ਪੁਲਸ ਨੇ ਪਾਕਿਸਤਾਨ ਤੋਂ ਅਸਲਾ ਮੰਗਵਾਉਣ ਵਾਲੇ 3 ਮੁਲਜ਼ਮਾਂ ਨੂੰ 1 ਪਿਸਤੌਲ ਤੇ ਕਾਰ ਸਮੇਤ ਕੀਤਾ ਗ੍ਰਿਫਤਾਰ

Thursday, Oct 09, 2025 - 04:05 PM (IST)

ਪੁਲਸ ਨੇ ਪਾਕਿਸਤਾਨ ਤੋਂ ਅਸਲਾ ਮੰਗਵਾਉਣ ਵਾਲੇ 3 ਮੁਲਜ਼ਮਾਂ ਨੂੰ 1 ਪਿਸਤੌਲ ਤੇ ਕਾਰ ਸਮੇਤ ਕੀਤਾ ਗ੍ਰਿਫਤਾਰ

ਤਰਨਤਾਰਨ (ਰਮਨ)- ਬੀਤੇ ਕੱਲ੍ਹ ਥਾਣਾ ਖਾਲੜਾ ਦੀ ਪੁਲਸ ਅਤੇ ਬੀ.ਐੱਸ.ਐੱਫ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਸਰਹੱਦ ਦੇ ਪਿੰਡ ਰਾਜੋਕੇ ਤੋਂ 75 ਜਿੰਦਾ ਰੌਂਦ ਬਰਾਮਦ ਕੀਤੇ ਗਏ ਸਨ, ਜਿਸ ਦੇ ਸਬੰਧ ਵਿਚ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਦੇ ਚੱਲਦਿਆਂ ਡਰੋਨ ਦੀ ਮਦਦ ਨਾਲ ਅਸਲਾ ਮੰਗਵਾਉਣ ਵਾਲੇ 3 ਮੁਲਜ਼ਮਾਂ ਨੂੰ ਇਕ ਪਿਸਤੌਲ ਅਤੇ ਕਾਰ ਸਮੇਤ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਦੇ ਸਬੰਧ ਵਿਚ ਤਿੰਨਾਂ ਮੁਲਜ਼ਮਾਂ ਨੂੰ ਪਰਚੇ ਵਿਚ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-ਕੇਂਦਰੀ ਸਰਕਾਰ ਦਾ ਅੰਮ੍ਰਿਤਸਰ ਵਾਸੀਆਂ ਲਈ ਵੱਡਾ ਐਲਾਨ

ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਰਾਜੋਕੇ ਵਿਖੇ ਖੇਤਾਂ ਵਿਚ ਡਿੱਗੇ ਹੋਏ ਇਕ ਪੈਕਟ ਨੂੰ ਬਰਾਮਦ ਕੀਤਾ ਗਿਆ ਸੀ, ਜਿਸ ਵਿਚੋਂ ਕੁੱਲ 75 ਰੌਂਦ ਬਰਾਮਦ ਕੀਤੇ ਗਏ, ਜਿਸ ਦੇ ਚੱਲਦਿਆਂ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਡੀ.ਐੱਸ.ਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਬਰੀਕੀ ਨਾਲ ਜਾਂਚ ਦੇ ਚੱਲਦਿਆਂ ਸਰਹੱਦ ਨੇੜਿਓਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਮੰਗਵਾਏ ਗਏ ਗਲੌਕ ਪਿਸਤੌਲ ਨੂੰ ਖੇਤਾਂ ਵਿਚੋਂ ਬਰਾਮਦ ਕਰਨ ਆਏ ਸਨ।

ਇਹ ਵੀ ਪੜ੍ਹੋ- ਅਸਲਾ ਧਾਰਕਾਂ ਲਈ ਹੁਕਮ ਜਾਰੀ, 7 ਦਿਨਾਂ ਦੇ ਅੰਦਰ-ਅੰਦਰ ਕਰੋ ਇਹ ਕੰਮ

ਕਾਰ ਸਵਾਰ ਇਨ੍ਹਾਂ ਮੁਲਜ਼ਮਾਂ ਦੀ ਪਹਿਚਾਣ ਦਲਜੀਤ ਸਿੰਘ ਉਰਫ ਬਲਰਾਜ ਸਿੰਘ ਵਾਸੀ ਲਾਖਣਾ, ਲਵਪ੍ਰੀਤ ਸਿੰਘ ਉਰਫ ਲੱਭਾ ਪੁੱਤਰ ਸਲਵੰਤ ਸਿੰਘ ਵਾਸੀ ਲਾਖਣਾ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਕਸ਼ਮੀਰ ਸਿੰਘ ਵਾਸੀ ਲਾਖਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਪਾਸੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦੇ ਸਬੰਧ ਪਾਕਿਸਤਾਨ ਵਿਚ ਬੈਠੇ ਸਮਗਲਰਾਂ ਨਾਲ ਪਾਏ ਗਏ ਹਨ, ਜੋ ਡਰੋਨ ਦੀ ਮਦਦ ਨਾਲ ਅਸਲੇ ਨੂੰ ਮੰਗਵਾਉਣ ਦਾ ਧੰਦਾ ਕਰਦੇ ਸਨ। ਡੀ.ਐੱਸ.ਪੀ ਨੇ ਦੱਸਿਆ ਕਿ ਕੀਤੀ ਗਈ ਪੁੱਛਗਿੱਛ ਵਿਚ ਤਿੰਨਾਂ ਮੁਲਜ਼ਮਾਂ ਨੇ ਮੰਨਿਆ ਹੈ ਕਿ ਬਰਾਮਦ ਕੀਤੇ ਗਏ 75 ਜਿੰਦਾ ਰੌਂਦ ਵੀ ਉਨ੍ਹਾਂ ਵੱਲੋਂ ਹੀ ਮੰਗਵਾਏ ਗਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ-ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਭਗਵਾਨ ਵਾਲਮੀਕਿ ਸੇਵਾ ਸੋਸਾਇਟੀ ਦੇ ਮੁਖੀ 'ਤੇ ਚੱਲੀਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News