ਉਡੀਕ ਖ਼ਤਮ : ਅਧਿਆਪਕਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ, ਤਿਆਰ ਹੋ ਗਿਆ ਸ਼ਡਿਊਲ
Tuesday, Jan 07, 2025 - 11:02 AM (IST)
ਚੰਡੀਗੜ੍ਹ (ਸ਼ੀਨਾ) : ਇਕ ਸਾਲ ਤੋਂ ਨੌਕਰੀਆਂ ਦੀ ਉਡੀਕ ਕਰ ਰਹੇ ਅਧਿਆਪਕਾਂ ਦੀ ਉਡੀਕ ਖ਼ਤਮ ਹੋ ਗਈ ਹੈ। ਯੂ. ਟੀ. ਪ੍ਰਸ਼ਾਸਨ ਨੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀਆਂ 993 ਰੈਗੂਲਰ ਅਸਾਮੀਆਂ ’ਤੇ ਨਿਯੁਕਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਨ ਲਈ ਅੰਤਿਮ ਸ਼ਡਿਊਲ ਤਿਆਰ ਕਰ ਲਿਆ ਗਿਆ ਹੈ। ਸ਼ਡਿਊਲ ਮੁਤਾਬਕ ਇਹ ਪ੍ਰਕਿਰਿਆ 15 ਤੋਂ 30 ਜਨਵਰੀ ਤੱਕ ਮੁਕੰਮਲ ਹੋਵੇਗੀ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਪ੍ਰਕਿਰਿਆ ਪੂਰੀ ਹੋਣ ਤੱਕ ਛੁੱਟੀ ਨਾ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। 15 ਜਨਵਰੀ ਨੂੰ ਐੱਨ. ਟੀ. ਟੀ. ਦੀ ਮੈਰਿਟ ਸੂਚੀ ’ਚ ਸ਼ਾਮਲ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਰੱਦ ਹੋ ਗਈਆਂ ਛੁੱਟੀਆਂ, ਸਿੱਖਿਆ ਵਿਭਾਗ ਨੂੰ ਜਾਰੀ ਹੋਏ ਨਵੇਂ Order
ਕਰੀਬ ਇਕ ਸਾਲ ਤੋਂ ਸਿੱਖਿਆ ਵਿਭਾਗ ’ਚ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਕਿਸੇ ਨਾ ਕਿਸੇ ਕਾਰਨ ਲਟਕ ਰਹੀ ਸੀ। ਹਾਈਕੋਰਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਨੇ ਆਖ਼ਰਕਾਰ ਨਵੇਂ ਸਾਲ ’ਚ ਇਕ ਹਜ਼ਾਰ ਦੇ ਕਰੀਬ ਨਿਯੁਕਤੀਆਂ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸ਼ਡਿਊਲ ਅਨੁਸਾਰ ਐੱਨ. ਟੀ. ਟੀ., ਜੇ. ਬੀ. ਟੀ., ਟੀ. ਜੀ. ਟੀ., ਪੀ. ਜੀ. ਟੀ. ਅਤੇ ਸਪੈਸ਼ਲ ਐਜੂਕੇਟਰ ਦੀਆਂ ਅਸਾਮੀਆਂ ਲਈ ਨਿਯੁਕਤੀ ਪੱਤਰ 30 ਜਨਵਰੀ ਤੱਕ ਜਾਰੀ ਕਰ ਦਿੱਤੇ ਜਾਣਗੇ। ਦੱਸ ਦੇਈਏ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਸਮੇਤ ਹੋਰ ਸੂਬਿਆਂ ਤੋਂ ਵੱਡੀ ਗਿਣਤੀ ’ਚ ਉਮੀਦਵਾਰ ਅਧਿਆਪਕ ਭਰਤੀ ’ਚ ਹੋ ਰਹੀ ਦੇਰੀ ਨੂੰ ਲੈ ਕੇ ਯੂ. ਟੀ. ਸਕੱਤਰੇਤ ’ਚ ਅਧਿਕਾਰੀਆਂ ਨੂੰ ਲਗਾਤਾਰ ਅਪੀਲ ਕਰ ਰਹੇ ਸਨ। ਹੁਣ ਮੈਰਿਟ ਸੂਚੀ ’ਚ ਸ਼ਾਮਲ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਕਈ ਸਾਲਾਂ ਬਾਅਦ ਸਿੱਖਿਆ ਵਿਭਾਗ ’ਚ ਕਰੀਬ ਇਕ ਹਜ਼ਾਰ ਰੈਗੂਲਰ ਅਧਿਆਪਕ ਨਿਯੁਕਤ ਕੀਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਲੋਹੜੀ ਤੋਂ ਅਗਲੇ ਦਿਨ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ
ਸ਼ਡਿਊਲ ਹੈ ਤਿਆਰ : ਡਾਇਰੈਕਟਰ
ਇਸ ਬਾਰੇ ਗੱਲ ਕਰਦਿਆਂ ਚੰਡੀਗੜ੍ਹ ਦੇ ਸਕੂਲ ਸਿੱਖਿਆ ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਤੇ ਸਕੱਤਰ ਪ੍ਰੇਰਨਾ ਪੁਰੀ ਨੇ ਕਿਹਾ ਕਿ ਖ਼ਾਲੀ ਅਸਾਮੀਆਂ ਲਈ ਜਲਦੀ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ। ਇਸ ਸਬੰਧੀ ਸ਼ਡਿਊਲ ਤਿਆਰ ਕਰ ਲਿਆ ਗਿਆ ਹੈ। ਸਬੰਧਿਤ ਅਧਿਕਾਰੀਆਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। 30 ਜਨਵਰੀ ਤੱਕ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ। ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਜਲਦੀ ਹੀ ਪੂਰੀ ਹੋ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8