ਕੋਰੋਨਾ ਪਾਜ਼ੇਟਿਵ ਜਨਾਨੀ ਦੀ ਕਰਵਾਈ ਗਈ ਨਾਰਮਲ ਡਿਲਿਵਰੀ: ਸਿਵਲ ਸਰਜਨ
Tuesday, Aug 18, 2020 - 12:47 AM (IST)

ਤਰਨਤਾਰਨ, (ਰਾਜੂ)- ਜਿੱਥੇ ਇਕ ਪਾਸੇ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਤਰਨਤਾਰਨ ਵਲੋਂ ਜ਼ਿਲੇ ਨੂੰ ਕੋਰੋਨਾ ਮੁਕਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉੱਥੇ ਹੀ ਅੱਜ ਸਵੇਰੇ ਆਈਸੋਲੇਸ਼ਨ ਵਾਰਡ ਵਿਚ ਸਥਾਪਿਤ ਲੇਬਰ ਰੂਮ ਵਿਖੇ ਜ਼ਿਲੇ ਨਾਲ ਸਬੰਧਿਤ ਕੋਰੋਨਾ ਪਾਜ਼ੇਟਿਵ ਗਰਭਵਤੀ ਮਹਿਲਾ ਦੀ ਨਾਰਮਲ ਡਲਿਵਰੀ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੋਰੋਨਾ ਪਾਜ਼ੇਟਿਵ ਮਹਿਲਾ ਦੀ ਨਾਰਮਲ ਡਲਿਵਰੀ ਕਰਵਾਈ ਗਈ ਸੀ ਅਤੇ ਇਸ ਵਾਰ ਵੀ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਵਲੋਂ ਸੁਰੱਖਿਅਤ ਜਣੇਪਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤ ਦਾ ਨਾਮ ਸੰਦੀਪ ਕੌਰ ਹੈ, ਜੋ ਕਿ ਪੱਟੀ ਹਲਕੇ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਮਾਂ ਅਤੇ ਬੱਚਾ ਦੋਨੋਂ ਸਿਹਤਮੰਦ ਹਨ, ਮਾਂ ਅਤੇ ਬੱਚੇ ਨੂੰ ਆਈਸੋਲੇਸ਼ਨ ਵਾਰਡ ਵਿਚ ਵੱਖਰਾ ਕਮਰਾ ਦਿੱਤਾ ਗਿਆ ਹੈ ਅਤੇ ਸਿਹਤ ਸਟਾਫ਼ ਵਲੋਂ ਉਨ੍ਹਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ। ਸਿਵਲ ਹਸਪਤਾਲ ਤਰਨਤਾਰਨ ਦੀ ਗਾਇਨੀਕੋਲਜਿਸਟ ਡਾ. ਮਨਜੀਤ ਕੌਰ ਨੇ ਦੱਸਿਆ ਕਿ ਕੋਵਿਡ-19 ਪਾਜ਼ੇਟਿਵ ਗਰਭਵਤੀ ਮਹਿਲਾ ਦਾ ਜਣੇਪਾ ਕਰਵਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਪਰ ਉਨ੍ਹਾਂ ਦੇ ਹਸਪਤਾਲ ਦੇ ਨਰਸਿੰਗ ਸਟਾਫ ਤੇ ਹੋਰ ਅਮਲੇ ਨੇ ਇਸ ਮੁਸ਼ਕਲ ਦੀ ਘਡ਼ੀ ਵਿਚ ਆਪਣਾ ਫਰਜ਼ ਬਖੂਬੀ ਨਿਭਾਇਆ। ਇਸ ਮੌਕੇ ’ਤੇ ਨਰਸਿੰਗ ਸਿਸਟਰ, ਸਟਾਫ ਨਰਸ ਅਤੇ ਦਰਜਾ ਚਾਰ ਹਾਜ਼ਰ ਸਨ।