ਆਮ ਆਦਮੀ ਪਾਰਟੀ ਵਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਮੋਦੀ ਸਰਕਾਰ ਦਾ ਕੀਤਾ ਪਿੱਟ ਸਿਆਪਾ

09/24/2020 4:04:05 PM

ਰਾਜਾਸਾਂਸੀ (ਰਾਜਵਿੰਦਰ): ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਤਾਨਾਸ਼ਾਹੀ ਤਰੀਕੇ ਨਾਲ ਖੇਤੀ ਸੰਬੰਧੀ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਅੱਜ ਕਸਬਾ ਰਾਜਾਸਾਂਸੀ ਵਿਖੇ ਆਮ ਆਦਮੀ ਪਾਰਟੀ ਹਲਕਾ ਰਾਜਾਸਾਂਸੀ ਦੇ ਸੀਨੀਅਰ ਆਗੂ ਵਰੁਣ ਕੁਮਾਰ ਦੀ ਅਗਵਾਈ ਚ' ਸੈਂਕੜੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਇਨ੍ਹਾਂ ਤਿੰਨਾਂ ਮਾਰੂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਵਰੁਣ ਕੁਮਾਰ ਰਾਜਾਸਾਂਸੀ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ 'ਚ ਕਾਮਯਾਬ ਹੋ ਗਈ ਤਾਂ ਨਾ ਕੇਵਲ ਕਿਸਾਨਾਂ ਅਤੇ ਖੇਤ ਮਜ਼ਦੂਰ ਪੂਰੀ ਤਰ੍ਹਾਂ ਬਰਬਾਦ ਹੋਣਗੇ, ਬਲਕਿ ਆੜ੍ਹਤੀ, ਮੁਨੀਮ, ਪੱਲੇਦਾਰ, ਟਰੱਕ-ਟਰਾਲਾ-ਟਰਾਲੀ-ਟੈਂਪੂ ਆਪਰੇਟਰ (ਟਰਾਂਸਪੋਰਟਰ), ਖਾਦ ਅਤੇ ਪੈਸਟੀਸਾਈਡ ਵਿਕਰੇਤਾ, ਖੇਤੀਬਾੜੀ ਲਈ ਕਹੀ ਤੋਂ ਲੈ ਕੇ ਕੰਬਾਈਨ ਤੱਕ ਬਣਾਉਣ ਵਾਲੀ ਹਰ ਤਰ੍ਹਾਂ ਦੀ ਇੰਡਸਟਰੀ ਸਮੇਤ ਸਾਰੇ ਛੋਟੇ-ਵੱਡੇ ਵਪਾਰੀ ਅਤੇ ਦੁਕਾਨਦਾਰ ਇਨ੍ਹਾਂ ਕਾਲੇ ਕਾਨੂੰਨਾਂ ਦੀ ਭੇਂਟ ਚੜ੍ਹਨਗੇ। ਇਸ ਲਈ ਸਾਨੂੰ ਸਭ ਨੂੰ ਇੱਕਜੁੱਟ ਹੋ ਕੇ ਉਦੋਂ ਤੱਕ ਸੰਘਰਸ਼ ਜਾਰੀ ਰੱਖਣਾ ਪਵੇਗਾ, ਜਦੋਂ ਤੱਕ ਮੋਦੀ ਸਰਕਾਰ ਨੂੰ ਇਹ ਘਾਤਕ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਨਹੀਂ ਕਰ ਦਿੰਦੇ। 

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਐਲਾਨ, 1 ਅਕਤੂਬਰ ਨੂੰ ਕੈਪਟਨ ਦਾ ਤਖ਼ਤ ਹਿਲਾਉਣ ਲਈ ਚੰਡੀਗੜ੍ਹ 'ਚ ਕਰਾਂਗੇ ਅੰਦੋਲਨ

'ਆਪ' ਆਗੂਆਂ ਨੇ ਕਿਹਾ ਕਿ ਮੋਦੀ ਦੀ ਤਾਨਾਸ਼ਾਹੀ ਵਿਰੁੱਧ ਏਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਸਭ ਤੋਂ ਪਹਿਲਾਂ ਕਿਸਾਨ ਸੰਗਠਨਾਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣਾ ਹੋਵੇਗਾ। 'ਆਪ' ਆਗੂਆਂ ਨੇ ਮੋਦੀ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਲਈ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਬਰਾਬਰ ਦੇ ਦੋਸ਼ੀ ਦੱਸਿਆ, ਕਿਉਂਕਿ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਾਈ ਪਾਵਰ ਕਮੇਟੀ 'ਚ ਚੁੱਪ-ਚਾਪ ਸਹਿਮਤੀ ਦੇ ਕੇ ਜਿੱਥੇ ਮੋਦੀ ਸਰਕਾਰ ਦਾ ਰਾਹ ਪੱਧਰਾ ਕੀਤਾ, ਉੱਥੇ ਬਾਦਲਾਂ ਨੇ ਇੱਕ ਵਜ਼ੀਰੀ ਬਚਾਉਣ ਲਈ ਉਦੋਂ ਤੱਕ ਇਨ੍ਹਾਂ ਕਾਲੇ ਕਾਨੂੰਨਾਂ ਦੀ ਵਕਾਲਤ ਜਾਰੀ ਰੱਖੀ ਜਦੋਂ ਤੱਕ ਲੋਕਾਂ ਨੇ ਪਿੰਡਾਂ 'ਚ ਬੋਰਡ ਲਗਾ ਕੇ ਇਨ੍ਹਾਂ ਦਾ ਵੜਨਾ ਬੰਦ ਨਹੀਂ ਕੀਤਾ। 'ਆਪ' ਆਗੂਆਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਨਿਰੋਲ ਡਰਾਮਾ ਦੱਸਦਿਆਂ ਕਿਹਾ ਕਿ ਬਾਦਲ ਅਜੇ ਵੀ ਮੋਦੀ ਦੇ ਇਸ਼ਾਰਿਆਂ 'ਤੇ ਨੱਚਦੇ ਹਨ। ਇਸੇ ਲਈ ਬਾਦਲਾਂ ਨੇ ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਤਾਰਪੀਡੋ ਕਰਨ ਲਈ 25 ਸਤੰਬਰ ਨੂੰ ਹੀ ਆਪਣਾ ਚੱਕਾ ਜਾਮ ਪ੍ਰੋਗਰਾਮ ਰੱਖ ਲਿਆ। 'ਆਪ' ਆਗੂਆਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਦੀ ਵਕਾਲਤ ਕਰਨ ਵਾਲੇ ਭਾਜਪਾ ਆਗੂਆਂ ਨੂੰ ਮੋਦੀ ਦੀ ਚਮਚਾਗੀਰੀ ਕਰਨ ਦੀ ਥਾਂ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ।

ਇਹ ਵੀ ਪੜ੍ਹੋ: ਜਿਸ਼ਮਫਰੋਸੀ ਦੇ ਧੰਦੇ ਦਾ ਪਰਦਾਫ਼ਾਸ਼, ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ


Baljeet Kaur

Content Editor

Related News