ਹੈਰਾਨੀਜਨਕ! ਸਿਹਤ ਵਿਭਾਗ ਵੱਲੋਂ ਲਏ ਗਏ 20 ਪਾਣੀ ਦੇ ਸੈਂਪਲਾਂ ’ਚੋਂ 13 ਹੋਏ ਫੇਲ੍ਹ
Thursday, Jul 25, 2024 - 02:33 PM (IST)
ਤਰਨਤਾਰਨ (ਰਮਨ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਜਾਰੀ ਹੋਏ ਸਖ਼ਤ ਆਦੇਸ਼ਾਂ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਵੱਖਰੇ ਤੌਰ ’ਤੇ ਸਥਾਨਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਪੀਣ ਵਾਲੇ ਪਾਣੀ ਦੇ ਸੈਂਪਲ ਬੀਤੇ ਦਿਨੀਂ ਲਏ ਗਏ ਸਨ, ਜਿਸਦੀ ਲੈਬੋਰਟਰੀ ਜਾਂਚ ਮਾਹਿਰ ਡਾਕਟਰਾਂ ਵੱਲੋਂ ਕਰਨ ਤੋਂ ਬਾਅਦ 13 ਸੈਂਪਲ ਫੇਲ੍ਹ ਪਾਏ ਗਏ ਹਨ। ਇਸ ਦੌਰਾਨ ਦੀਵੇ ਥੱਲੇ ਹਨ੍ਹੇਰੇ ਦੀ ਕਹਾਵਤ ਉਸ ਵੇਲੇ ਸੱਚ ਹੁੰਦੀ ਨਜ਼ਰ ਆਈ, ਜਦੋਂ ਸਿਵਲ ਸਰਜਨ ਦਫਤਰ ਵਿਖੇ ਪੀਣ ਵਾਲੇ ਪਾਣੀ ਦੀ ਰਿਪੋਰਟ ਵੀ ਫੇਲ੍ਹ ਪਾਈ ਗਈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਮੁੜ ਤੋਂ ਸਹੀ ਢੰਗ ਨਾਲ ਪਾਣੀ ਦੇ ਨਮੂਨੇ ਲੈ ਕੇ ਦੁਬਾਰਾ ਜਾਂਚ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਿਵਲ ਸਰਜਨ ਵਿਭਾਗ ਅਧੀਨ ਕੰਮ ਕਰਦੇ ਐਪੀਡੋਮਾਈਲੋਜ਼ਿਸਟ ਅਫਸਰ ਦੀ ਨਿਗਰਾਨੀ ਹੇਠ ਸਥਾਨਕ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਬੀਤੀ 19 ਜੁਲਾਈ ਨੂੰ 20 ਪੀਣ ਵਾਲੇ ਪਾਣੀ ਦੇ ਨਮੂਨੇ ਸੀਲ ਕੀਤੇ ਗਏ ਸਨ, ਜਿਨ੍ਹਾਂ ਦੀ ਬੈਕਟੀਰੀਅਲੋਜੀਕਲ ਟੈਸਟਾਂ ਦੇ ਆਧਾਰ ਉਪਰ ਕੀਤੀ ਗਈ ਜਾਂਚ ਦੌਰਾਨ 13 ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ ਹਨ।
ਇਨ੍ਹਾਂ ਫੇਲ੍ਹ ਪਾਏ ਗਏ ਪੀਣ ਵਾਲੇ ਪਾਣੀ ਦੇ ਸੈਂਪਲਾਂ ’ਚ ਸਿਵਲ ਸਰਜਨ ਦਫਤਰ ਤਰਨਤਾਰਨ, ਫੋਰ.ਐੱਸ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ, ਗੁਰੂ ਅਰਜਨ ਦੇਵ ਖਾਲਸਾ ਕਾਲਜ ਤਰਨਤਾਰਨ, ਨਗਰ ਪਾਲਿਕਾ ਬਾਜ਼ਾਰ ਤਰਨਤਾਰਨ, ਥਾਣਾ ਸਿਟੀ ਤਰਨਤਾਰਨ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੰਡੀ ਵਾਲਾ ਤਰਨਤਾਰਨ, ਸਖੀ ਵਨ ਤਰਨਤਾਰਨ, ਵਾਟਰ ਸਪਲਾਈ ਦਫਤਰ ਤਰਨਤਾਰਨ, ਸਰਕਾਰੀ ਪ੍ਰਾਇਮਰੀ ਸਕੂਲ ਨਾਨਕਸਰ ਤਰਨਤਾਰਨ ਅਤੇ ਇਕ ਧਾਰਮਿਕ ਸਥਾਨ ਸ਼ਾਮਲ ਹਨ।
ਇਹ ਵੀ ਪੜ੍ਹੋ- ਹੁਣ ਸ਼ਰਾਬ ਪੀ ਕੇ ਤੇ ਗਲਤ ਢੰਗ ਨਾਲ ਕਾਰ ਪਾਰਕ ਕਰਨ ਵਾਲਿਆਂ ਦੀ ਖੈਰ ਨਹੀਂ!
ਇਸ ਦੌਰਾਨ ਨਗਰ ਕੌਂਸਲ ਦਫਤਰ, ਤਹਿਸੀਲ ਕੰਪਲੈਕਸ ਤਰਨਤਾਰਨ, ਸ੍ਰੀ ਦਰਬਾਰ ਸਾਹਿਬ ਲੰਗਰ ਹਾਲ, ਮਾਤਾ ਗੰਗਾ ਗਰਲਜ਼ ਸਕੂਲ, ਬਿਰਧ ਘਰ, ਟੀ.ਬੀ ਵਿਭਾਗ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਸਹੀ ਪਾਏ ਗਏ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਹਿਰ ’ਚੋਂ ਲਏ ਗਏ ਇਨ੍ਹਾਂ ਪਾਣੀ ਦੇ ਸੈਂਪਲਾਂ ਨੂੰ ਪੂਰੀ ਵਿਧੀ ਅਨੁਸਾਰ ਨਹੀਂ ਲਿਆ ਗਿਆ ਹੈ ਅਤੇ ਸੈਂਪਲ ਲੈਣ ਵਾਲੇ ਸਿਹਤ ਵਿਭਾਗ ਅਧੀਨ ਕੰਮ ਕਰਨ ਵਾਲੇ ਹੈਲਪਰ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਸ ਸਬੰਧੀ ਕੋਈ ਵੀ ਵਿਸ਼ੇਸ ਟ੍ਰੇਨਿੰਗ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 2 ਧਿਰਾਂ 'ਚ ਚੱਲੀਆਂ ਗੋਲੀਆਂ, 22 ਸਾਲਾ ਨੌਜਵਾਨ ਦੀ ਮੌਤ
ਸਿਹਤ ਵਿਭਾਗ ਦੀ ਇਸ ਕਾਰਵਾਈ ਤੋਂ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਲਈ ਜਲਦ ਤੋਂ ਜਲਦ ਐਕਸ਼ਨ ’ਚ ਆਉਣ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਸ ਤਹਿਤ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਵੱਲੋਂ ਐਪੀਡੋਮਾਈਲੋਜ਼ਿਸਟ ਅਫਸਰਾਂ ਨੂੰ ਇਲਾਕੇ ਵਿਚ ਜਾ ਕੇ ਫੇਲ੍ਹ ਪਾਏ ਗਏ ਪਾਣੀ ਦੇ ਨਮੂਨਿਆਂ ਦੀ ਮੁੜ ਤੋਂ ਜਾਂਚ ਕਰਨ ਅਤੇ ਕਲੋਰੀਨ ਦੀਆਂ ਗੋਲੀਆਂ ਵੰਡਣ ਲਈ ਕਿਹਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਨਵ-ਨਿਯੁਕਤ ਸਿਵਲ ਸਰਜਨ ਡਾਕਟਰ ਭਾਰਤ ਭੂਸ਼ਣ ਨੇ ਜਗਬਾਣੀ ਨੂੰ ਫੇਲ੍ਹ ਪਾਏ ਗਏ 13 ਸੈਂਪਲਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਵਿਭਾਗ ਵੱਲੋਂ ਮੁੜ ਤੋਂ ਪੂਰੀ ਵਿਧੀ ਅਨੁਸਾਰ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ, ਜਿਸ ਤੋਂ ਬਾਅਦ ਬਰੀਕੀ ਨਾਲ ਜਾਂਚ ਕਰਦੇ ਹੋਏ ਦੋਵਾਂ ਰਿਪੋਰਟਾਂ ਨੂੰ ਚੈੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨਾਲ ਮਿਲ ਕੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਨਬਾਲਗ ਮੁੰਡੇ ਦੀ ਨਹਿਰ ਤੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8