ਚੋਰੀ ਦੇ ਕੇਸ ''ਚ ਸ਼ਾਮਲ ਗੱਡੀ ਚਲਾਉਂਦੇ ਥਾਣੇਦਾਰ ਨੂੰ ਮਾਲਕ ਨੇ ਰੰਗੇ ਹੱਥੀਂ ਫੜਿਆ

02/11/2020 1:20:51 AM

ਤਰਨਤਾਰਨ, (ਰਮਨ)— ਜ਼ਿਲ੍ਹਾ ਪੁਲਸ ਵਲੋਂ ਚੋਰੀ ਅਤੇ ਹੋਰ ਕੇਸਾਂ 'ਚ ਬਰਾਮਦ ਕੀਤੀਆਂ ਗਈਆਂ ਵੱਖ-ਵੱਖ ਲਗਜ਼ਰੀ ਗੱਡੀਆਂ ਨੂੰ ਕੁਝ ਪੁਲਸ ਅਫ਼ਸਰ ਆਪਣੀ ਜਗੀਰ ਸਮਝ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਠਾਠ-ਬਾਠ ਨਾਲ ਜ਼ਿੰਦਗੀ ਬਤੀਤ ਕਰਦੇ ਨਜ਼ਰ ਆ ਰਹੇ ਹਨ। ਇਸ ਦੀ ਇਕ ਤਾਜ਼ਾ ਮਿਸਾਲ ਉਸ ਵੇਲੇ ਮਿਲੀ ਜਦੋਂ ਇਕ ਲਗਜ਼ਰੀ ਗੱਡੀ ਦੇ ਮਾਲਕ ਨੇ ਪੁਲਸ ਕਬਜ਼ੇ 'ਚ ਰੱਖੀ ਆਪਣੀ ਗੱਡੀ ਨੂੰ ਪੀ. ਓ. ਸਟਾਫ ਦੇ ਇੰਚਾਰਜ ਵਲੋਂ ਬੜੇ ਸ਼ੌਕ ਨਾਲ ਮਾਲਕ ਬਣ ਚਲਾਉਂਦੇ ਫੜ ਲਿਆ। ਜ਼ਿਕਰਯੋਗ ਹੈ ਕਿ ਮਾਲਕ ਵਲੋਂ ਰੌਲਾ ਪਾਉਣ 'ਤੇ ਪੁਲਸ ਅਧਿਕਾਰੀ ਆਪਣੇ ਦਫ਼ਤਰ ਅੰਦਰ ਜਾ ਪੁੱਜਾ ਅਤੇ ਬਾਅਦ 'ਚ ਦਫ਼ਤਰ 'ਚੋਂ ਗਾਇਬ ਹੋ ਗਿਆ। ਹੈਰਾਨੀ ਦੀ ਗੱਲ ਰਹੀ ਕਿ ਸੜਕ ਕਿਨਾਰੇ ਲਾਵਾਰਿਸ ਹਾਲਤ 'ਚ ਖੜ੍ਹੀ ਗੱਡੀ ਅੰਦਰ ਇਕ ਸਰਕਾਰੀ ਰਾਈਫਲ ਵੀ ਮੌਜੂਦ ਸੀ, ਜਿਸ ਨੂੰ ਕੋਈ ਚੋਰੀ ਕਰ ਕੇ ਵੀ ਲਿਜਾ ਸਕਦਾ ਸੀ।
ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਅਲਗੋਂ ਕੋਠੀ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਅਮਰਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਭਿੱਖੀਵਿੰਡ ਨੇ ਇਕ ਸਫੈਦ ਰੰਗ ਦੀ ਸਕਾਰਪੀਓ ਗੱਡੀ ਕਿਸੇ ਤੋਂ ਖਰੀਦੀ ਸੀ ਅਤੇ ਬਾਅਦ 'ਚ ਕਰੀਬ ਇਕ ਮਹੀਨਾ ਪਹਿਲਾਂ ਇਸ ਸਕਾਰਪੀਓ ਗੱਡੀ ਨੂੰ ਪਿੰਡ ਸ਼ੇਰੋਂ ਵਿਖੇ ਰਵੀ ਨਾਮਕ ਵਿਅਕਤੀ ਨੂੰ 9.50 ਲੱਖ ਰੁਪਏ 'ਚ ਵੇਚ ਦਿੱਤੀ ਗਈ ਸੀ, ਜਿਸ ਸਬੰਧੀ 5 ਲੱਖ ਰੁਪਏ ਬਕਾਇਆ ਰਾਸ਼ੀ ਇਸ ਲਈ ਨਹੀਂ ਮਿਲੀ ਕਿਉਂਕਿ ਗੱਡੀ ਨੂੰ ਰਵੀ ਦੇ ਨਾਂ 'ਤੇ ਟਰਾਂਸਫਰ ਕਰਵਾਉਣਾ ਬਾਕੀ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਗੱਡੀ ਨੂੰ ਰਵੀ ਦੇ ਨਾਂ ਜ਼ਿਲ੍ਹਾ ਫਰੀਦਕੋਟ ਦੇ ਰਿਜ਼ਨਲ ਟਰਾਂਸਪੋਰਟ ਦਫ਼ਤਰ ਤੋਂ ਟਰਾਂਸਫਰ ਕਰਵਾਉਣ 'ਚ ਇਸ ਲਈ ਦੇਰੀ ਹੋ ਰਹੀ ਸੀ ਕਿਉਂਕਿ ਦਫ਼ਤਰ 'ਚ ਟੈਕਸ ਸਬੰਧੀ ਹੋਏ ਕੋਈ ਗੋਲਮਾਲ ਕਾਰਣ ਆਰ. ਸੀ. ਟਰਾਂਸਫਰ ਦਾ ਕੰਮ ਕੁਝ ਦਿਨ ਲਈ ਬੰਦ ਕੀਤਾ ਗਿਆ ਸੀ ਪਰ ਉਨ੍ਹਾਂ ਵਲੋਂ ਗੱਡੀ ਦਾ ਬਣਦਾ ਹਜ਼ਾਰਾਂ ਰੁਪਏ ਟੈਕਸ ਸਰਕਾਰੀ ਖਾਤੇ 'ਚ ਜਮ੍ਹਾ ਕਰਵਾਇਆ ਗਿਆ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਫੀ ਦਿਨ ਪਹਿਲਾਂ ਸੀ. ਆਈ. ਏ. ਸਟਾਫ ਪੁਲਸ ਵਲੋਂ ਪਿੰਡ ਸ਼ੇਰੋਂ ਤੋਂ ਰਵੀ ਕੋਲੋਂ ਇਸ ਸਕਾਰਪੀਓ ਨੂੰ ਚੋਰੀ ਦੀ ਗੱਡੀ ਸਮਝਦੇ ਹੋਏ ਕਬਜ਼ੇ 'ਚ ਲੈ ਲਿਆ ਗਿਆ, ਜਿਸ ਸਬੰਧੀ ਉਸ ਨੇ ਅਗਲੇ ਹੀ ਦਿਨ ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਿਤ ਸ਼ਰਮਾ ਨੂੰ ਗੱਡੀ ਦੀ ਸਾਰੀ ਜਾਣਕਾਰੀ ਅਤੇ ਦਸਤਾਵੇਜ਼ ਪੇਸ਼ ਕੀਤੇ, ਜਿਸ ਤੋਂ ਬਾਅਦ ਉਸ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਉਸ ਦੀ ਗੱਡੀ ਨੂੰ ਕੁਝ ਨਹੀਂ ਹੋਵੇਗਾ ਅਤੇ ਜਦੋਂ ਉਹ ਅਸਲ ਆਰ. ਸੀ. ਪੇਸ਼ ਕਰੇਗਾ ਉਦੋਂ ਗੱਡੀ ਉਸ ਨੂੰ ਵਾਪਸ ਦੇ ਦਿੱਤੀ ਜਾਵੇਗੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਉਸ ਨੂੰ ਪਤਾ ਲੱਗਾ ਕਿ ਸੀ. ਆਈ. ਏ. ਸਟਾਫ ਵਲੋਂ ਕਬਜ਼ੇ 'ਚ ਲਈ ਉਸ ਦੀ ਸਕਾਰਪੀਓ ਨੂੰ ਪੀ. ਓ. ਸਟਾਫ ਦੇ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਬੜੇ ਸ਼ੌਕ ਨਾਲ ਚਲਾ ਰਿਹਾ ਹੈ, ਜਿਸ ਤਹਿਤ ਉਸ ਨੇ ਆਪਣੇ ਸਾਥੀਆਂ ਸਮੇਤ ਇਸ ਗੱਡੀ ਦਾ ਪਿੱਛਾ ਕੀਤਾ, ਜਿਸ ਨੂੰ ਇੰਚਾਰਜ ਸੁਖਵਿੰਦਰ ਸਿੰਘ ਚਲਾ ਰਿਹਾ ਸੀ। ਜਦੋਂ ਉਹ ਸਕਾਰਪੀਓ ਰਾਹੀਂ ਆਪਣੇ ਤਰਨਤਾਰਨ ਵਿਖੇ ਦਫ਼ਤਰ 'ਚ ਪੁੱਜਾ ਤਾਂ ਉਨ੍ਹਾਂ ਵਲੋਂ ਇਸ ਦੀ ਵੀਡੀਓ ਬਣਾਉਂਦੇ ਹੋਏ ਗੱਡੀ 'ਚ ਸਵਾਰ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਇਸ ਗੱਡੀ ਨੂੰ ਆਪਣੀ ਮਾਲਕੀ ਦੱਸਿਆ। ਇੰਨਾ ਹੀ ਨਹੀਂ ਇਸ ਗੱਡੀ 'ਤੇ ਜਾਅਲੀ ਨੰਬਰ ਪਲੇਟ ਲਾਈ ਗਈ ਸੀ, ਜਿਸ ਦਾ ਨੰਬਰ ਪੀ. ਬੀ 07-ਬੀ. ਐੱਚ 1213 ਲਿਖਿਆ ਹੋਇਆ ਸੀ। ਗੁਰਪ੍ਰੀਤ ਸਿੰਘ ਦੀਆਂ ਗੱਲਾਂ ਸੁਣ ਕੇ ਉਕਤ ਇੰਚਾਰਜ ਗੱਡੀ 'ਚ ਮੌਜੂਦ ਸਰਕਾਰੀ ਰਾਈਫਲ ਨੂੰ ਬਿਨਾਂ ਬਾਹਰ ਕੱਢੇ ਦਫਤਰ ਅੰਦਰ ਜਾ ਪੁੱਜਾ ਪਰ ਬਾਅਦ 'ਚ ਬਾਹਰ ਨਹੀਂ ਆਇਆ। ਘਟਨਾ ਦੀ ਸੂਚਨਾ ਪਹਿਲਾਂ ਆਈ. ਜੀ. ਬਾਰਡਰ ਰੇਂਜ ਅਤੇ ਬਾਅਦ 'ਚ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਨੂੰ ਗੁਰਪ੍ਰੀਤ ਸਿੰਘ ਵਲੋਂ ਦਿੱਤੀ ਗਈ, ਜਿਸ ਤਹਿਤ ਡੀ. ਐੱਸ. ਪੀ. ਨੇ ਮੌਕੇ 'ਤੇ ਪੁੱਜ ਕੇ ਸਾਰੇ ਮਾਮਲੇ ਦੀ ਤਫਤੀਸ਼ ਕਰਨ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਜ਼ਿਲੇ 'ਚ ਅਜਿਹੀਆਂ ਕਈ ਲਗਜ਼ਰੀ ਗੱਡੀਆਂ ਦੀ ਵਰਤੋਂ ਕੁਝ ਪੁਲਸ ਅਫ਼ਸਰਾਂ ਅਤੇ ਕਰਮਚਾਰੀਆਂ ਵਲੋਂ ਵੱਖ-ਵੱਖ ਕੇਸਾਂ 'ਚ ਸ਼ਾਮਲ ਹਨ ਦੀ ਦਿਨ-ਰਾਤ ਬੜੇ ਆਰਾਮ ਨਾਲ ਵਰਤੋਂ ਕੀਤੀ ਜਾ ਰਹੀ ਹੈ।
ਉੱਧਰ ਪੀ. ਓ. ਸਟਾਫ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਸੀ. ਆਈ. ਏ. ਸਟਾਫ ਵਲੋਂ ਫੜੀਆਂ ਗਈਆਂ ਚੋਰੀ ਦੀਆਂ ਗੱਡੀਆਂ 'ਚੋਂ ਇਸ ਸਕਾਰਪੀਓ ਨੂੰ ਉਨ੍ਹਾਂ ਵਲੋਂ ਸ਼ੇਰੋਂ ਤੋਂ ਬਰਾਮਦ ਕੀਤਾ ਗਿਆ ਸੀ ਜੋ ਉਨ੍ਹਾਂ ਦੇ ਸਰਕਾਰੀ ਦਫ਼ਤਰ ਦੇ ਬਾਹਰ ਕੁੱਝ ਦਿਨਾਂ ਤੋਂ ਖੜ੍ਹੀ ਸੀ ਅਤੇ ਹੁਣ ਉਹ ਇਸ ਗੱਡੀ ਨੂੰ ਥਾਣਾ ਝਬਾਲ ਵਿਖੇ ਲਾਉਣ ਜਾ ਰਹੇ ਸਨ ਨਾ ਕਿ ਕਿਸੇ ਹੋਰ ਥਾਂ 'ਤੇ।

ਮਾਮਲੇ ਦੀ ਕੀਤੀ ਜਾਵੇਗੀ ਜਾਂਚ
ਇਸ ਸਬੰਧੀ ਆਈ. ਜੀ. ਬਾਰਡਰ ਰੇਂਜ ਸੁਰਿੰਦਰ ਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ, ਜਿਸ ਦੀ ਮੁਕੰਮਲ ਜਾਂਚ ਕਰਵਾਈ ਜਾਵੇਗੀ। ਇਸ ਜਾਂਚ 'ਚ ਜੇ ਕੋਈ ਕੁਤਾਹੀ ਪਾਈ ਗਈ ਤਾਂ ਕਾਰਵਾਈ ਕਰਨ 'ਚ ਗੁਰੇਜ਼ ਨਹੀਂ ਕੀਤਾ ਜਾਵੇਗਾ।


KamalJeet Singh

Content Editor

Related News