ਰੇਲਵੇ ਸਟੇਸ਼ਨ ’ਤੇ ਯਾਤਰੀ ਖੁਦ ਨਿਯਮਾਂ ਦੀ ਕਰ ਰਹੇ ਉਲੰਘਣਾ, ਸ਼ਾਇਦ ਕਿਸੇ ਵੱਡੀ ਘਟਨਾ ਦੀ ਉਡੀਕ ’ਚ ਹਨ ਲੋਕ

Tuesday, Jan 09, 2024 - 06:32 PM (IST)

ਰੇਲਵੇ ਸਟੇਸ਼ਨ ’ਤੇ ਯਾਤਰੀ ਖੁਦ ਨਿਯਮਾਂ ਦੀ ਕਰ ਰਹੇ ਉਲੰਘਣਾ, ਸ਼ਾਇਦ ਕਿਸੇ ਵੱਡੀ ਘਟਨਾ ਦੀ ਉਡੀਕ ’ਚ ਹਨ ਲੋਕ

ਅੰਮ੍ਰਿਤਸਰ (ਜਸ਼ਨ)- ਭਾਵੇਂ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਦੇਸ਼ ਦੇ ਚੁਣੇ ਹੋਏ ਪਹਿਲੇ ਦਸ ਰੇਲਵੇ ਸਟੇਸ਼ਨਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਇਕ ਮਾਡਲ ਰੇਲਵੇ ਸਟੇਸ਼ਨ ਵਜੋਂ ਜਾਣਿਆ ਜਾਂਦਾ ਹੈ ਪਰ ਸਟੇਸ਼ਨ ਦੇ ਕੁਝ ਅਧਿਕਾਰੀ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਨਹੀਂ ਨਜ਼ਰ ਆ ਰਹੇ ਹਨ, ਜਿਸ ਕਾਰਨ ਰੇਲਵੇ ਯਾਤਰੀਆਂ ਨੂੰ ਮਾਡਲ ਸਟੇਸ਼ਨ ’ਤੇ ਪੂਰੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ’ਤੇ ਦੋ ਪੁਲਸ ਬਲ (ਆਰ. ਪੀ. ਐੱਫ. ਅਤੇ ਜੀ. ਆਰ. ਪੀ. ਪੁਲਸ ਬਲ) ਤਾਇਨਾਤ ਹਨ। ਇਨ੍ਹਾਂ ਦੋਵਾਂ ਪੁਲਸ ਬਲਾਂ ਕੋਲ ਸੁਰੱਖਿਆ ਕਰਮਚਾਰੀਆਂ ਦੀ ਵੱਡੀ ਫ਼ੌਜ ਹੈ। ਇਸ ਦੇ ਬਾਵਜੂਦ ਰੇਲਵੇ ਸਟੇਸ਼ਨ ’ਤੇ ਤਾਇਨਾਤ ਦੋਵੇਂ ਪੁਲਸ ਬਲਾਂ ਦੇ ਨੱਕ ਹੇਠ ਰੇਲਵੇ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆ ਰਹੀਆਂ ਹਨ।

ਇਹ ਵੀ ਪੜ੍ਹੋ :  ਜ਼ੀਰਾ ’ਚ ਪੁਲਸ ਨੇ ਕੀਤਾ ਵੱਡਾ ਐਨਕਾਊਂਟਰ, ਦੋ ਤਸਕਰ ਢੇਰ

ਦੂਜੇ ਪਾਸੇ ਰੇਲਵੇ ਸਟੇਸ਼ਨ ’ਤੇ ਲੋਕ ਸ਼ਰੇਆਮ ਰੇਲਵੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਆਪਣੀ ਜਾਨ ਨੂੰ ਜ਼ੋਖਮ ਵਿਚ ਪਾ ਕੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਪਰ ਇਹ ਸੁਰੱਖਿਆ ਮੁਲਾਜ਼ਮ ਸਭ ਕੁਝ ਦੇਖਣ ਦੇ ਬਾਵਜੂਦ ਸਿਰਫ਼ ਮੂਕ ਦਰਸ਼ਕ ਦਾ ਰੋਲ ਨਿਭਾ ਰਹੇ ਹਨ। ਇਸ ਲਈ ਉਨ੍ਹਾਂ ਦੀ ਕਾਰਜਸ਼ੈਲੀ ’ਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਜਦੋਂ ਜਗ ਬਾਣੀ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤਾਂ ਉਥੇ ਸਥਿਤੀ ਕਾਫ਼ੀ ਭਿਆਨਕ ਦਿਖਾਈ ਦਿੱਤੀ। ਲੋਕ ਰੇਲਵੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਰੇਲਵੇ ਲਾਈਨਾਂ ਪਾਰ ਕਰ ਰਹੇ ਸਨ ਅਤੇ ਰੇਲ ਗੱਡੀਆਂ ਦੀ ਆਵਾਜਾਈ ਲਗਾਤਾਰ ਜਾਰੀ ਸੀ। ਇਸ ਸਾਰੀ ਘਟਨਾ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਅਤੇ ਲੋਕ ਰੇਲ ਗੱਡੀ ਹੇਠ ਵੀ ਆ ਸਕਦੇ ਸਨ। ਇਸ ਦੌਰਾਨ ਪਤਾ ਲੱਗਾ ਕਿ ਪਲੇਟਫਾਰਮ ਨੰਬਰ 1 ’ਤੇ ਦੋ-ਤਿੰਨ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ ਪਰ ਉਹ ਇਸ ਦੀ ਪ੍ਰਵਾਹ ਕੀਤੇ ਬਿਨਾਂ ਆਪਣੀਆਂ ਗੱਲਾਂ ਵਿਚ ਰੁੱਝੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ 'ਚ ਕੰਬਦੇ ਸਕੂਲਾਂ ਨੂੰ ਪੁੱਜੇ ਵਿਦਿਆਰਥੀ, ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਖੁੱਲ੍ਹੇ ਰਹੇ ਜ਼ਿਆਦਾਤਰ ਸਕੂਲ

ਵਰਨਣਯੋਗ ਹੈ ਕਿ ਅਜਿਹਾ ਕਰਦੇ ਸਮੇਂ ਕਈ ਲੋਕ ਰੇਲ ਗੱਡੀਆਂ ਦੀ ਲਪੇਟ ਵਿਚ ਆ ਕੇ ਕੀਮਤੀ ਜਾਨਾਂ ਵੀ ਗੁਆ ਚੁੱਕੇ ਹਨ। ਇਸ ਦੇ ਬਾਵਜੂਦ ਰੇਲਵੇ ਸੁਰੱਖਿਆ ਕਰਮਚਾਰੀ ਅਜੇ ਵੀ ਚੌਕਸ ਨਹੀਂ ਹਨ ਅਤੇ ਰੇਲਵੇ ਯਾਤਰੀ ਵੀ ਖੁੱਲ੍ਹੇਆਮ ਰੇਲਵੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ ਅਤੇ ਆਪਣੀ ਜਾਨ ਖ਼ਤਰੇ ਵਿਚ ਪਾ ਰਹੇ ਹਨ। ਇਸ ਤੋਂ ਇਲਾਵਾ ਮਾਲ (ਬੁੱਕ ਕੀਤੇ ਸਾਮਾਨ ਅਤੇ ਪਾਰਸਲ ਆਦਿ) ਦੀ ਢੋਆ-ਢੁਆਈ ਕਰਨ ਵਾਲੇ ਕਰਮਚਾਰੀ ਵੀ ਇਨ੍ਹਾਂ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਉਥੇ ਬਣੇ ਪੌੜੀ ਪੁੱਲ ਦੀ ਵਰਤੋਂ ਨਹੀਂ ਕਰ ਰਹੇ ਸਨ ਅਤੇ ਪੈਦਲ ਹੀ ਰੇਲਵੇ ਲਾਈਨਾਂ ਪਾਰ ਕਰ ਕੇ ਸਾਰਾ ਸਾਮਾਨ ਢੋਅ ਰਹੇ ਸਨ।

 ਇਸ ਦੌਰਾਨ ਕੁਝ ਮਹਿਲਾਵਾਂ ਖੁੱਲ੍ਹੇਆਮ ਚੱਲਦੀ ਰੇਲਗੱਡੀ ਵਿਚੋਂ ਉਤਰ ਰਹੀਆਂ ਸਨ, ਜਿਸ ਕਾਰਨ ਉੱਥੇ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ ਪਰ ਉੱਥੇ ਤਾਇਨਾਤ ਕਿਸੇ ਵੀ ਰੇਲਵੇ ਅਧਿਕਾਰੀ ਜਾਂ ਰੇਲਵੇ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਬਾਰੇ ਕੁਝ ਵੀ ਨਹੀਂ ਕਿਹਾ। ਇਸ ਦੇ ਨਾਲ ਹੀ ਧੁੰਦ ਅਤੇ ਕੋਹਰੇ ਦੇ ਵਿਚਕਾਰ ਵੱਡੀ ਗਿਣਤੀ ਵਿੱਚ ਲੋਕ ਰੇਲਵੇ ਲਾਈਨਾਂ ਨੂੰ ਪਾਰ ਕਰਦੇ ਹੋਏ ਬਿਨਾਂ ਕਿਸੇ ਡਰ ਅਤੇ ਝਿਜਕ ਤੋਂ ਦੂਜੇ ਪਲੇਟਫਾਰਮ ’ਤੇ ਆ ਜਾ ਰਹੇ ਸਨ ਅਤੇ ਨੇੜਿਓਂ ਹੀ ਰੇਲਵੇ ਇੰਜਣ ਲੰਘ ਰਿਹਾ ਸੀ ਪਰ ਖੁਸ਼ਕਿਸਮਤੀ ਜਾਂ ਉਨ੍ਹਾਂ ਨੂੰ ਚੰਗੀ ਕਿਸਮਤ ਕਹੋ, ਫਰਕ ਕੁਝ ਸਕਿੰਟਾਂ ਦਾ ਹੀ ਸੀ, ਨਹੀਂ ਤਾਂ ਇਸ ਦੌਰਾਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।

ਇਹ ਵੀ ਪੜ੍ਹੋ : ਹੈਕਰ ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਬਣਾ ਰਹੇ ਮੂਰਖ, ਧੋਖਾਦੇਹੀ ਦੇ ਵਧੇ ਮਾਮਲੇ, ਪੁਲਸ ਨੂੰ ਹੋਣਾ ਪਵੇਗਾ ਹਾਈਟੈਕ

ਇੱਥੇ ਸਵਾਲ ਇਹ ਹੈ ਕਿ ਰੇਲਵੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਫੜਨ ਲਈ ਆਰ. ਪੀ. ਐੱਫ. ਹਰ ਰੋਜ਼ ਵੱਡੀ ਮੁਹਿੰਮ ਚਲਾ ਰਹੀ ਹੈ, ਪਰ ਅਜਿਹੇ ਯਾਤਰੀਆਂ ਨੂੰ ਰੇਲਵੇ ਪੁਲਸ ਕਿਉਂ ਨਹੀਂ ਰੋਕ ਰਹੀ। ਦੂਜੇ ਪਾਸੇ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਸੁਰੱਖਿਆ ਬਲ ਵੀ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਸੱਚਾਈ ਇਨ੍ਹਾਂ ਸਾਰੇ ਦਾਅਵਿਆਂ ਦੇ ਉਲਟ ਹੈ। ਇਸ ਤੋਂ ਇਲਾਵਾ ਕਈ ਰੇਲਵੇ ਅਧਿਕਾਰੀ ਵੀ ਆਪਣੇ ਦਫਤਰਾਂ ਵਿਚ ਬੈਠ ਕੇ ਸਟੇਸ਼ਨ ’ਤੇ ਆਪਣੀ ਡਿਊਟੀ ਦਾ ਸਮਾਂ ਪੂਰਾ ਕਰਦੇ ਨਜ਼ਰ ਆਉਂਦੇ ਹਨ, ਜੇਕਰ ਇਸ ਦੌਰਾਨ ਸਟੇਸ਼ਨ ’ਤੇ ਕੋਈ ਹਾਦਸਾ ਵਾਪਰ ਜਾਵੇ ਅਤੇ ਕੋਈ ਆਪਣੀ ਕੀਮਤੀ ਜਾਨ ਗੁਆ ​​ਬੈਠਦਾ ਹੈ ਤਾਂ ਸ਼ਾਇਦ ਇਸ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੋਵੇਗੀ?

ਇਸ ਸਬੰਧੀ ਜਦੋ ਉੁਥੇ ਮੌਜੂਦ ਇਕ ਸੁਰੱਖਿਆ ਬਲ ਦੇ ਜਵਾਨ ਨੇ ਸੰਪਰਕ ਕੀਤਾ ਤਾ ਉਸ ਨੇ ਦੱਸਿਆ ਕਿ ਇਸ ਸਬੰਧੀ ਲੋਕਾਂ ਨੂੰ ਕਈ ਵਾਰ ਸਮਝਾਇਆ ਜਾ ਚੁੱਕਾ ਹੈ ਅਤੇ ਕਈਆਂ ਨੂੰ ਜੁਰਮਾਨੇ ਵੀ ਕੀਤੇ ਜਾ ਚੁੱਕੇ ਹਨ ਪਰ ਫਿਰ ਵੀ ਇਹ ਲੋਕ ਆਪਣੀ ਮਰਜ਼ੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰੇਲਵੇ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕੱਲ੍ਹ ਤੋਂ ਹੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜੋ ਲਗਾਤਾਰ ਜਾਰੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News