ਕੁਦਰਤੀ ਤੇਲਾਂ ਦੀ ਮੰਗ ਵਧਣ ਕਾਰਨ ਚੋਖੀ ਆਮਦਨ ਦਾ ਸ੍ਰੋਤ ‘ਗੋਭੀ ਸਰੋਂ’ ਦੀ 'ਜੈਵਿਕ ਖੇਤੀ'
Thursday, Oct 22, 2020 - 10:03 AM (IST)
ਗੁਰਦਾਸਪੁਰ (ਹਰਮਨਪ੍ਰੀਤ) - ਅਜੋਕੇ ਦੌਰ ’ਚ ਰਵਾਇਤੀ ਫਸਲਾਂ ਦੇ ਚੱਕਰ ਵਿਚੋਂ ਨਿਕਲ ਕੇ ਜਿਥੇ ਕਣਕ ਝੋਨੇ ਦੀ ਬਜਾਏ ਹੋਰ ਫਸਲਾਂ ਦੀ ਕਾਸ਼ਤ ਕਰਨ ਦੀ ਲੋੜ ਹੈ, ਉਥੇ ਹੀ ਲਾਹੇਵੰਦ ਖੇਤੀ ਲਈ ਕਿਸਾਨਾਂ ਨੂੰ ਇਸ ਮੌਕੇ ਜ਼ਹਿਰ ਮੁਕਤ ਅਤੇ ਉਚ ਗੁਣਵੱਤਾ ਵਾਲੀਆਂ ਜਿਨਸਾਂ ਪੈਦਾ ਕਰਨ ਦੀ ਸਖਤ ਲੋੜ ਹੈ। ਇਸ ਮੌਕੇ ਜ਼ਹਿਰ ਮੁਕਤ ਉਤਪਾਦਾਂ ਪ੍ਰਤੀ ਖਪਤਕਾਰਾਂ ਅੰਦਰ ਪੈਦਾ ਹੋ ਰਹੀ ਜਾਗਰੂਕਤਾ ਕਾਰਨ ਲੋਕ ਆਰਗੈਨਿਕ ਫਲ ਸਬਜ਼ੀਆਂ, ਦਾਲਾਂ ਤੇ ਚਾਵਲਾਂ ਸਮੇਤ ਆਟੇ ਦੇ ਨਾਲ-ਨਾਲ ਹੁਣ ਆਰਗਨਿਕ ਤੇਲ ਦੀ ਮੰਗ ਵੀ ਕਰਨ ਲੱਗ ਪਏ ਹਨ।
ਖਾਸ ਤੌਰ 'ਤੇ ਰਿਫਾਇੰਡ ਤੇਲ ਦੇ ਮਾੜੇ ਪ੍ਰਭਾਵਾਂ ਕਾਰਨ ਲੋਕਾਂ ਦਾ ਰੁਝਾਨ ਕੁਦਰਤੀ ਤੇਲਾਂ ਵੱਲ ਵਧ ਰਿਹਾ ਹੈ। ਇਸ ਤੋਂ ਕੁਝ ਸਾਲ ਪਹਿਲਾਂ ਬੇਸ਼ੱਕ ਕਈ ਕਿਸਾਨ ਜੈਵਿਕ ਸਰੋਂ ਤਾਂ ਦੂਰ ਹੋਰ ਢੰਗਾਂ ਨਾਲ ਵੀ ਸਰੋਂ ਦੀ ਕਾਸ਼ਤ ਨਹੀਂ ਕਰਦੇ ਸਨ। ਪਰ ਹਾਈਬ੍ਰਿਡ ਅਤੇ ਕਨੋਲਾ ਸਰੋਂ ਦੀਆਂ ਕਿਸਮਾਂ ਆਉਣ ਕਾਰਨ ਕਿਸਾਨਾਂ ਦਾ ਰੁਝਾਨ ਸਰੋਂ ਦੀ ਕਾਸ਼ਤ ਵੱਲ ਵਧਿਆ ਹੈ। ਅਜਿਹੀ ਸਥਿਤੀ ਵਿਚ ਜੇਕਰ ਕਿਸਾਨ ਸਰੋਂ ਦੀ ਕਾਸ਼ਤ ਕਰਨ ਮੌਕੇ ਜ਼ਹਿਰਾਂ ਦੀ ਵਰਤੋਂ ਕਰਨ ਦੀ ਬਜਾਏ ਜੈਵਿਕ ਢੰਗਾਂ ਨਾਲ ਕਾਸ਼ਤ ਕਰਨ ਤਾਂ ਹੋਰ ਵੀ ਮੋਟੀ ਕਮਾਈ ਕੀਤੀ ਜਾ ਸਕਦੀ ਹੈ। ਇਸ ਸੰਦਰਭ ਵਿਚ ਜਦੋਂ ਸਰੋਂ ਦੇ ਤੇਲ ਦੀ ਗੱਲ ਹੁੰਦੀ ਹੈ ਤਾਂ ਕਨੋਲਾ ਗੋਭੀ ਸਰ੍ਹੋਂ ਦਾ ਤੇਲ ਸਭ ਤੋਂ ਪਹਿਲਾਂ ਆਉਂਦਾ ਹੈ।
ਪੜ੍ਹੋ ਇਹ ਵੀ ਖਬਰ - ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ
ਜੈਵਿਕ ਕਾਸ਼ਤ ਲਈ ਜ਼ਰੂਰੀ ਹੈ ਅਹਿਮ ਗੱਲਾਂ ਦੀ ਪਾਲਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਕੂਲ ਆਫ਼ ਆਰਗੈਨਿਕ ਫਾਰਮਿੰਗ ਦੇ ਮਾਹਿਰ ਚਰਨਜੀਤ ਸਿੰਘ ਔਲਖ ਅਤੇ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗੋਭੀ ਸਰ੍ਹੋਂ ਦੀਆਂ ਸਿਫਾਰਸ਼ ਕੀਤੀਆਂ ਕਨੋਲਾ ਕਿਸਮਾਂ ਜੀ.ਐੱਸ.ਸੀ. 7, ਜੀ.ਐੱਸ.ਸੀ. 6 ਅਤੇ ਹਿਉਲਾ ਪੀ.ਏ.ਸੀ. 401 ਵਿੱਚੋਂ ਕੋਈ ਵੀ ਕਿਸਮ ਬੀਜੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬੀਜ ਜੈਵਿਕ ਹੋਣਾ ਚਾਹੀਦਾ ਹੈ ਪਰ ਜੇ ਇਹ ਉਪਲਬਧ ਨਾ ਹੋਵੇ ਤਾਂ ਆਮ ਬੀਜ ਵਰਤਿਆ ਜਾ ਸਕਦਾ ਪਰ ਇਹ ਕਿਸੇ ਕੀਟ ਨਾਸ਼ਕ ਜਾਂ ਉੱਲੀ ਨਾਸ਼ਕ ਨਾਲ ਨਾ ਸੋਧਿਆ ਹੋਵੇ। ਉਨ੍ਹਾਂ ਕਿਹਾ 1.5 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਅਤੇ ਖਏਤ ਵਿਚ ਬਿਜਾਈ ਵੇਲੇ ਕਤਾਰ ਤੋਂ ਕਤਾਰ ਦਾ ਫ਼ਾਸਲਾ 67.5 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਬਿਜਾਈ ਵੇਲੇ 4.0 ਟਨ ਗਲੀ ਸੜੀ ਸੁੱਕੀ ਰੂੜੀ ਦੀ ਖਾਦ (1 ਫੀਸਦੀ ਨਾਈਟ੍ਰੋਜਨ) ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਤਿਆਰ ਕਰਨ ਵੇਲੇ ਪਾਉਣੀ ਚਾਹੀਦੀ ਹੈ ਅਥੇ ਬਿਜਾਈ ਤੋਂ 50 ਦਿਨਾਂ ਬਾਅਦ 15 ਦਿਨਾਂ ਦੇ ਵਕਫ਼ੇ ਤੇ ਨਿੰਮ ਯੁਕਤ ਰੂੜੀ ਦੇ ਅਰਕ ਦੇ ਤਿੰਨ ਛਿੜਕਾਅ ਕਰੋ। ਛਿੜਕਾਅ ਲਈ ਇੱਕ ਹਿੱਸਾ ਰੂੜੀ ਦਾ ਅਰਕ ਅਤੇ ਦੋ ਹਿੱਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ
ਨਿੰਮ ਯੁਕਤ ਰੂੜੀ ਦਾ ਅਰਕ ਬਣਾਉਣ ਦਾ ਤਰੀਕਾ
ਉਨਾਂ ਦੱਸਿਆ ਕਿ ਪਲਾਸਟਿਕ ਦੇ ਡਰੰਮ ਵਿੱਚ 30 ਲਿਟਰ ਪਾਣੀ ਵਿੱਚ 10 ਕਿਲੋ ਰੂੜੀ ਦੀ ਖਾਦ ਪਾਉ। ਇਸ ਵਿੱਚ ਤਿੰਨ ਕਿੱਲੋ ਨਿੰਮ ਦੇ ਪੱਤੇ ਪਾਉ ਅਤੇ ਘੋਲ ਨੂੰ 15-20 ਦਿਨ ਲਈ ਛਾਂਵੇ ਰੱਖੋ ਅਤੇ ਹਰ ਦੋ ਦਿਨਾਂ ਬਾਅਦ ਹਿਲਾਉਂਦੇ ਰਹੋ। 15-20 ਦਿਨਾਂ ਬਾਅਦ ਇਸ ਘੋਲ ਨੂੰ ਪੁਣ ਲਵੋ ਅਤੇ 2 ਹਿੱਸੇ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।
ਪੜ੍ਹੋ ਇਹ ਵੀ ਖਬਰ - ਕੌਮੀ ਜ਼ੁਰਮ ਰਿਕਾਰਡ ਬਿਊਰੋ ਵਲੋਂ ਜੇਲ੍ਹਾਂ 'ਚ ਬੰਦ ਕੈਦੀਆਂ ਦੇ ਅੰਕੜੇ ਜਾਰੀ, ਪਿਛੜੇ ਵਰਗਾਂ ਨਾਲ ਹੋ ਰਿਹੈ ਵਿਤਕਰਾ (ਵੀਡੀਓ)
ਨਦੀਨਾਂ ਦੀ ਰੋਕਥਾਮ ਅਤੇ ਸਿੰਚਾਈ ਦੇ ਢੰਗ
ਮਾਹਿਰਾਂ ਨੇ ਦੱਸਿਆ ਕਿ ਬਿਜਾਈ ਤੋਂ ਤਿੰਨ ਅਤੇ ਛੇ ਹਫਤੇ ਬਾਅਦ ਟਰੈਕਟਰ ਜਾਂ ਪਾਵਰ ਵੀਡਰ ਨਾਲ ਦੋ ਗੋਡੀਆਂ ਕਰੋ। ਲੋੜ ਪੈਣ ਤੇ ਬਚੇ ਨਦੀਨਾਂ ਨੂੰ ਗੋਡੀ ਨਾਲ ਕਾਬੂ ਕਰੋ। ਗੋਭੀ ਸਰ੍ਹੋਂ ਨੂੰ ਪਹਿਲਾ ਪਾਣੀ ਬਿਜਾਈ ਦੇ 3 ਤੋਂ 4 ਹਫਤੇ ਬਾਅਦ ਲਾਓ। ਦੂਜਾ ਪਾਣੀ ਅਖੀਰ ਦਸੰਬਰ ਜਾਂ ਜਨਵਰੀ ਦੇ ਸ਼ੁਰੂ ਵਿੱਚ ਲਾਓ। ਤੀਜਾ ਅਤੇ ਅਖੀਰਲਾ ਪਾਣੀ ਫਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਲਾਓ। ਸਿੰਚਾਈ ਲਈ ਵਰਤਿਆ ਜਾਣ ਵਾਲਾ ਪਾਣੀ ਕਿਸੇ ਸਾਫ਼ ਸਰੋਤ ਤੋਂ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੇ ਹਾਨੀਕਾਰਕ ਪਦਾਰਥ ਨਹੀਂ ਮਿਲੇ ਹੋਣੇ ਚਾਹੀਦੇ।
ਕੀੜੇ ਮਕੌੜਿਆਂ ਦੀ ਰੋਕਥਾਮ
ਉਨ੍ਹਾਂ ਦੱਸਿਆ ਕਿ ਇਸ ਫ਼ਸਲ ’ਤੇ ਮੁੱਖ ਤੌਰ 'ਤੇ ਤੇਲਾ ਆਉਂਦਾ ਹੈ ਅਤੇ ਜੈਵਿਕ ਫ਼ਸਲ ਵਿੱਚ ਮਿੱਤਰ ਕੀੜੇ ਇਸ ਨੂੰ ਕਾਬੂ ਹੇਠ ਰੱਖਦੇ ਹਨ। ਜੇ ਲੋੜ ਪਵੇ ਤਾਂ ਨਿੰਮ ਆਧਾਰਿਤ ਬਾਇਉ-ਕੀਟਨਾਸ਼ਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪੜ੍ਹੋ ਇਹ ਵੀ ਖਬਰ - ਖੇਤੀ ਕਾਨੂੰਨਾਂ ਵਿਰੋਧ : 8 ਕੇਂਦਰੀ ਮੰਤਰੀ ਕਿਸਾਨਾਂ ਤੇ ਆੜ੍ਹਤੀਆਂ ਨਾਲ ਇਸ ਦਿਨ ਤੱਕ ਕਰਨਗੇ ਸਿੱਧੀ ਗੱਲਬਾਤ
ਸੁਚੱਜਾ ਮੰਡੀਕਰਨ ਕਰਕੇ ਕੀਤੀ ਜਾ ਸਕਦੀ ਹੈ ਚੰਗੀ ਕਮਾਈ
ਮਾਹਿਰਾਂ ਨੇ ਕਿਹਾ ਕਿ ਜੈਵਿਕ ਗੋਭੀ ਸਰ੍ਹੋਂ ਤੋਂ ਵਧੇਰੇ ਮੁਨਾਫਾ ਤਾਂ ਲਿਆ ਜਾ ਸਕਦੈ, ਜੇ ਇਸ ਦਾ ਤੇਲ ਕਢਾ ਕੇ ਵੇਚਿਆ ਜਾਵੇ, ਕਿਉਂਕਿ ਮੰਡੀ ਵਿੱਚ ਜੈਵਿਕ ਗੋਭੀ ਸਰ੍ਹੋਂ ਦਾ ਢੁੱਕਵਾਂ ਮੁੱਲ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਸੰਗਠਿਤ ਮੰਡੀ ਦੀ ਅਣਹੋਂਦ ਕਾਰਨ ਸ਼ੁਰੂਆਤੀ ਦੌਰ ਵਿੱਚ ਥੋੜੇ ਰਕਬੇ ਤੇ ਕਾਸ਼ਤ ਕਰਨੀ ਚਾਹੀਦ ਹੈ ਅਤੇ ਮੰਗ ਦੇ ਹਿਸਾਬ ਨਾਲ ਰਕਬਾ ਵਧਾਉਣਾ ਚਾਹੀਦਾ ਹੈ।