ਦੀਨਾਨਗਰ: ਇਤਿਹਾਸਕ ਸ਼ਾਹੀ ਬਾਰਾਂਦਰੀ ਦੀ ਭੰਨ-ਤੋੜ ‘ਤੇ ਰੋਸ, ਦਿੱਲੀ ਕਮੇਟੀ ਨੇ ਪੰਥਕ ਹਿਤੈਸ਼ੀਆਂ ਦੀ ਬੁਲਾਈ ਮੀਟਿੰਗ
Saturday, Apr 18, 2026 - 06:24 PM (IST)
ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਬੀਤੇ ਦਿਨੀਂ ਦੀਨਾਨਗਰ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਸ਼ਾਹੀ ਬਾਰਾਂਦਰੀ ਦੀ ਭੰਨ-ਤੋੜ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਚੇਅਰਮੈਨ ਭੋਮਾ ਨੇ ਆਪਣੇ ਸਾਥੀਆਂ ਨਾਲ ਦੀਨਾਨਗਰ ਵਿਖੇ ਸਥਿਤ ਸ਼ਾਹੀ ਬਾਰਾਂਦਰੀ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਵੱਲੋਂ ਸੁਰੱਖਿਅਤ ਘੋਸ਼ਿਤ ਕੀਤੀ ਗਈ ਇਸ ਇਮਾਰਤ ਦੀ ਭੰਨ-ਤੋੜ ਕਰਨ ਵਾਲੇ ਅਨਸਰਾਂ ਅਤੇ ਉਨ੍ਹਾਂ ਦੇ ਮਗਰ ਬੇਠੈ ਭੂ ਮਾਫੀਆ ਅਤੇ ਸਿਆਸੀ ਮਗਰਮੱਛਾਂ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇ ਅਤੇ ਇਸ ਇਮਾਰਤ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਤੁਰੰਤ ਰੋਕਿਆ ਜਾਵੇ। ਉਨ੍ਹਾਂ ਦੱਸਿਆ ਸ਼ਾਹੀ ਬਾਰਾਂ ਦਰੀ ਨੂੰ ਬਚਾਉਣ ਲਈ 25 ਅਪ੍ਰੈਲ ਦਿਨ ਸ਼ਨੀਵਾਰ ਨੂੰ ਠੀਕ 11 ਵਜੇ ਪੰਥਕ ਹਿਤੈਸ਼ੀਆਂ ਦੀ ਸ਼ਾਹੀ ਬਾਰਾਂਦਰੀ ਵਿਖੇ ਮੀਟਿੰਗ ਬੁਲਾਈ ਗਈ ਹੈ ।
ਇਹ ਵੀ ਪੜ੍ਹੋ- ਪੰਜਾਬ: ਬਦਲ ਗਈ ਪ੍ਰੀਖਿਆ ਦੀ ਤਾਰੀਖ਼, ਇਸ ਦਿਨ ਹੋਵੇਗਾ ਪੀ-ਟੈੱਟ ਪੇਪਰ
ਉਨ੍ਹਾਂ ਕਿਹਾ ਕਿ ਇਹ ਵਿਰਾਸਤੀ ਇਮਾਰਤ ਤਾਂ ਪਹਿਲਾਂ ਹੀ ਬੇਰੁੱਖੀ ਦਾ ਸ਼ਿਕਾਰ ਹੋ ਕੇ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਉਪਰੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਇਮਾਰਤ ਦੇ ਲੈਟਰ ਦੀ ਹੋਰ ਭੰਨ-ਤੋੜ ਕਰਨਾ ਬੇਹੱਦ ਗੰਭੀਰ ਹੈ। ਉਨ੍ਹਾਂ ਕਿਹਾ ਗੁਰਦਆਰਿਆਂ ਤੇ ਮੰਦਰਾਂ 'ਤੇ ਸੋਨੇ ਚੜ੍ਹਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂ ਦਰੀ ਦੀ ਇੱਟਾਂ ਵੀ ਲਾਹਕੇ ਭੂ ਮਾਫੀਆ ਲਿਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਇਸ ਮਸਲੇ ਵੱਲ ਧਿਆਨ ਦੇ ਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਵਿਰਾਸਤੀ ਮੰਚ ਦੇ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਇਤਿਹਾਸਕ ਬਾਰਾਂਦਰੀ ਦੀ ਸਾਂਭ-ਸੰਭਾਲ ਕੀਤੀ ਜਾਵੇ।
ਇਹ ਵੀ ਪੜ੍ਹੋ- ਤਰਨਤਾਰਨ: ਸਰੋਵਰ 'ਚ ਛਲਾਂਗ ਮਾਰਣ ਵਾਲੇ ਵਿਅਕਤੀ ਦੀ ਲਾਸ਼ ਬਰਾਮਦ
ਸ਼ਾਹੀ ਬਾਰਾਂਦਰੀ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਇਹ ਬਾਰਾਂਦਰੀ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਅਤੇ ਉਹ ਅਕਸਰ ਹੀ ਹਰ ਸਾਲ ਗਰਮੀਆਂ ਦੇ ਮਹੀਨੇ ਦੀਨਾਨਗਰ ਵਿਖੇ ਗੁਜ਼ਾਰਦੇ ਸਨ। ਦੀਨਾਨਗਰ ਵਿਖੇ ਹੀ ਸਰਕਾਰ ਖ਼ਾਲਸਾ ਦੀ ਇੱਕ ਵੱਡੀ ਫ਼ੌਜੀ ਛਾਊਣੀ ਵੀ ਸੀ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਦੀਨਾਨਗਰ ਵਿਖੇ ਕਈ ਇਤਿਹਾਸਕ ਦਰਬਾਰ ਸਜਾਏ ਗਏ। ਇਸੇ ਕਰਕੇ ਇਸਨੂੰ ਸਰਕਾਰ ਖ਼ਾਲਸਾ ਜੀ ਦੀ ਗਰਮੀਆਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਸੀ।
ਇਹ ਵੀ ਪੜ੍ਹੋ- ਵੱਡੀ ਖਬਰ: ਪੰਜਾਬ 'ਚ ਫੜੀ ਗਈ 64.62 kg ਹੈਰੋਇਨ, ਦੋ ਮੁਲਜ਼ਮ ਗ੍ਰਿਫਤਾਰ
ਉਨ੍ਹਾਂ ਅੱਗੇ ਦੱਸਿਆ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਵਿਖੇ ਲਾਹੌਰ ਦਰਬਾਰ, ਅੰਗਰੇਜ਼ ਹਕੂਮਤ ਅਤੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਸ਼ਾਹ ਸੂਜਾ ਦਰਮਿਆਨ ਤ੍ਰੈ-ਪੱਖੀ ਸੰਧੀ ਹੋਈ ਸੀ। ਇਸ ਤੋਂ ਇਲਾਵਾ ਕਸ਼ਮੀਰ ਨੂੰ ਫ਼ਤਹਿ ਕਰਨ ਦੀ ਵਿਉਂਤਬੰਧੀ ਵੀ ਏਥੇ ਹੀ ਘੜੀ ਗਈ ਸੀ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਲਿਖਾਰੀ ਵਿਲੀਅਮ ਜੀ. ਆਸਬਰਨ ਦੀ ਕਿਤਾਬ ‘ਮਹਾਰਾਜਾ ਰਣਜੀਤ ਸਿੰਘ ਕੋਰਟ ਐਂਡ ਕੈਂਪਸ’ ਵਿੱਚ ਦੀਨਾਨਗਰ ਦੇ ਸ਼ਾਹੀ ਦਰਬਾਰ ਦੀ ਸ਼ਾਨ ਨੂੰ ਪੜ੍ਹਿਆ ਜਾ ਸਕਦਾ ਹੈ। ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2010 ਵਿੱਚ ਇਸ ਇਤਿਹਾਸਕ ਬਾਰਾਂਦਰੀ ਨੂੰ ਸੁਰੱਖਿਆ ਇਮਾਰਤ ਦਾ ਦਰਜਾ ਦਿੱਤਾ ਸੀ ਅਤੇ ਸਰਕਾਰ ਵੱਲੋਂ 1.60 ਕਰੋੜ ਰੁਪਏ ਦਾ ਟੈਂਡਰ ਵੀ ਬਾਰਾਂਦਰੀ ਦੀ ਮੁਰੰਮਤ ਲਈ ਲਗਾਇਆ ਗਿਆ ਹੈ, ਪਰ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਵਿਰਾਸਤੀ ਇਮਾਰਤ ਦੀ ਸੰਭਾਲ ਵੱਲ ਧਿਆਨ ਦਿੱਤਾ ਜਾਵੇ। ਅੱਜ ਦੌਰੇ ਸਮੇਂ ਉਹਨਾਂ ਨਾਲ਼ ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ , ਗੁਰਦੀਪ ਸਿੰਘ ਨਾਜੋਵਾਲ , ਸੁਖਵਿੰਦਰ ਸਿੰਘ ਪਾਹੜਾ , ਮਨਤੇਜ ਸਿੰਘ , ਨਿਸ਼ਾਨ ਸਿੰਘ, ਕਸ਼ਮੀਰ ਸਿੰਘ ਮਾੜੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
