31 ਮਾਰਚ ਤੱਕ ਨਬੀਪੁਰ ਡਰੇਨ ਨੂੰ ਪੱਕਿਆਂ ਕਰਨ ਦਾ ਪ੍ਰੋਜੈਕਟ ਮੁਕੰਮਲ ਕੀਤਾ ਜਾਵੇਗਾ: ਰਮਨ ਬਹਿਲ

Tuesday, Jan 21, 2025 - 01:32 PM (IST)

31 ਮਾਰਚ ਤੱਕ ਨਬੀਪੁਰ ਡਰੇਨ ਨੂੰ ਪੱਕਿਆਂ ਕਰਨ ਦਾ ਪ੍ਰੋਜੈਕਟ ਮੁਕੰਮਲ ਕੀਤਾ ਜਾਵੇਗਾ: ਰਮਨ ਬਹਿਲ

ਗੁਰਦਾਸਪੁਰ (ਹਰਮਨ)- ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਤੇ ਸਹੂਲਤ ਮਿਲੀ ਹੈ। ਬਹਿਲ ਵੱਲੋਂ ਕੀਤੀ ਗਈ ਪੈਰਵੀ ਸਦਕਾ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਸ਼ਹਿਰ ਵਿਚੋਂ ਲੰਘਦੀ ਨਬੀਪੁਰ ਕੱਟ ਡਰੇਨ ਨੂੰ ਪੱਕਿਆਂ ਕਰਨ ਲਈ 5.70 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ। ਦਹਾਕਿਆਂ ਤੋਂ ਉਡੀਕੇ ਜਾ ਰਹੇ ਇਸ ਪ੍ਰੋਜੈਕਟ ਦਾ ਕੰਮ ਅਗਲੇ ਮਹੀਨੇ 10 ਫਰਵਰੀ ਨੂੰ ਸ਼ੁਰੂ ਹੋ ਜਾਵੇਗਾ ਅਤੇ 31 ਮਾਰਚ 2025 ਤੱਕ ਇਸ ਨੂੰ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਨਬੀਪੁਰ ਕੱਟ ਡਰੇਨ 1960 ਵਿੱਚ ਬਣੀ ਸੀ ਜੋ ਪਠਾਨਕੋਟ ਬਾਈਪਾਸ ਤੋਂ ਸ਼ੁਰੂ ਹੋ ਕੇ ਨਵਾਂ ਬੱਸ ਸਟੈਂਡ, ਕਾਹਨੂੰਵਾਨ ਰੋਡ ਵੱਲ ਦੀ ਅਬਰੋਲ ਹਸਪਤਾਲ ਕੋਲੋਂ ਬਟਾਲਾ ਰੋਡ ਪਾਰ ਕਰਦੀ ਹੋਈ ਗੁਰਦਾਸਪੁਰ ਸ਼ਹਿਰ ਵਿਚੋਂ ਲੰਘਦੀ ਹੋਈ ਅੱਗੇ ਜਾ ਕੇ ਕਿਰਨ ਨਾਲੇ ਵਿੱਚ ਮਿਲ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਡਰੇਨ ਦਾ 3.50 ਕਿੱਲੋਮੀਟਰ ਹਿੱਸਾ ਗੁਰਦਾਸਪੁਰ ਸ਼ਹਿਰ ਵਿੱਚ ਪੈਂਦਾ ਹੈ। ਸ੍ਰੀ ਬਹਿਲ ਨੇ ਕਿਹਾ ਕਿ ਡਰੇਨ ਬਣਨ ਤੋਂ ਦਹਾਕੇ ਬੀਤਣ ਦੇ ਬਾਵਜੂਦ ਵੀ ਕਿਸੇ ਵੀ ਆਗੂ ਨੇ ਇਸ ਡਰੇਨ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਸ ਡਰੇਨ ਵਿੱਚ ਘਾਹ-ਬੂਟੀ ਆਦਿ ਹੋਣ ਕਾਰਨ ਬਰਸਾਤਾਂ ਦੇ ਸੀਜ਼ਨ ਦੌਰਾਨ ਅਕਸਰ ਹੀ ਇਸ ਦਾ ਪਾਣੀ ਓਵਰਫ਼ਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਨੁਕਸਾਨ ਕਰਦਾ ਹੈ। ਇਸ ਤੋਂ ਇਲਾਵਾ ਇਹ ਡਰੇਨ ਕੱਚੀ ਹੋਣ ਕਾਰਨ ਇਸ ਦਾ ਗੰਦਾ ਪਾਣੀ ਜ਼ਮੀਨ ਵਿੱਚ ਜ਼ੀਰਦਾ ਹੈ ਜਿਸ ਕਾਰਨ ਇਸ ਡਰੇਨ ਦੇ ਆਲੇ-ਦੁਆਲੇ ਅਬਾਦ ਕਾਲੋਨੀਆਂ ਦਾ ਧਰਤ ਹੇਠਲਾ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਰੇਲ ਯਾਤਰੀ ਧਿਆਨ ਦੇਣ! ਰੱਦ ਹੋਈਆਂ ਇਹ ਟਰੇਨਾਂ

ਚੇਅਰਮੈਨ ਬਹਿਲ ਨੇ ਕਿਹਾ ਕਿ ਨਬੀਪੁਰ ਕੱਟ ਡਰੇਨ ਦੇ ਦੋਵੇਂ ਪਾਸੇ ਗੁਰਦਾਸਪੁਰ ਸ਼ਹਿਰ ਦੀ ਵੱਡੀ ਅਬਾਦੀ ਅਬਾਦ ਹੈ ਪਰ ਨਿੱਕੇ-ਨਿੱਕੇ ਮਸਲਿਆਂ ਉੱਪਰ ਰਾਜਨੀਤੀ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਲੋਕਾਂ ਦਾ ਇਹ ਵੱਡਾ ਮਸਲਾ ਕਦੀ ਦਿਖਾਈ ਹੀ ਨਹੀਂ ਦਿੱਤਾ। ਸ੍ਰੀ ਬਹਿਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਦਾਸਪੁਰ ਸ਼ਹਿਰ ਆਏ ਸਨ ਤਾਂ ਉਨ੍ਹਾਂ ਨੇ ਨਬੀਪੁਰ ਕੱਟ ਡਰੇਨ ਦਾ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਕੇ ਇਸਦੇ ਪੱਕੇ ਹੱਲ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਮੰਗ ਨੂੰ ਮੰਨਦੇ ਹੋਏ ਗੁਰਦਾਸਪੁਰ ਸ਼ਹਿਰ ਵਿਚੋਂ ਲੰਘਦੀ ਨਬੀਪੁਰ ਕੱਟ ਡਰੇਨ ਨੂੰ ਪੱਕਿਆਂ ਕਰਨ ਲਈ 5.70 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕਰ ਦਿੱਤਾ ਹੈ।

ਚੇਅਰਮੈਨ ਰਮਨ ਬਹਿਲ ਨੇ ਅੱਗੇ ਦੱਸਿਆ ਕਿ 5.70 ਕਰੋੜ ਰੁਪਏ ਦੀ ਲਾਗਤ ਨਾਲ ਨਬੀਪੁਰ ਕੱਟ ਡਰੇਨ ਨੂੰ ਗੁਰਦਾਸਪੁਰ ਸ਼ਹਿਰ ਵਿਚਲੇ ਹਿੱਸੇ ਨੂੰ ਪੱਕਿਆਂ ਕੀਤਾ ਜਾਵੇਗਾ ਅਤੇ ਡਰੇਨ ਦੇ ਦੋਵੇਂ ਪਾਸੇ ਤਿੰਨ-ਤਿੰਨ ਫੁੱਟ ਰਸਤਾ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਡਰੇਨ ਦੇ ਕਿਨਾਰਿਆਂ `ਤੇ 20-20 ਫੁੱਟ ਦੀ ਦੂਰੀ 'ਤੇ ਪਿੱਲਰ ਬਣਾਏ ਜਾਣਗੇ ਤਾਂ ਜੋ ਇਸਦੀ ਮਜ਼ਬੂਤੀ ਨੂੰ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਡਰੇਨ ਦੇ ਦੋਵਾਂ ਕਿਨਾਰਿਆਂ ਉੱਪਰ ਤਿੰਨ-ਤਿੰਨ ਫੁੱਟ ਉੱਚੀਆਂ ਲੋਹੇ ਦੀਆਂ ਰੋਕਾਂ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਡਰੇਨ ਪੱਕੀ ਹੋਣ ਨਾਲ ਜਿੱਥੇ ਇਸਦੇ ਓਵਰ ਫਲੋਅ ਹੋਣ ਉੱਪਰ ਰੋਕ ਲੱਗੇਗੀ ਓਥੇ ਨਾਲ ਹੀ ਜ਼ਮੀਨ ਵਿੱਚ ਇਸ ਦਾ ਗੰਦਾ ਪਾਣੀ ਵੀ ਨਹੀਂ ਜ਼ੀਰੇਗਾ। ਉਨ੍ਹਾਂ ਕਿਹਾ ਕਿ ਡਰੇਨ ਪੱਕੀ ਹੋਣ ਨਾਲ ਇਸ ਦੀ ਖ਼ੂਬਸੂਰਤੀ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ  ਇਸ ਪ੍ਰੋਜੈਕਟ ਦਾ ਟੈਂਡਰ ਲੱਗ ਚੁੱਕਾ ਹੈ ਅਤੇ ਜਲਦੀ ਹੀ ਇਸ ਦਾ ਕੰਮ ਅਲਾਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 10 ਫਰਵਰੀ ਦੇ ਨਜ਼ਦੀਕ ਇਸ ਪ੍ਰੋਜੈਕਟ ਦੀ ਅਰੰਭਤਾ ਕਰ ਦਿੱਤੀ ਜਾਵੇਗੀ ਅਤੇ 31 ਮਾਰਚ 2025 ਤੱਕ ਇਸ ਪ੍ਰੋਜੈਕਟ ਨੂੰ ਮੁਕੰਮਲ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ-ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਅਗਲੇ 24 ਘੰਟੇ...

ਚੇਅਰਮੈਨ ਬਹਿਲ ਨੇ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਹਮੇਸ਼ਾਂ ਹੀ ਵਿਕਾਸ ਦੀ ਅਤੇ ਲੋਕ ਮੁੱਦਿਆਂ ਨੂੰ ਹੱਲ ਕਰਨ ਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸਦੇ ਮੁਕਾਬਲੇ ਵਿਰੋਧੀ ਪਾਰਟੀਆਂ ਦੇ ਆਗੂ ਸੌੜੀ ਸੋਚ ਨਾਲ ਸਿਰਫ਼ ਹੋਸ਼ੀ ਰਾਜਨੀਤੀ ਕਰਕੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਤੇ ਗੁੰਮਰਾਹ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਦਮਗਜੇ ਮਾਰਨ ਵਾਲੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਬੀਪੁਰ ਡਰੇਨ ਕਾਰਨ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀ ਦਹਾਕਿਆਂ ਪੁਰਾਣੀ ਸਮੱਸਿਆ ਕਦੇ ਦਿਖਾਈ ਹੀ ਨਹੀਂ ਦਿੱਤੀ ਅਤੇ ਨਾ ਹੀ ਉਨ੍ਹਾਂ ਨੇ ਕਦੀ ਇਸਦੇ ਹੱਲ ਲਈ ਕੋਈ ਯਤਨ ਕੀਤਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕ ਵਿਕਾਸ ਦੇ ਹਾਮੀ ਹਨ ਅਤੇ ਉਹ ਵਿਰੋਧੀਆਂ ਦੀ ਨਫ਼ਰਤ ਅਤੇ ਫੁੱਟ ਪਾਓ ਰਾਜਨੀਤੀ ਨੂੰ ਬੁਰੀ ਤਰ੍ਹਾਂ ਨਕਾਰ ਦੇਣਗੇ। ਗੁਰਦਾਸਪੁਰ ਸ਼ਹਿਰ ਵਾਸੀਆਂ ਦੀ ਦਹਾਕਿਆਂ ਪੁਰਾਣੀ ਸਮੱਸਿਆ ਦਾ ਹੱਲ ਕਰਨ ਲਈ ਚੇਅਰਮੈਨ ਰਮਨ ਬਹਿਲ ਨੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦਾ ਦਿਲੀ ਧੰਨਵਾਦ ਵੀ ਕੀਤਾ ਹੈ।

ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News