ਆਨਲਾਈਨ ਰਜਿਸਟਰੀ ਸਿਸਟਮ : ਸਰਵਰ ਠੱਪ ਹੋਣ ਕਾਰਨ ਰਾਤ 8 ਵਜੇ ਤੱਕ ਨਿਕਲਦੇ ਰਹੇ ਰਜਿਸਟਰੀਆਂ ਦੇ ਪ੍ਰਿੰਟ

04/07/2021 6:37:32 PM

ਅੰਮ੍ਰਿਤਸਰ (ਨੀਰਜ) : ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਤੇ ਰਜਿਸਟਰੀਆਂ ਦੇ ਕੇਸਾਂ ’ਚ ਫਰਾਡ ਕੇਸਾਂ ਨੂੰ ਰੋਕਣ ਲਈ ਆਨਲਾਈਨ ਰਜਿਸਟਰੀ ਅਪਵਾਇੰਟਮੈਂਟ ਸਿਸਟਮ ਨੂੰ ਲਾਗੂ ਕੀਤਾ ਸੀ ਪਰ ਇਹ ਸਹੂਲਤ ਆਮ ਜਨਤਾ ਲਈ ਦੁਬਿਧਾ ਬਣਦੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਆਨਲਾਈਨ ਸਿਸਟਮ ਦਾ ਸਰਵਰ ਪਿਛਲੇ ਇਕ ਹਫ਼ਤੇ ਤੋਂ ਖ਼ਰਾਬ ਹੋ ਰਿਹਾ ਹੈ ਪਰ ਮੰਗਲਵਾਰ ਨੂੰ ਤਾਂ ਇਸ ਨੇ ਖ਼ਰਾਬ ਹੋਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਆਲਮ ਇਹ ਰਿਹਾ ਕਿ ਰਜਿਸਟਰੀਆਂ ਦੇ ਪ੍ਰਿੰਟ ਸਰਵਰ ਠੱਪ ਹੋਣ ਕਾਰਨ ਦੇਰ ਰਾਤ 8 ਵਜੇ ਤੱਕ ਨਿਕਲਦੇ ਰਹੇ, ਜਿਸ ਨਾਲ ਲੋਕਾਂ ਅਤੇ ਵਸੀਕਾ ਨਵੀਸਾਂ ਨੂੰ ਦੇਰ ਰਾਤ ਤੱਕ ਤਹਿਸੀਲ ’ਚ ਪ੍ਰਿੰਟ ਲੈਣ ਲਈ ਇੰਤਜ਼ਾਰ ਕਰਨਾ ਪਿਆ, ਜਦਕਿ ਦੂਜੇ ਪਾਸੇ ਰਾਤ 9 ਵਜੇ ਤੋਂ ਕਰਫ਼ਿਊ ਵੀ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਪੁਲਸ ਦੀ ਸਖਤੀ ਦਾ ਸ਼ਿਕਾਰ ਹੋਣਾ ਪਿਆ, ਜੋ ਤਹਿਸੀਲ ਤੋਂ ਆਪਣੇ ਘਰਾਂ ਨੂੰ ਲੇਟ ਪਰਤੇ ਸਨ । ਆਨਲਾਈਨ ਰਜਿਸਟਰੀ ਅਪਵਾਇੰਟਮੈਂਟ ਸਿਸਟਮ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਜਦੋਂ ਤੋਂ ਇਸ ਸਿਸਟਮ ਨੂੰ ਲਾਗੂ ਕੀਤਾ ਗਿਆ ਹੈ, ਉਦੋਂ ਤੋਂ ਇਹ ਸਿਸਟਮ ਸਰਕਾਰੀ ਅਧਿਕਾਰੀਆਂ ਤੋਂ ਲੈ ਕੇ ਆਮ ਜਨਤਾ ਲਈ ਸਿਰਦਰਦ ਬਣਿਆ ਹੋਇਆ ਹੈ । ਪੂਰੇ ਸੂਬੇ ’ਚ ਇਕ ਹੀ ਸਰਵਰ ਦੀ ਵਰਤੋਂ ਹੋਣ ਕਾਰਨ ਜਦੋਂ ਸਾਰੇ ਜ਼ਿਲਿਆਂ ’ਚ ਸਰਵਰ ’ਤੇ ਦਬਾਅ ਪੈਂਦਾ ਹੈ ਤਾਂ ਇਹ ਸਪੀਡ ਘੱਟ ਕਰ ਦਿੰਦਾ ਹੈ।

ਹਾਲ ਹੀ ’ਚ ਇੱਕ ਵੱਡੇ ਨੇਤਾ ਨੂੰ ਕਰਨਾ ਪਿਆ ਸੀ ਘੰਟਿਆਂ ਤੱਕ ਇੰਤਜ਼ਾਰ
ਆਨਲਾਈਨ ਸਿਸਟਮ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਦੇ ਅਧੀਨ ਕਿਸੇ ਵੀ ਵਿਅਕਤੀ ਨੂੰ ਆਪਣੀ ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਵਸੀਕਾ ਨਵੀਸ ਰਾਹੀਂ ਆਨਲਾਈਨ ਅਪਵਾਇੰਟਮੈਂਟ ਲੈਣੀ ਪੈਂਦੀ ਹੈ ਅਤੇ ਜਿਸ ਦਿਨ ਦੀ ਅਪਵਾਇੰਟਮੈਂਟ ਮਿਲਦੀ ਹੈ, ਉਸੇ ਦਿਨ ਰਜਿਸਟਰੀ ਕਰਵਾਉਣ ਲਈ ਤਹਿਸੀਲ ’ਚ ਆਉਣਾ ਪੈਂਦਾ ਹੈ । ਇਸ ਹਾਲਤ ’ਚ ਜੇਕਰ ਕਿਸੇ ਸਰਕਾਰੀ ਛੁੱਟੀ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਅਪਵਾਇੰਟਮੈਂਟ ਵਾਲੇ ਦਿਨ ਕੰਮ ਨਹੀਂ ਹੁੰਦਾ ਤਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਹਾਲਾਂਕਿ ਕੁਝ ਮਹੀਨਿਆਂ ਤੋਂ ਮਾਲ ਵਿਭਾਗ ਵੱਲੋਂ ਰੀਸ਼ੈਡਿਊਲਿੰਗ ਦੀ ਸਹੂਲਤ ਦਿੱਤੀ ਜਾ ਚੁੱਕੀ ਹੈ ਪਰ ਆਮ ਜਨਤਾ ਦੇ ਨਾਲ ਵੀ. ਆਈ. ਪੀ. ਲੋਕਾਂ ਨੂੰ ਵੀ ਇਸ ਸਿਸਟਮ ਤੋਂ ਕਾਫ਼ੀ ਨਾਰਾਜ਼ਗੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਸੱਤਾਧਾਰੀ ਪਾਰਟੀ ਦੇ ਇੱਕ ਵੱਡੇ ਨੇਤਾ ਨੂੰ ਸਰਵਰ ਠੱਪ ਹੋਣ ਕਾਰਨ ਕਾਫ਼ੀ ਇੰਤਜ਼ਾਰ ਕਰਨਾ ਪਿਆ ਸੀ ਤੇ ਕਾਫ਼ੀ ਪਰੇਸ਼ਾਨੀ ਵੀ ਆਈ ਸੀ ਕਿਉਂਕਿ ਉਸ ਦੀ ਰਜਿਸਟਰੀ ਕਈ ਘੰਟਿਆਂ ਤੱਕ ਹੋ ਨਹੀਂ ਸਕੀ ਸੀ, ਇਸ ਦਾ ਕਾਰਨ ਸਰਵਰ ਠੱਪ ਹੋਣਾ ਸੀ।

ਨਹੀਂ ਰੁਕ ਸਕੇ ਜ਼ਮੀਨਾਂ ਦੇ ਫਰਾਡ ਕੇਸ
ਆਨਲਾਈਨ ਰਜਿਸਟਰੀ ਅਪਵਾਇੰਟਮੈਂਟ ਸਿਸਟਮ ਨੂੰ ਮਾਲ ਵਿਭਾਗ ਨੇ ਇਸ ਲਈ ਵੀ ਲਾਗੂ ਕੀਤਾ ਸੀ ਤਾਂ ਕਿ ਰਜਿਸਟਰੀ ਕਰਦੇ ਸਮੇਂ ਜ਼ਮੀਨ-ਜਾਇਦਾਦ ਦੇ ਫਰਾਡ ਕੇਸ ਰੁਕ ਸਕਣ ਪਰ ਲੈਂਡ ਮਾਫੀਆ ਨੇ ਇਸ ਸਿਸਟਮ ਨੂੰ ਵੀ ਹੈਕ ਕੀਤਾ ਹੋਇਆ ਹੈ । ਹਾਲ ਹੀ ’ਚ ਇੱਕ ਸਬ-ਰਜਿਸਟਰਾਰ ਤੇ ਤਹਿਸੀਲਦਾਰ ਵੱਲੋਂ ਇੱਕ ਜਾਅਲੀ ਰਜਿਸਟਰੀ ਫੜੀ ਗਈ ਸੀ, ਜਿਸ ਦੀ ਅਜੇ ਤੱਕ ਜਾਂਚ ਚੱਲ ਰਹੀ ਹੈ । ਆਨਲਾਈਨ ਸਿਸਟਮ ਦੀ ਗੱਲ ਕਰੀਏ ਤਾਂ ਇਸ ’ਚ ਖਰੀਦਣ ਅਤੇ ਵੇਚਣ ਵਾਲੀਆਂ ਦੋਵਾਂ ਹੀ ਪਾਰਟੀਆਂ ਦੇ ਲੋਕਾਂ ਦੇ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਕੰਪਿਊਟਰ ’ਚ ਫੀਡ ਹੋਣ ਤੋਂ ਬਾਅਦ ਅਤੇ ਗਵਾਹਾਂ ਦੇ ਦਸਤਾਵੇਜ਼ ਫੀਡ ਹੋਣ ਤੋਂ ਬਾਅਦ ਅਪਵਾਇੰਟਮੈਂਟ ਮਿਲਦੀ ਹੈ, ਅਜਿਹੀ ਹਾਲਤ ’ਚ ਲੈਂਡ ਮਾਫੀਆ ਕਿਵੇਂ ਜਾਅਲੀ ਰਜਿਸਟਰਿਆ ਕਰਵਾ ਰਿਹਾ ਹੈ, ਇਹ ਵੀ ਇੱਕ ਬਹੁਤ ਵੱਡਾ ਸਵਾਲ ਬਣਿਆ ਹੋਇਆ ਹੈ, ਜਿਸ ਦਾ ਜਵਾਬ ਅਧਿਕਾਰੀ ਦੇਣ ਨੂੰ ਤਿਆਰ ਨਹੀਂ ਹਨ।

ਆਨਲਾਈਨ ਸਿਸਟਮ ’ਚ ਜਾਅਲੀ ਐੱਨ. ਓ. ਸੀਜ਼ ਦਾ ਫਰਜ਼ੀਵਾੜਾ
ਆਨਲਾਈਨ ਸਿਸਟਮ ’ਚ ਜਾਅਲੀ ਐੱਨ. ਓ. ਸੀਜ਼ ਦਾ ਫਰਜ਼ੀਵਾੜਾ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ’ਚ ਰਜਿਸਟਰੀ ਦਫਤਰ ’ਚ ਤਾਇਨਾਤ ਸਬ-ਰਜਿਸਟਰਾਰਾਂ ਵੱਲੋਂ ਰਜਿਸਟਰੀ ਦੇ ਨਾਲ ਜਾਅਲੀ ਐੱਨ. ਓ. ਸੀਜ਼ ਫੜੀਆਂ ਗਈਆਂ ਹਨ, ਜੋ ਸਾਬਤ ਕਰਦਾ ਹੈ ਕਿ ਆਨਲਾਈਨ ਸਿਸਟਮ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਗਰ ਨਿਗਮ ਦੇ ਨਾਂ ’ਤੇ ਜਾਅਲੀ ਐੱਨ. ਓ. ਸੀਜ਼ ਬਣਾਉਣ ਵਾਲਾ ਗਿਰੋਹ ਵੀ ਸਰਗਰਮ ਹੈ, ਜਿਸ ਦਾ ਪਰਦਾਫਾਸ਼ ਕਰਨ ਦੀ ਪ੍ਰਸ਼ਾਸਨ ਨੂੰ ਲੋੜ ਹੈ ।

ਤੱਤਕਾਲ ਸੇਵਾ ਵੀ ਸਿਰਫ਼ ਨਾਂ ਦੀ
 ਆਨਲਾਈਨ ਸਿਸਟਮ ਤਹਿਤ ਉਂਝ ਤਾਂ ਕਈ ਵੱਡੀ ਸਮੱਸਿਆਵਾਂ ਹਨ ਪਰ ਇਸ ’ਚ ਇਕ ਮੁੱਖ ਸਮੱਸਿਆ ਤੱਤਕਾਲ ਸੇਵਾ ਦੀ ਹੈ, ਜੋ ਸਿਰਫ ਨਾਂ ਦੀ ਹੈ । ਪੰਜ ਹਜ਼ਾਰ ਰੁਪਿਆ ਖਰਚ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਰਜਿਸਟਰੀ ਅਪਵਾਇੰਟਮੈਂਟ ’ਚ ਉਸੇ ਦਿਨ ਦੀ ਤੱਤਕਾਲ ਅਪਵਾਇੰਟਮੈਂਟ ਨਹੀਂ ਮਿਲਦੀ, ਜਿਸ ਦਿਨ ਦੀ ਪ੍ਰਾਰਥੀ ਚਾਹੁੰਦਾ ਹੈ। ਤੱਤਕਾਲ ਫੀਸ ਭਰਨ ਤੋਂ ਬਾਅਦ ਵੀ ਲੋਕਾਂ ਨੂੰ ਕਈ ਦਿਨ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।

ਆਨਲਾਈਨ ਸਿਸਟਮ ਦੀਆਂ ਖਾਮੀਆਂ ਦੂਰ ਕਰੇ ਪੰਜਾਬ ਸਰਕਾਰ
 ਆਨਲਾਈਨ ਸਿਸਟਮ ਨੂੰ ਪੰਜਾਬ ਸਰਕਾਰ ਨੇ ਜਨਤਾ ਦੀ ਸਹੂਲਤ ਲਈ ਸ਼ੁਰੂ ਕੀਤਾ ਸੀ ਪਰ ਇਹ ਸਹੂਲਤ ਇਸ ਸਮੇਂ ਆਮ ਜਨਤਾ ਲਈ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਚੁੱਕੀ ਹੈ। ਆਏ ਦਿਨ ਰਜਿਸਟਰੀ ਦਫਤਰਾਂ ’ਚ ਸਰਵਰ ਠੱਪ ਰਹਿੰਦਾ ਹੈ, ਜਿਸ ਨਾਲ ਤਹਿਸੀਲ ’ਚ ਆਏ ਲੋਕਾਂ ਨੂੰ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਕੋਰੋਨਾ ਮਹਾਮਾਰੀ ਦੇ ਹਾਲਾਤ ’ਚ ਵੀ ਸਰਕਾਰੀ ਦਫਤਰ ’ਚ ਧੱਕੇ ਖਾਣੇ ਪੈਂਦੇ ਹਨ। ਇਸ ਸੰਦਰਭ ’ਚ ਯੂਨੀਅਨ ਵੱਲੋਂ ਕਈ ਵਾਰ ਪ੍ਰਸ਼ਾਸਨ ਅਤੇ ਸਰਕਾਰ ਨੂੰ ਮੀਮੋ ਦਿੱਤਾ ਜਾ ਚੁੱਕਾ ਹੈ ਪਰ ਹੁਣੇ ਤੱਕ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋਈ ਹੈ ।


Anuradha

Content Editor

Related News