ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ, ਸਰੀਰ ਦੇ ਜ਼ਰੂਰੀ ਅੰਗ ਨਹੀਂ ਕਰ ਰਹੇ ਕੰਮ
Sunday, Jan 05, 2025 - 09:27 PM (IST)
ਪਟਿਆਲਾ/ਸਨੌਰ (ਮਨਦੀਪ ਜੋਸਨ)- ਖਨੌਰੀ ਬਾਰਡਰ ’ਤੇ ਕਿਸਾਨੀ ਮੰਗਾਂ ਮਨਵਾਉਣ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਦਾ 41ਵਾਂ ਦਿਨ ਵੀ ਗੁਜ਼ਰ ਗਿਆ ਹੈ। ਇਸ ਵਕਤ ਉਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਬੀਤੇ ਦਿਨ ਸਟੇਜ ’ਤੇ ਸੰਬੋਧਨ ਕਰਨ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਅੱਜ ਉਲਟੀਆਂ ਵੀ ਲੱਗ ਗਈਆਂ। ਡਾਕਟਰਾਂ ਅਨੁਸਾਰ ਡੱਲੇਵਾਲ ਦੇ ਜਿਗਰ, ਗੁਰਦੇ ਅਤੇ ਫੇਫੜਿਆਂ ’ਚ ਖਰਾਬੀ ਆ ਗਈ ਹੈ ਤੇ ਜੇਕਰ ਮਰਨ ਵਰਤ ਅੱਜ ਖ਼ਤਮ ਹੋ ਜਾਂਦਾ ਹੈ, ਤਾਂ ਵੀ ਜਗਜੀਤ ਸਿੰਘ ਡੱਲੇਵਾਲ ਦੇ 100 ਫੀਸਦੀ ਅੰਗ ਕੰਮ ਨਹੀਂ ਕਰਨਗੇ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਦੇ ਫ਼ਰਸ਼ ਹੇਠੋਂ ਮਿਲਿਆ ਹੋਸ਼ ਉਡਾਉਣ ਵਾਲਾ ਸਾਮਾਨ ! ਪਹਿਲੀ ਵਾਰ ਹੋਈ ਇੰਨੀ ਵੱਡੀ ਰਿਕਵਰੀ
ਦੂਸਰੇ ਪਾਸੇ ਅੱਜ ਸ਼ੰਭੂ ਬਾਰਡਰ ’ਤੇ ਕਿਸਾਨ ਨੇਤਾਵਾਂ ਦੀ ਅਹਿਮ ਮੀਟਿੰਗ ਹੋਈ। ਇਸ ’ਚ 6 ਜਨਵਰੀ ਨੂੰ ਸ਼ੰਭੂ ਬਾਰਡਰ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਹਜ਼ਾਰਾਂ ਕਿਸਾਨ ਸ਼ੰਭੂ ਬਾਰਡਰ ਪਹੁੰਚਣਗੇ। ਉੱਧਰੋਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ 10 ਜਨਵਰੀ ਨੂੰ ਪੂਰੇ ਦੇਸ਼ ’ਚ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾਣਗੇ।
ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ ਕਈ ਦਿਨਾਂ ਤੋਂ ਠੀਕ ਤਰ੍ਹਾਂ ਨਾਲ ਖੜ੍ਹੇ ਵੀ ਨਹੀਂ ਹੋ ਪਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਵਜ਼ਨ ਵੀ ਠੀਕ ਤਰ੍ਹਾਂ ਨਹੀਂ ਤੋਲਿਆ ਜਾ ਰਿਹਾ। ਉਨ੍ਹਾਂ ਦਾ ਗਲੋਮੇਰੂਲਰ ਫਿਲਟਰੇਸ਼ਨ ਰੇਟ ਘੱਟ ਰਿਹਾ ਹੈ, ਜਿਸ ਕਾਰਨ ਉਸ ਦੀ ਖੂਨ ਸਾਫ ਕਰਨ ਦੀ ਸਮਰੱਥਾ ਘੱਟ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕੱਲ ਸ਼ਾਮ ਤੋਂ ਵਾਰ-ਵਾਰ ਉਲਟੀਆਂ ਆ ਰਹੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਖਨੌਰੀ ਮੋਰਚੇ ’ਚ ਪਹੁੰਚੇ ਲੱਖਾਂ ਲੋਕਾਂ ਨੇ ਜਗਜੀਤ ਡੱਲੇਵਾਲ ਨੂੰ ਨਵੀਂ ਊਰਜਾ ਦੇਣ ਦਾ ਕੰਮ ਕੀਤਾ ਹੈ। ਡੱਲੇਵਾਲ ਨੇ ਉਨ੍ਹਾਂ ਕਿਸਾਨ ਪਰਿਵਾਰਾਂ ਨਾਲ ਦੁੱਖ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਦੇ ਮੈਂਬਰ ਬੀਤੇ ਦਿਨੀਂ ਸੜਕ ਹਾਦਸੇ ’ਚ ਸ਼ਹੀਦ ਜਾਂ ਜ਼ਖਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e