ਪੰਜਾਬ ਦੀਆਂ ਜੇਲ੍ਹਾਂ ''ਚੋਂ ਮਿਲ ਰਹੇ ਮੋਬਾਈਲਾਂ ਕਾਰਨ ਪੁਲਸ ਦੀ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ ’ਚ
Friday, Mar 28, 2025 - 03:46 PM (IST)

ਗੁਰਦਾਸਪੁਰ (ਵਿਨੋਦ)-ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੁਲਸ ਜੇਲ ਵੱਲੋਂ ਅਕਸਰ ਹੀ ਪੰਜਾਬ ਦੀਆਂ ਜੇਲਾਂ ’ਚ ਸਖਤ ਸੁਰੱਖਿਆ ਪ੍ਰਬੰਧ ਕਰਨ, ਕੈਦੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਵੀ.ਆਈ.ਪੀ ਸਹੂਲਤ ਨਾ ਦੇਣ, ਕਿਸੇ ਨੂੰ ਵੀ ਮੋਬਾਇਲ ਫੋਨ ਦਾ ਇਸਤੇਮਾਲ ਨਾ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜਿਸ ਤਰ੍ਹਾਂ ਨਾਲ ਪੰਜਾਬ ਦੀਆਂ ਜੇਲਾਂ ਸਮੇਤ ਜ਼ਿਲਾ ਗੁਰਦਾਸਪੁਰ ਦੀ ਕੇਂਦਰੀ ਜੇਲ ’ਚੋਂ ਹਰ ਰੋਜ਼ ਕੈਦੀਆਂ/ਹਵਾਲਾਤੀਆਂ ਤੋਂ ਮੋਬਾਇਲ ਫੋਨ, ਨਸ਼ੀਲੇ ਪਦਾਰਥ ਬਰਾਮਦ ਹੋ ਰਹੇ ਹਨ, ਨਾਲ ਜੇਲ ਪ੍ਰਸ਼ਾਸ਼ਨ ’ਤੇ ਇਕ ਸਵਾਲੀਆਂ ਨਿਸ਼ਾਨ ਖੜ੍ਹੇ ਹੋ ਰਹੇ ਹਨ। ਆਖਿਰ ਇੰਨੇ ਸਖ਼ਤ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਕਿਵੇਂ ਨਸ਼ੀਲੇ ਪਦਾਰਥ ਅਤੇ ਮੋਬਾਇਲ ਜੇਲਾਂ ’ਚ ਪਹੁੰਚ ਰਹੇ ਹਨ ਅਤੇ ਹਰ ਰੋਜ਼ ਤਾਲਾਸ਼ੀ ਦੌਰਾਨ ਬਰਾਮਦ ਹੋ ਰਹੇ ਹਨ। ਜਿਸ ਤੋਂ ਇੰਝ ਲੱਗਦਾ ਹੈ ਕਿ ਕਿਤੇ ਨਾ ਕਿਤੇ ਗੋਲਮਾਲ ਜ਼ਰੂਰ ਹੈ।
ਇਕ ਮਹੀਨੇ ’ਚ ਦਰਜ਼ਨ ਤੋਂ ਵੱਧ ਫੋਨ ਬਰਾਮਦ
ਜ਼ਿਲਾ ਗੁਰਦਾਸਪੁਰ ਦੀ ਕੇਂਦਰੀ ਜੇਲ ਦੀ ਗੱਲ ਕਰੀਏ ਤਾਂ ਇਕ ਮਹੀਨੇ ’ਚ ਇਕ ਦਰਜ਼ਨ ਤੋਂ ਵੱਧ ਮੋਬਾਇਲ ਫੋਨ ਬਰਾਮਦ ਹੋਏ ਹਨ। ਇਨ੍ਹਾਂ ਮੋਬਾਇਲ ਫੋਨਾਂ ’ਚ ਸਿਮ ਸਮੇਤ ਬੈਟਰੀਆਂ , ਚਾਰਜਰ ਵੀ ਸ਼ਾਮਲ ਹਨ ਪਰ ਜੇਲ ’ਚ ਕਿਵੇਂ ਪਹੁੰਚ ਰਹੇ ਹਨ, ਇਹ ਵੀ ਇਕ ਪ੍ਰਸ਼ਨ ਚਿੰਨ ਲੱਗਾ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਤੇਜ਼ ਹਨ੍ਹੇਰੀ ਨਾਲ ਪਵੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਕਈ ਥਾਵਾਂ ’ਤੇ ਹੁੰਦੀ ਹੈ ਦੋਸ਼ੀ ਦੀ ਤਲਾਸ਼ੀ
ਜੇਕਰ ਜੇਲ ’ਚ ਬੰਦ ਦੋਸ਼ੀਆਂ ਦੀਆਂ ਗੱਲ ਕਰੀਏ ਤਾਂ ਜਦੋਂ ਵੀ ਪੁਲਸ ਵੱਲੋਂ ਜੇਲ ਅੰਦਰ ਦੋਸ਼ੀ ਨੂੰ ਭੇਜਿਆ ਜਾਦਾ ਹੈ ਤਾਂ ਉਸ ਦੀ ਮੇਨ ਗੇਟ ਦੇ ਇਲਾਵਾ ਜੇਲ ਡਿਊੜੀ ’ਤੇ ਸਖ਼ਤ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਇਲਾਵਾ ਮਸ਼ੀਨ ਰਾਹੀਂ ਕੈਦੀ ਦਾ ਸਾਮਾਨ ਵੀ ਚੈਕ ਕੀਤਾ ਜਾਂਦਾ ਹੈ ਅਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਵੀ ਦੋਸ਼ੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ।
ਜੇਲ ਦੇ ਚਾਰੇ ਪਾਸੇ ਬਣੀਆਂ ਸੁਰੱਖਿਆ ਚੌਕੀਆਂ
ਜੇਕਰ ਜੇਲ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਜੇਲ ਦੇ ਚਾਰੇ ਪਾਸੇ ਪੁਲਸ ਦੀਆਂ ਚੌਕੀਆਂ ਬਣੀਆਂ ਹੋਈਆਂ ਹਨ, ਜਿਸ ਵਿਚ ਹਰ ਸਮੇਂ ਜੇਲ ਗਾਰਦ ਦੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਤਾਂ ਕਿ ਕੋਈ ਵੀ ਬਾਹਰੀ ਨੌਜਵਾਨ ਜੇਲ ਵਿਚ ਕੁਝ ਸੁੱਟ ਨਾ ਸਕੇ ਤੇ ਨਾ ਹੀ ਕੋਈ ਕੈਦੀ ਜੇਲ ’ਚੋਂ ਬਾਹਰ ਭੱਜ ਸਕੇੇ। ਇਸ ਦੇ ਇਲਾਵਾ ਜੇਲ ਦੀ ਸੁਰੱਖਿਆ ਨੂੰ ਬਣਾਈ ਰੱਖਣ ਵਿਚ ਵੀ ਇਹ ਮੁਲਾਜ਼ਮ ਦਿਨ ਰਾਤ ਡਿਊਟੀ ’ਤੇ ਤਾਇਨਾਤ ਰਹਿੰਦੇ ਹਨ ਪਰ ਉਸ ਦੇ ਬਾਵਜੂਦ ਕਈ ਸ਼ਰਾਰਤੀ ਅਨਸਰ ਆਪਣੇ ਜੇਲ ’ਚ ਬੰਦ ਸਾਥੀਆਂ ਦੇ ਲਈ ਨਸ਼ੀਲਾ ਪਦਾਰਥ, ਮੋਬਾਇਲ ਫੋਨ ਸਮੇਤ ਹੋਰ ਸਾਮਾਨ ਸੁੱਟ ਹੀ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਅਗਵਾ ਕਰਕੇ ਲੈ ਗਏ ਮੁੰਡਾ
ਜੇਲ ’ਚ ਲੱਗੇ ਫੋਨ ਰਾਹੀਂ ਬਣਾਉਦੇ ਹਨ ਸੰਪਰਕ
ਪ੍ਰਾਪਤ ਜਾਣਕਾਰੀ ਅਨੁਸਾਰ ਅਤੇ ਕੁਝ ਗੁਪਤ ਸੂਤਰਾਂ ਅਨੁਸਾਰ ਜੇਲ ’ਚ ਲੱਗੇ ਪੀ.ਸੀ.ਓ ਫੋਨ ਰਾਹੀਂ ਕੁਝ ਨਸ਼ੇੜੀ ਨੌਜਵਾਨ ਆਪਣੇ ਬਾਹਰੀ ਸਾਥੀਆਂ ਨੂੰ ਫੋਨ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਸਹੀਂ ਲੋਕੇਸ਼ਨ ਭੇਜ ਦਿੰਦੇ ਹਨ। ਕੁਝ ਨੌਜਵਾਨ ਜੇਲ ਦੇ ਬਾਹਰੀਂ ਸਾਇਡ ਤੋਂ ਲੰਘਦੇ ਸਮੇਂ ਰਾਤ ਸਮੇਂ ਪੈਕਟ ਬਣਾ ਕੇ ਨਸ਼ੀਲਾ ਪਦਾਰਥ ਤੇ ਮੋਬਾਇਲ ਫੋਨ ਸੁੱਟ ਦਿੰਦੇ ਹਨ।
ਕਈ ਵਾਰ ਪੁਲਸ ਨੇ ਕੀਤੀ ਸਰਚ ਪਰ ਨਹੀਂ ਮਿਲਦਾ ਕੁਝ
ਸਮੇਂ ਸਮੇਂ ’ਤੇ ਜ਼ਿਲਾ ਪੁਲਸ ਗੁਰਦਾਸਪੁਰ ਵੱਲੋਂ ਪੁਲਸ ਦੇ ਉੱਚ ਪੁਲਸ ਅਧਿਕਾਰੀਆਂ ਦੀ ਅਗਵਾਈ ’ਚ ਜੇਲ ਦੀ ਤਾਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ। ਇਸ ਮੁਹਿੰਮ ਵਿਚ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਤੇ ਕੈਦੀਆਂ, ਹਵਾਲਾਤੀਆਂ ਦੇ ਸਾਮਾਨ ਸਮੇਤ ਬਾਥਰੂਮ, ਫੁੱਲਾਂ ਦੀਆਂ ਕਿਆਰੀਆਂ ਸਮੇਤ ਹੋਰ ਥਾਵਾਂ ’ਤੇ ਚੈਕਿੰਗ ਕੀਤੀ ਜਾਂਦੀ ਹੈ ਪਰ ਇਸ ਮੁਹਿੰਮ ’ਚ ਪੁਲਸ ਨੂੰ ਕੋਈ ਵੀ ਸਫਲਤਾਂ ਨਹੀਂ ਮਿਲਦੀ।
ਇਹ ਵੀ ਪੜ੍ਹੋ- ਹਾਏ ਓ ਰੱਬਾ! ਨਹੀਂ ਦੇਖ ਹੁੰਦਾ ਪਰਿਵਾਰ 'ਤੇ ਟੁੱਟਿਆ ਕਹਿਰ, ਜਹਾਨੋਂ ਤੁਰ ਗਏ ਭੈਣ-ਭਰਾ ਮਗਰੋਂ ਹੁਣ ਇਕ ਹੋਰ ਭੈਣ ਦੀ ਮੌਤ
ਕੀ ਕਹਿਣਾ ਹੈ ਜੇਲ ਵਿਭਾਗ ਦੇ ਅਧਿਕਾਰੀਆਂ ਦਾ
ਇਸ ਸਬੰਧੀ ਜਦ ਜੇਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਸਮੇਂ-ਸਮੇਂ ’ਤੇ ਜੇਲ ’ਚ ਤਾਲਾਸੀ ਅਭਿਆਨ ਚਲਾਇਆ ਜਾਦਾ ਹੈ। ਇਸ ਜਾਂਚ ’ਚ ਕਈ ਮੋਬਾਇਲ ਫੋਨ ’ਤੇ ਨਸ਼ੀਲੇ ਪਦਾਰਥ ਸਾਡੇ ਵੱਲੋਂ ਫੜੇ ਗਏ ਹਨ। ਮੋਬਾਇਲ ਫੋਨ ਮਿਲਣ ’ਤੇ ਉਨ੍ਹਾਂ ਕਿਹਾ ਕਿ ਕੁਝ ਨਸ਼ੇੜੀਆਂ ਦੇ ਹਮਾਇਤੀ ਰਾਤ ਸਮੇਂ ਸਾਮਾਨ ਬਾਹਰੋ ਸੁੱਟਦੇ ਹਨ , ਜਿਸ ਸਬੰਧੀ ਕਈ ਵਾਰ ਸਾਡੇ ਵੱਲੋਂ ਉਕਤ ਨੌਜਵਾਨਾਂ ਨੂੰ ਫੜ ਕੇ ਮਾਮਲਾ ਵੀ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਪੁਲਸ ਕਰਮਚਾਰੀਆਂ ਦੀ ਇਨ੍ਹਾਂ ਕੈਦੀਆਂ ਦੇ ਨਾਲ ਮਿਲੀਭੁਗਤ ਸਾਹਮਣੇ ਆਵੇਗੀ ਤਾਂ ਉਸ ਦੇ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8