ਜੰਡਿਆਲਾ ਗੁਰੂ ’ਚ ਵਕੀਲ ਦੇ ਕਤਲ ਦੇ ਮਾਮਲੇ ’ਚ ਵਕੀਲਾਂ ਵੱਲੋਂ ਰੋਸ ਪ੍ਰਦਰਸ਼ਨ
Monday, Aug 04, 2025 - 03:21 PM (IST)

ਅੰਮ੍ਰਿਤਸਰ- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਕੀਲ ਲਖਵਿੰਦਰ ਸਿੰਘ ਦੇ ਕਤਲ ਦੀ ਘਟਨਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਕਤਲ ਦੇ ਰੋਸ ’ਚ ਵਕੀਲਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਵਕੀਲਾਂ ਨੇ ਅਦਾਲਤ ਦੀਆਂ ਕਾਰਵਾਈਆਂ ਨੂੰ ਠੱਪ ਕਰਦਿਆਂ ਕਚਹਿਰੀ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ। ਹੱਥਾਂ ’ਚ ਬੈਨਰ-ਪਲੇਕਾਰਡ ਫੜ ਕੇ ਨਾਅਰੇਬਾਜ਼ੀ ਕਰਦਿਆਂ ਵਕੀਲਾਂ ਨੇ ਸੂਬਾ ਸਰਕਾਰ ਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਆਪਣਾ ਗੁੱਸਾ ਜਤਾਇਆ।
ਇਹ ਵੀ ਪੜ੍ਹੋ-ਅੱਜ ਪੰਜਾਬ 'ਚ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਤੱਕ ਲੱਗੇਗਾ Power cut
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਨੇਸ ਨੇ ਕਿਹਾ ਕਿ ''ਜੇਕਰ ਵਕੀਲ, ਜੋ ਲੋਕਾਂ ਨੂੰ ਅਦਾਲਤਾਂ ਰਾਹੀਂ ਇਨਸਾਫ ਦਿਵਾਉਂਦੇ ਨੇ, ਉਹੀ ਸੁਰੱਖਿਅਤ ਨਹੀਂ ਰਹੇ, ਤਾਂ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ? ਪੰਜਾਬ ’ਚ ਕਾਨੂੰਨ ਵਿਵਸਥਾ ਦਾ ਬੁਰੀ ਤਰ੍ਹਾਂ ਹਾਲ ਹੋ ਗਿਆ ਹੈ। ਹਰ ਕੇਸ ਵਿਚ ਸਿਰਫ਼ ਆਸ਼ਵਾਸਨ ਮਿਲਦੇ ਨੇ, ਕਾਰਵਾਈ ਨਹੀਂ।” ਉਨ੍ਹਾਂ ਦੱਸਿਆ ਕਿ ਵਕੀਲ ਲਖਵਿੰਦਰ ਸਿੰਘ ਨੂੰ 21 ਤਾਰੀਖ਼ ਨੂੰ ਫਾਇਰ ਕਰਕੇ ਜ਼ਖ਼ਮੀ ਕੀਤਾ ਗਿਆ ਸੀ। ਕਈ ਦਿਨ ਤੱਕ ਉਹ ਅਮਨਦੀਪ ਹਸਪਤਾਲ ਵਿਚ ਜੀਵਨ ਮੌਤ ਦੀ ਲੜਾਈ ਲੜਦੇ ਰਹੇ, ਪਰ ਆਖਰਕਾਰ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸਾਰੇ ਪੰਜਾਬ ਦੀਆਂ ਵਕੀਲ ਸੰਸਥਾਵਾਂ ਨੇ ਸਾਂਝਾ ਰੋਸ ਪ੍ਰਗਟ ਕੀਤਾ। ਰਾਜ ਪੱਧਰੀ ਧਰਨੇ ਦੀ ਘੋਸ਼ਣਾ ਕਰਦਿਆਂ ਸੂਬਾ ਸਰਕਾਰ ਨੂੰ ਤੁਰੰਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ।
ਇਹ ਵੀ ਪੜ੍ਹੋ-ਪੰਜਾਬ 'ਚ ਅਕਾਲੀ ਵਰਕਰ ਦੇ ਘਰ ’ਤੇ ਚੱਲੀਆਂ ਤਾਬੜਤੋੜ ਗੋਲੀਆਂ
ਉਨ੍ਹਾਂ ਕਿਹਾ ਕਿ ਜਦੋਂ ਐਡਵੋਕੇਟ ਲਖਵਿੰਦਰ ਸਿੰਘ ਦਾ ਸੰਸਕਾਰ ਕੀਤਾ ਗਿਆ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ETO ਮੌਕੇ 'ਤੇ ਪਹੁੰਚੇ ਅਤੇ ਪਰਿਵਾਰ ਨਾਲ ਮਿਲ ਕੇ ਪੁਲਸ ਨੂੰ ਤਤਕਾਲ ਕਾਰਵਾਈ ਲਈ ਨਿਰਦੇਸ਼ ਦਿੱਤੇ। ਦੱਸ ਦਈਏ ਕਿ ਇਸ ਮਾਮਲੇ 'ਚ ਹੁਣ ਤੱਕ ਪੁਲਸ ਵੱਲੋਂ ਤਿੰਨ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਕੁਝ ਹਥਿਆਰ ਵੀ ਬਰਾਮਦ ਹੋਏ ਹਨ। ਪਰ ਜਿਨ੍ਹਾਂ ਦੇ ਕਹਿਣ ਤੇ ਇਹ ਸਾਜ਼ਿਸ਼ ਹੋਈ, ਉਹ ਮੁੱਖ ਦੋਸ਼ੀ ਅਜੇ ਵੀ ਪੁਲਸ ਦੀ ਪਕੜ ਤੋਂ ਬਾਹਰ ਹੈ। ਵਕੀਲਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਨਸਾਫ ਨਾ ਮਿਲਿਆ ਤਾਂ ਰਾਜ ਪੱਧਰ ਤੇ ਵੱਡਾ ਅੰਦੋਲਨ ਚਲਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8