ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਚਲਾ ਰਿਹਾ ਨੀਲਾ ਪੁਲਸ ਐਨਕਾਊਂਟਰ ’ਚ ਜ਼ਖ਼ਮੀ, ਪਹਿਲਾਂ ਤੋਂ ਦਰਜ ਹਨ 4 ਮਾਮਲੇ
Tuesday, Mar 04, 2025 - 01:01 PM (IST)

ਅੰਮ੍ਰਿਤਸਰ (ਜਸ਼ਨ)- ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਚਲਾ ਰਹੇ ਨੀਲਾ ਉਰਫ ਸਾਹਿਲ ਦਾ ਬੀਤੀ ਦੇਰ ਸ਼ਾਮ ਥਾਣਾ ਮਜੀਠਾ ਰੋਡ ਦੀ ਪੁਲਸ ਨਾਲ ਸਖਤ ਮੁਕਾਬਲਾ ਹੋਇਆ। ਇਸ ਦੌਰਾਨ ਪੁਲਸ ਵੱਲੋਂ ਆਪਣੇ ਬਚਾਅ ਲਈ ਚਲਾਈ ਗੋਲੀ ਮੁਲਜ਼ਮ ਨੀਲਾ ਉਰਫ ਸਾਹਿਲ ਦੀ ਲੱਤ ਵਿਚ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਹ ਮੁਕਾਬਲਾ ਪਾਮ ਗਾਰਡਨ ਕਾਲੋਨੀ ਵਿਚ ਹੋਇਆ। ਖੁਦ ਨੂੰ ਪੁਲਸ ਨਾਲ ਘਿਰਿਆ ਦੇਖ ਕੇ ਮੁਲਜ਼ਮ ਨੀਲਾ ਨੇ ਵੀ ਪੁਲਸ ’ਤੇ ਗੋਲੀ ਚਲਾਈ। ਜਾਣਕਾਰੀ ਅਨੁਸਾਰ ਮੁਲਜ਼ਮ ਨੀਲਾ ਇਕ ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਦਾ ਪ੍ਰਮੁੱਖ ਸੀ। ਇਸ ਦਾ ਕੰਮ ਵੱਡੇ ਪੱਧਰ ’ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨਾ ਅਤੇ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਣਾ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਸਾਹਮਣੇ ਆਈ ਤਾਜ਼ਾ ਅਪਡੇਟ
ਇਸ ਦੇ ਨਾਲ ਹੀ ਮੁਲਜ਼ਮ ਨੀਲਾ ਨੇ ਅਮੀਰ ਲੋਕਾਂ ਤੋਂ ਫਿਰੌਤੀ ਲੈ ਕੇ ਇਕੱਠੇ ਕੀਤੇ ਪੈਸੇ ਦੀ ਵਰਤੋਂ ਕਰ ਕੇ ਦੂਜੇ ਰਾਜਾਂ ਤੋਂ ਗੈਰ-ਕਾਨੂੰਨੀ ਤੌਰ ’ਤੇ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰ ਕੇ ਹਥਿਆਰਾਂ ਦੀ ਸਮੱਗਲਿੰਗ ਵੀ ਸ਼ੁਰੂ ਕਰ ਦਿੱਤੀ ਸੀ। ਪਤਾ ਲੱਗਾ ਹੈ ਕਿ ਮੁਲਜ਼ਮ ਨੀਲਾ ਪੁਲਸ ਦਾ ਮੁੱਖ ਨਿਸ਼ਾਨਾ ਸੀ ਅਤੇ ਪੁਲਸ ਪਹਿਲਾਂ ਹੀ ਉਸ ’ਤੇ ਨਜ਼ਰ ਰੱਖ ਰਹੀ ਸੀ। ਥਾਣਾ ਮਜੀਠਾ ਰੋਡ ਦੀ ਪੁਲਸ ਨੇ ਨੀਲਾ ਦੀ ਹਰ ਹਰਕਤ ’ਤੇ ਨਜ਼ਰ ਰੱਖਣ ਅਤੇ ਇਸ ਬਾਰੇ ਤੁਰੰਤ ਪੁਲਸ ਨੂੰ ਸੂਚਿਤ ਕਰਨ ਲਈ ਆਪਣੇ ਮੁਖਬਰ ਵੀ ਤਾਇਨਾਤ ਕੀਤੇ ਸਨ।
ਇਸ ਸਬੰਧੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਥਾਣਾ ਮਜੀਠਾ ਰੋਡ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਇਸ ਸਿੰਡੀਕੇਟ ਨੂੰ ਕਿਸੇ ਵੀ ਕੀਮਤ ’ਤੇ ਖਤਮ ਕੀਤਾ ਜਾਵੇ। ਜਾਣਕਾਰੀ ਅਨੁਸਾਰ ਥਾਣਾ ਮਜੀਠਾ ਰੋਡ ਦੀ ਪੁਲਸ ਨੂੰ ਕੱਲ ਸ਼ਾਮ ਇਕ ਮੁਖਬਰ ਤੋਂ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਨੀਲਾ ਜੋ ਕਿ ਇਕ ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਚਲਾਉਂਦਾ ਹੈ, ਪਾਮ ਗਾਰਡਨ ਦੇ ਨੇੜੇ ਖੜ੍ਹਾ ਹੈ। ਇਸ ’ਤੇ ਪੁਲਸ ਤੁਰੰਤ ਹਰਕਤ ਵਿਚ ਆਈ ਅਤੇ ਮੁਲਜ਼ਮ ਨੀਲਾ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਇਸ ਦੌਰਾਨ ਪੁਲਸ ਨੂੰ ਆਪਣੇ ਪਿੱਛੇ ਆਉਂਦਾ ਦੇਖ ਕੇ ਮੁਲਜ਼ਮ ਨੀਲਾ ਵੀ ਭੱਜਾ ਪਰ ਥੋੜ੍ਹੀ ਦੂਰੀ ’ਤੇ ਨੀਲੇ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਅਤੇ ਉਹ ਹੇਠਾਂ ਡਿੱਗ ਪਿਆ। ਇਸ ’ਤੇ ਨੀਲਾ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਉੱਥੋਂ ਭੱਜਣ ਲਈ ਆਪਣੀ ਪਿਸਤੌਲ ਨਾਲ ਪੁਲਸ ’ਤੇ ਗੋਲੀ ਚਲਾ ਦਿੱਤੀ। ਇਸ ’ਤੇ ਪੁਲਸ ਨੇ ਆਪਣੇ ਬਚਾਅ ਵਿਚ ਗੋਲੀ ਚਲਾਈ ਜੋ ਮੁਲਜ਼ਮ ਨੀਲਾ ਦੀ ਲੱਤ ਵਿਚ ਲੱਗੀ। ਇਸ ਦੌਰਾਨ ਪੁਲਸ ਨੇ ਨੀਲਾ ਨੂੰ ਫੜ ਲਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਥਾਈਲੈਂਡ ਤੋਂ ਬੰਦਾ ਭਰ ਲਿਆਇਆ ਨਸ਼ਿਆਂ ਦਾ ਪੂਰਾ ਅਟੈਚੀ, ਕਰੋੜਾਂ ਹੈ ਕੀਮਤ
ਫਿਲਹਾਲ ਪੁਲਸ ਨੇ ਮੁਲਜ਼ਮ ਨੀਲਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੀਲਾ ਖਿਲਾਫ ਪਹਿਲਾਂ ਹੀ ਮਜੀਠਾ ਰੋਡ ਥਾਣੇ ਵਿਚ ਐੱਨ. ਡੀ. ਪੀ. ਐੱਸ. ਅਤੇ ਅਸਲਾ ਐਕਟ ਤਹਿਤ ਤਿੰਨ ਮਾਮਲੇ ਦਰਜ ਹਨ ਅਤੇ ਇਕ ਮਾਮਲਾ ਮਕਬੂਲਪੁਰਾ ਥਾਣੇ ਵਿਚ ਦਰਜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8