ਕੈਮਿਸਟ ਵੱਲੋਂ ਸਰਿੰਜ ਨਾ ਦੇਣ ’ਤੇ ਹਮਲਾ ਕਰਨ ਵਾਲੇ ਅੱਧੀ ਦਰਜਨ ਵਿਅਕਤੀਆਂ ਖਿਲਾਫ ਪਰਚਾ ਦਰਜ

Thursday, Jul 09, 2026 - 11:40 AM (IST)

ਕੈਮਿਸਟ ਵੱਲੋਂ ਸਰਿੰਜ ਨਾ ਦੇਣ ’ਤੇ ਹਮਲਾ ਕਰਨ ਵਾਲੇ ਅੱਧੀ ਦਰਜਨ ਵਿਅਕਤੀਆਂ ਖਿਲਾਫ ਪਰਚਾ ਦਰਜ

ਤਰਨਤਾਰਨ (ਰਮਨ)- ਬੀਤੇ ਸ਼ਨੀਵਾਰ ਪਿੰਡ ਨੌਰੰਗਾਬਾਦ ਵਿਖੇ ਮੌਜੂਦ ਇਕ ਕੈਮਿਸਟ ਨੂੰ ਨਸ਼ੇ ਦੇ ਆਦੀ ਕੁਝ ਵਿਅਕਤੀਆਂ ਵੱਲੋਂ ਸਰਿੰਜ ਦੇਣ ਤੋਂ ਇਨਕਾਰ ਕਰਨਾ ਮਹਿੰਗਾ ਪਿਆ ਗਿਆ ਸੀ, ਜਿਸ ਦੇ ਚੱਲਦਿਆਂ ਅੱਧੀ ਦਰਜਨ ਹਮਲਾਵਰਾਂ ਵੱਲੋਂ ਕੈਮਿਸਟ ਨੂੰ ਜਿੱਥੇ ਜ਼ਖਮੀ ਕਰ ਦਿੱਤਾ ਗਿਆ ਸੀ, ਉਥੇ ਹੀ ਉਸ ਦੀ ਦੁਕਾਨ ਨੂੰ ਅੱਗ ਲਗਾਉਣ ਦੀ ਧਮਕੀ ਦੇ ਦਿੱਤੀ ਗਈ। ਇਸ ਮਾਮਲੇ ਵਿਚ ਜਗਬਾਣੀ ਦੇ ਜਨਰਲ ਪੇਜ਼ ਉਪਰ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਛੇ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਨੌਰੰਗਾਬਾਦ ਦੇ ਨਿਵਾਸੀ ਪਰਮਜੀਤ ਸਿੰਘ ਪੁੱਤਰ ਮੱਲ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ ਚਾਰ ਜੁਲਾਈ ਦੀ ਸ਼ਾਮ ਕਰੀਬ ਸਾਢੇ ਚਾਰ ਵਜੇ ਜਦੋਂ ਉਹ ਆਪਣੇ ਪਰਮਜੀਤ ਮੈਡੀਕਲ ਸਟੋਰ ਉਪਰ ਮੌਜੂਦ ਸੀ ਤਾਂ ਪਿੰਡ ਦੇ ਹੀ ਕੁਝ ਵਿਅਕਤੀ, ਜਿਨ੍ਹਾਂ ’ਚ ਸਰਬਜੀਤ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਨੌਰੰਗਾਬਾਦ ਅਤੇ ਪੰਜ ਹੋਰ ਅਣਪਛਾਤੇ ਸ਼ਾਮਲ ਸਨ, ਵੱਲੋਂ ਜ਼ਬਰਦਸਤੀ ਸਰਿੰਜਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਦੋਂ ਉਸਨੇ ਪਹਿਲਾਂ ਵਾਂਗ ਸਰਿੰਜ ਦੇਣ ਤੋਂ ਇਨਕਾਰ ਕੀਤਾ ਤਾਂ ਉਕਤ ਸਾਰੇ ਮੁਲਜ਼ਮ ਉਸ ਦੀ ਦੁਕਾਨ ਦੇ ਅੰਦਰ ਦਾਖਲ ਹੋ ਕੇ ਉਸ ਨਾਲ ਜਬਰਦਸਤੀ ਕਰਦੇ ਹੋਏ ਮਾਰਕੁੱਟ ਕਰਨ ਲੱਗ ਪਏ।

ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਪਹਿਲਾਂ ਵੀ ਕਈ ਦਿਨਾਂ ਤੋਂ ਉਸ ਪਾਸੋਂ ਸਰਿੰਜਾਂ ਦੀ ਮੰਗ ਕੀਤੀ ਜਾ ਰਹੀ ਸੀ ਪ੍ਰੰਤੂ ਉਸ ਵੱਲੋਂ ਸਰਿੰਜ ਦੇਣ ਤੋਂ ਸਾਫ ਇਨਕਾਰ ਕੀਤਾ ਜਾ ਰਿਹਾ ਸੀ। ਕੈਮਿਸਟ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਪਿੰਡ ਦੇ ਸਰਪੰਚ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਪ੍ਰੰਤੂ ਮੁਲਜ਼ਮ ਆਪਣੀ ਕਾਰਵਾਈ ਲਗਾਤਾਰ ਜਾਰੀ ਰੱਖਦੇ ਰਹੇ।

ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬੁਰੀ ਤਰ੍ਹਾਂ ਮਾਰਕੁੱਟ ਕਰਨ ਤੋਂ ਬਾਅਦ ਮੁਲਜ਼ਮ ਸਰਿੰਜਾਂ ਲੈ ਕੇ ਮੌਕੇ ਤੋਂ ਫਰਾਰ ਹੁੰਦੇ ਸਮੇਂ ਧਮਕੀਆਂ ਦਿੰਦੇ ਰਹੇ ਕਿ ਤੇਰੀ ਦੁਕਾਨ ਨੂੰ ਅੱਗ ਲਗਾ ਕੇ ਸਾੜ ਦੇਵਾਂਗੇ। ਪਰਮਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਤਰਨਤਾਰਨ ਵਿਖੇ ਦਰਖਾਸਤ 4 ਜੁਲਾਈ ਨੂੰ ਦੇ ਦਿੱਤੀ ਗਈ ਸੀ ਪ੍ਰੰਤੂ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਏ.ਐੱਸ.ਆਈ ਗੁਰਵਿੰਦਰ ਸਿੰਘ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂਕਿ ਮੁਲਜ਼ਮ ਰੋਜ਼ਾਨਾ ਉਸ ਦੀ ਦੁਕਾਨ ਅੱਗੇ ਖੜ੍ਹ ਕੇ ਉਸ ਨੂੰ ਧਮਕੀਆਂ ਦੇਣ ਤੋਂ ਟਲ ਨਹੀਂ ਰਹੇ ਸਨ।

ਇਸ ਦੌਰਾਨ ਪਰਮਜੀਤ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਚ ਕਾਫੀ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਜਦੋਂ ਇਹ ਮਾਮਲਾ ਬੀਤੇ ਕੱਲ੍ਹ ਸੋਮਵਾਰ ਜ਼ਿਲੇ ਦੇ ਐੱਸ.ਐੱਸ.ਪੀ. ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਵੱਲੋਂ ਤੁਰੰਤ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਨਵਦੀਪ ਭੱਟੀ ਨੂੰ ਪਰਚਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਐੱਸ.ਐੱਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਨਸ਼ੇ ਦੇ ਖਿਲਾਫ ਪੁਲਸ ਵੱਲੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜੇਲਾਂ ਵਿਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਮਿਸਟ ਪਾਸੋਂ ਜਬਰਦਸਤੀ ਸਰਿੰਜਾਂ ਮੰਗਣ ਅਤੇ ਉਸਦੀ ਮਾਰਕੁੱਟ ਕਰਨ ਦੇ ਚੱਲਦਿਆਂ ਥਾਣਾ ਸਦਰ ਤਰਨਤਾਰਨ ਵਿਖੇ ਮੁਲਜ਼ਮ ਸਰਬਜੀਤ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਨੌਰੰਗਾਬਾਦ ਅਤੇ ਪੰਜ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


author

Shivani Bassan

Content Editor

Related News