਖਾਤਰ ਸ਼ਹੀਦੀ ਦਾ ਜਾਮ ਪੀਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ।


Anuradha

Content Editor

Related News