ਨੈਸ਼ਨਲ ਪੱਧਰ ਤੇ ਗੋਲਡ ਮੈਡਲ ਜਿੱਤਣ ਵਾਲੇ ਰਘੂ ਮਹਿਰਾ ਦੀ ਸਹਾਇਤਾ ਲਈ ਅੱਗੇ ਆਇਆ ਪ੍ਰਵਾਸੀ ਭਾਰਤੀ
Tuesday, Feb 13, 2024 - 06:30 PM (IST)
ਗੁਰਦਾਸਪੁਰ ( ਵਿਨੋਦ)- ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਖਬਰਾਂ ਨੂੰ ਪੜ੍ਹ ਕੇ ਲੁਧਿਆਣਾ ਵਿਖੇ ਹੋਈਆਂ 67ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਹੋਣਹਾਰ ਗਰੀਬ ਖਿਡਾਰੀ ਰਘੂ ਮਹਿਰਾ ਲਈ ਇਕ ਪ੍ਰਵਾਸੀ ਭਾਰਤੀ ਮਸੀਹਾ ਬਣ ਕੇ ਸਾਹਮਣੇ ਆਇਆ ਹੈ।
ਅੰਤਰਰਾਸ਼ਟਰੀ ਜੂਡੋ ਖਿਡਾਰੀ ਇੰਸਪੈਕਟਰ ਜਤਿੰਦਰ ਪਾਲ ਸਿੰਘ ਜੋ ਕਿ ਦੋਰਾਂਗਲਾ ਥਾਣੇ ਦੇ ਐੱਸ.ਐੱਚ. ਓ ਰਹਿ ਚੁੱਕੇ ਹਨ ਉਨ੍ਹਾਂ ਦੀ ਪ੍ਰੇਰਣਾ ਨਾਲ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਆਪਣੇ ਨਾਮ ਨੂੰ ਗੁਪਤ ਰੱਖਣ ਦੀ ਸ਼ਰਤ ਤੇ ਇਸ ਜੂਡੋ ਖਿਡਾਰੀ ਦੀ ਆਰਥਿਕ ਮਦਦ ਕਰਨ ਦਾ 7 ਸਾਲ ਲਈ ਵਾਅਦਾ ਕੀਤਾ ਹੈ। ਸੱਤ ਸਾਲ ਲਈ ਇਸ ਖਿਡਾਰੀ ਦੀ ਖੁਰਾਕ ਲਈ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾਵੇਗੀ।
ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਉਸ ਮਸੀਹੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਛੋਟੀ ਉਮਰ ਵਿਚ ਰਘੂ ਮਹਿਰਾ ਉਪਰ ਪਿਤਾ ਛਾਇਆ ਉਠਣ ਦੇ ਬਾਵਜੂਦ ਵੀ ਉਸ ਦੀ ਮਿਹਨਤ ਤੋਂ ਹਰ ਇੱਕ ਖੇਡ ਪ੍ਰੇਮੀ ਪ੍ਰਭਾਵਿਤ ਹੋਇਆ ਹੈ। ਇੰਸਪੈਕਟਰ ਜਤਿੰਦਰ ਪਾਲ ਸਿੰਘ ਆਪਣੇ ਸਮੇਂ ਦਾ ਨੈਸ਼ਨਲ ਪੱਧਰ ਦਾ ਸਟਾਰ ਖਿਡਾਰੀ ਰਹੇ ਹਨ ਅਤੇ ਉਹ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਲਈ ਬੁਨਿਆਦੀ ਸਹੂਲਤਾਂ ਦੇਣ, ਗਰੀਬ ਲੋੜਵੰਦ ਖਿਡਾਰੀਆਂ ਦੀ ਮਦਦ ਲਈ ਤੱਤਪਰ ਰਹਿੰਦੇ ਹਨ। ਜੂਡੋ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਇਸ ਆਰਥਿਕ ਸਹਾਇਤਾ ਨਾਲ ਰਘੂ ਮਹਿਰਾ ਹੁਣ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈ ਸਕੇਗਾ, ਕਿਉਂਕਿ ਹੁਣ ਉਸ ਨੂੰ 45 ਕਿਲੋ ਭਾਰ ਵਰਗ ਦੀ ਬਜਾਏ 50 ਕਿਲੋ ਭਾਰ ਵਰਗ ਵਿੱਚ ਤਿਆਰੀ ਕਰਨੀ ਹੈ। ਜਿਸ ਲਈ ਉਸ ਨੂੰ ਹੋਰ ਮਜ਼ਬੂਤ ਅਤੇ ਤਾਕਤਵਰ ਹੋਣ ਲਈ ਮਿਆਰੀ ਖੁਰਾਕ ਦੇ ਜ਼ਰੂਰਤ ਦੀ ਲੋੜ ਸੀ। ਉਨ੍ਹਾਂ ਦੱਸਿਆ ਕਿ ਰਘੂ ਮਹਿਰਾ ਲਈ ਅੰਤਰਰਾਸ਼ਟਰੀ ਪੱਧਰ ਦੀ ਜੂਡੋ ਕਿੱਟ ਦੀ ਜ਼ਰੂਰਤ ਹੈ ਅਤੇ ਉਸ ਦਾ ਪਾਸਪੋਰਟ ਬਣਾਉਣ ਲਈ ਵੀ ਆਰਥਿਕ ਸਹਾਇਤਾ ਦੀ ਲੋੜ ਹੈ। ਵਰਿੰਦਰ ਸਿੰਘ ਸੰਧੂ ਪੀ.ਪੀ. ਐੱਸ,ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਦੇ ਜਰਨਲ ਸਕੱਤਰ ਸਤੀਸ਼ ਕੁਮਾਰ, ਵਿੱਤ ਸਕੱਤਰ ਬਲਵਿੰਦਰ ਕੌਰ, ਇੰਸਪੈਕਟਰ ਕਪਿਲ ਕੌਂਸਲ, ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਜਤਿੰਦਰ ਪਾਲ ਸਿੰਘ, ਸਾਹਿਲ ਪਠਾਣੀਆਂ, ਸਤਿੰਦਰ ਪਾਲ ਸਿੰਘ, ਗਗਨਦੀਪ ਸ਼ਰਮਾ ਨੇ ਵਾਅਦਾ ਕੀਤਾ ਹੈ ਕਿ ਰਘੂ ਮਹਿਰਾ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦੇ ਰਹਿਣਗੇ।