‘ਪਠਾਨਕੋਟ-ਕੁੱਲੂ ਨੈਸ਼ਨਲ ਹਾਈਵੇ ’ਤੇ ਬਣਿਆ ਚੱਕੀ ਦਰਿਆ ਪੁਲ ਪ੍ਰਸ਼ਾਸਨ ਨੇ ਮੁੜ ਕੀਤਾ ਬੰਦ’

09/26/2022 6:25:38 PM

ਪਠਾਨਕੋਟ - ਬੀਤੇ ਦਿਨ ਹੋਈ ਬਰਸਾਤ ਕਾਰਨ ਪਠਾਨਕੋਟ-ਕੁਲੂ ਨੈਸ਼ਨਲ ਹਾਈਵੇਅ ’ਤੇ ਸਥਿਤ ਹਿਮਾਚਲ-ਪੰਜਾਬ ਵਿੱਚ ਵਹਿੰਦੇ ਚੱਕੀ ਦਰਿਆ ’ਤੇ ਬਣੇ ਪੁਲ ਤੋਂ ਲੰਘਣ ਵਾਲੀ ਆਵਾਜਾਈ ਨੂੰ ਪ੍ਰਸ਼ਾਸਨ ਨੇ ਮੁੜ ਬੰਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਭਾਰੀ ਬਰਸਾਤ ਕਾਰਨ ਚੱਕੀ ਦਰਿਆ ਵਿੱਚ ਆਏ ਹੜ੍ਹ ਕਾਰਨ ਪਠਾਨਕੋਟ-ਜੁਗਿੰਦਰ ਨਗਰ ਰੇਲਵੇ ਲਾਈਨ ’ਤੇ ਬਣਿਆ ਪੁਲ ਚੱਕੀ ਦਰਿਆ ਦੀ ਭੇਂਟ ਚੜ੍ਹ ਗਿਆ ਸੀ। ਇਸ ਤੋਂ ਬਾਅਦ ਉਸ ਦੇ ਨਜਦੀਕ ਨੈਸ਼ਨਲ ਹਾਈਵੇ ਦੇ ਪਿੱਲਰ ਨੰ.1 ਅਤੇ 2 ਨੂੰ ਵੀ ਖ਼ਤਰਾ ਸੀ। ਇਸੇ ਕਾਰਨ ਪ੍ਰਸ਼ਾਸਨ ਨੇ ਇਸ ਪੁਲ ਤੋਂ ਲੰਘਣ ਵਾਲੀ ਆਵਾਜਾਈ ਨੂੰ ਪੂਰਨ ਤੌਰ ’ਤੇ ਬੰਦ ਕਰ ਦਿੱਤਾ ਸੀ।

ਪੜ੍ਹੋ ਇਹ ਵੀ ਖ਼ਬਰ : ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ

ਐੱਨ.ਐੱਚ.ਆਈ. ਵਿਭਾਗ ਵੱਲੋਂ ਇਨ੍ਹਾਂ ਪਿੱਲਰਾਂ ਦੇ ਆਲੇ-ਦੁਆਲੇ ਪੱਥਰਾਂ ਦੇ ਕਰੇਟ ਲਗਾਉਣ ਤੋਂ ਬਾਅਦ 18 ਸਤੰਬਰ ਨੂੰ ਪੁਲ ਦੇ ਉਪਰੋਂ ਆਵਾਜਾਈ ਲੰਘਾਉਣ ਦੀ ਆਗਿਆ ਦੇ ਦਿੱਤੀ ਸੀ। ਬੀਤੇ ਦਿਨ ਹੋਈ ਭਾਰੀ ਬਰਸਾਤ ਦੇ ਕਾਰਨ ਚੱਕੀ ਦਰਿਆ ਵਿੱਚ ਮੁੜ ਹੜ੍ਹ ਆ ਗਿਆ ਹੈ, ਜਿਸ ਕਾਰਨ ਪਿੱਲਰਾਂ ਦੇ ਆਲੇ-ਦੁਆਲੇ ਬਣਾਏ ਗਏ ਪੱਥਰਾਂ ਦੇ ਕਰੇਟ ਪਾਣੀ ਵਿੱਚ ਰੁੜ ਗਏ। ਹੜ੍ਹ ਕਾਰਨ ਪਿੱਲਰ ਨੰ.1 ਅਤੇ 2 ਦੇ ਡਿੱਗਣ ਦਾ ਖ਼ਤਰਾ ਮੰਡਰਾਉਣ ਲੱਗ ਪਿਆ। ਇਸ ਸਬੰਧ ’ਚ ਸੰਗਿਆਨ ਲੈਂਦੇ ਹੋਏ ਦੋਵੇਂ ਸੂਬਿਆਂ ਦੇ ਪ੍ਰਸ਼ਾਸਨ ਨੇ ਅੱਜ ਫਿਰ ਪੁਲ ਤੋਂ ਲੰਘਣ ਵਾਲੀ ਆਵਾਜਾਈ ਨੂੰ ਪੂਰਨ ਤੌਰ ’ਤੇ ਬੰਦ ਕਰ ਦਿੱਤਾ ਹੈ। ਅਚਾਨਕ ਪੁੱਲ ਬੰਦ ਹੋ ਜਾਣ ਕਾਰਨ ਰਾਹਗੀਰਾਂ ਨੂੰ ਇਕ ਵਾਰ ਫਿਰ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
 


rajwinder kaur

Content Editor

Related News