ਮੋਟਰਸਾਈਕਲ ਸਵਾਰ ਲੁਟੇਰੇ ਨੇ ਪਿਸਤੌਲ ਵਿਖਾ ਕੇ ਦੁਕਾਨਦਾਰ ਤੋਂ ਖੋਹੇ 45 ਹਜ਼ਾਰ ਰੁਪਏ
Wednesday, Oct 12, 2022 - 05:00 PM (IST)
ਗੁਰਦਾਸਪੁਰ (ਵਿਨੋਦ, ਜੀਤ ਮਠਾਰੂ ) - ਪਠਾਨਕੋਟ ਤੋਂ ਵਾਪਸ ਆ ਰਹੇ ਸਕੂਟਰ ਸਵਾਰ ਇਕ ਦੁਕਾਨਦਾਰ ਤੋਂ ਪਿੰਡ ਰਣਜੀਤ ਬਾਗ-ਬਰਿਆਰ ਦੇ ਵਿਚਕਾਰ ਪੈਂਦੇ ਬਿਜਲੀ ਘਰ ਨੇੜੇ ਇਕ ਮੋਟਰਸਾਈਕਲ ਸਵਾਰ ਅਣਪਛਾਤਾ ਨੌਜਵਾਨ ਪਿਸਤੌਲ ਦਿਖਾ ਕੇ 45 ਹਜ਼ਾਰ ਰੁਪਏ ਦੀ ਰਾਸ਼ੀ ਖੋਹ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗਲਪੁਰਾ ਰੋਡ ’ਤੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਤਿੱਬੜੀ ਕੈਂਟ ਵਿਖੇ ਸਟੇਸ਼ਨਰੀ ਦੀ ਦੁਕਾਨ ਕਰਦਾ ਹੈ ਅਤੇ ਦੁਕਾਨ ਦਾ ਸਮਾਨ ਲੈਣ ਲਈ ਪਠਾਨਕੋਟ ਗਿਆ ਹੋਇਆ ਸੀ।
ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ
ਉਸ ਨੇ ਦੱਸਿਆ ਕਿ ਸਮਾਨ ਬੁੱਕ ਕਰਵਾ ਕੇ ਜਦੋਂ ਉਹ ਵਾਪਸ ਗੁਰਦਾਸਪੁਰ ਆ ਰਿਹਾ ਸੀ ਤਾਂ ਸ਼ਾਮ ਦੇ 6.30 ਵਜੇ ਮੋਟਰਸਾਈਕਲ ਸਵਾਰ ਇੱਕ ਸਿੱਖ ਨੌਜਵਾਨ ਨੇ ਉਸ ਨੂੰ ਆਵਾਜ਼ ਮਾਰੀ। ਉਸ ਨੇ ਕਿਹਾ ਕਿ ਉਹ ਤੂੰ ਨਾਕੇ ’ਤੇ ਕਿਉਂ ਨਹੀਂ ਰੁਕਿਆ, ਤੈਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ। ਉਸ ਨੇ ਕਿਹਾ ਕਿ ਮੈਂ ਉਕਤ ਨੌਜਵਾਨ ਨੂੰ ਪੁਲਸ ਮੁਲਾਜ਼ਮ ਸਮਝ ਕੇ ਸਕੂਟਰ ਰੋਕ ਲਿਆ। ਮੋਟਰਸਾਈਕਲ ਸਵਾਰ ਨੇ ਪਿਸਤੌਲ ਕੱਢ ਕੇ ਉਸ ਨੂੰ ਕਿਹਾ ਕਿ ਜੋ ਕੁੱਝ ਤੇਰੇ ਕੋਲ ਹੈ, ਚੁੱਪ ਚਾਪ ਕੱਢਦੇ। ਅਸ਼ੋਕ ਕੁਮਾਰ ਅਨੁਸਾਰ ਉਹ ਬਹੁਤ ਡਰ ਗਿਆ ਅਤੇ ਪਿਛਲੀ ਜੇਬ ਵਿੱਚੋਂ 15 ਹਜ਼ਾਰ ਰੁਪਏ ਕੱਢ ਕੇ ਉਸ ਨੂੰ ਫੜਾ ਦਿੱਤੇ।
ਪੜ੍ਹੋ ਇਹ ਵੀ ਖ਼ਬਰ : ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ
ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਨੇ ਉਸ ਦੀ ਤਲਾਸ਼ੀ ਲਈ ਅਤੇ ਪੈਂਟ ਦੀ ਚੋਰ ਜੇਬ ਵਿਚੋਂ 30 ਹਜ਼ਾਰ ਰੁਪਏ ਵੀ ਕੱਢ ਲਏ। ਉਕਤ ਲੁਟੇਰਾ ਨੌਜਵਾਨ 45 ਹਜ਼ਾਰ ਰੁਪਏ ਲੈ ਕੇ ਦੀਨਾਨਗਰ ਵੱਲ ਫ਼ਰਾਰ ਹੋ ਗਿਆ। ਦੁਕਾਨਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ 112 ਨੰਬਰ ਫੋਨ ’ਤੇ ਲੁੱਟ ਦੀ ਸ਼ਿਕਾਇਤ ਦਰਜ ਕਰਵਾਈ। ਫਿਰ ਉਸ ਨੇ ਬਰਿਆਰ ਪੁਲਸ ਚੌਂਕੀ ’ਚ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।