ਤੇਜ਼ ਰਫਤਾਰ ਪੁਲਸ ਦੀ ਗੱਡੀ ਨੇ ਘਰ ਜਾ ਰਹੇ 2 ਸਕੇ ਭਰਾਵਾਂ ਦੀਆਂ ਤੋੜੀਆਂ ਲੱਤਾਂ-ਬਾਂਹਾਂ
Thursday, May 19, 2022 - 01:38 PM (IST)
![ਤੇਜ਼ ਰਫਤਾਰ ਪੁਲਸ ਦੀ ਗੱਡੀ ਨੇ ਘਰ ਜਾ ਰਹੇ 2 ਸਕੇ ਭਰਾਵਾਂ ਦੀਆਂ ਤੋੜੀਆਂ ਲੱਤਾਂ-ਬਾਂਹਾਂ](https://static.jagbani.com/multimedia/2022_4image_14_09_500199382police.jpg)
ਬਟਾਲਾ (ਜ.ਬ., ਯੋਗੀ, ਅਸ਼ਵਨੀ)- ਬੀਤੀ ਦੇਰ ਰਾਤ ਜਲੰਧਰ ਰੋਡ ’ਤੇ ਤੇਜ਼ ਰਫਤਾਰ ਪੁਲਸ ਦੀ ਇਕ ਗੱਡੀ ਵਲੋਂ ਦੋ ਸਕੇ ਭਰਾਵਾਂ ਦੀਆਂ ਲੱਤਾਂ-ਬਾਂਹਾਂ ਤੋੜਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸਤਪਾਲ ਪੁੱਤਰ ਜੋਗਾ ਸਿੰਘ ਅਤੇ ਉਸਦੇ ਭਰਾ ਹਰਜੋਤ ਸਿੰਘ ਵਾਸੀ ਸੁਖਮਨੀ ਕਾਲੋਨੀ ਜਲੰਧਰ ਰੋਡ ਬਟਾਲਾ ਨੇ ਦੱਸਿਆ ਕਿ ਅਸੀਂ ਦੋਵੇਂ ਭਰਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੀਤੀ ਰਾਤ ਘਰ ਨੂੰ ਵਾਪਸ ਜਾ ਰਹੇ ਸੀ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਜਲੰਧਰ ਰੋਡ ਹੰਸਲੀ ਪੁਲ ਨੇੜੇ ਪਹੁੰਚੇ ਤਾਂ ਅਚਾਨਕ ਤੇਜ਼ ਰਫ਼ਤਾਰ ਪੁਲਸ ਦੀ ਗੱਡੀ ਨੇ ਸਾਡੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਜ਼ੋਰਦਾਰ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਅਸੀਂ ਸੜਕ ’ਤੇ ਡਿੱਗ ਪਏ ਅਤੇ ਸਾਡੇ ਦੋਵਾਂ ਭਰਾਵਾਂ ਦੀਆਂ ਲੱਤਾਂ ਬਾਂਹਾਂ ਟੁੱਟ ਗਈਆਂ ਅਤੇ ਉਪਰੰਤ ਸਾਨੂੰ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ।
ਓਧਰ, ਜਦੋਂ ਉਕਤ ਹੋਏ ਹਾਦਸੇ ਸਬੰਧੀ ਡੀ.ਐੱਸ.ਪੀ ਲਲਿਤ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਹਾਦਸਾ ਸਾਡੀ ਗੱਡੀ ਨਾਲ ਹੋਇਆ ਹੈ ਅਤੇ ਅਸੀਂ ਤੁਰੰਤ ਉਕਤ ਦੋਵਾਂ ਜ਼ਖਮੀਆਂ ਨੂੰ ਬਟਾਲਾ ਦੇ ਜੌਹਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਸੀ।