ਦੁਕਾਨ ’ਚੋਂ ਲੱਖਾਂ ਰੁਪਏ ਦੇ ਮੋਬਾਈਲ ਅਤੇ 80 ਹਜ਼ਾਰ ਦੀ ਨਕਦੀ ਚੋਰੀ

05/25/2024 5:50:12 PM

ਬਟਾਲਾ (ਬੇਰੀ, ਬਲਜੀਤ)-ਬੀਤੀ ਰਾਤ ਚੋਰਾਂ ਵੱਲੋਂ ਬਟਾਲਾ ਦੀ ਲੋਹਾ ਮੰਡੀ ’ਚ ਸਥਿਤ ਇਕ ਮੋਬਾਈਲਾਂ ਦੀ ਦੁਕਾਨ ਤੋਂ ਲੱਖਾਂ ਰੁਪਏ ਦੇ ਮੋਬਾਈਲ ਫੋਨ ਅਤੇ 80 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਾਲ ਟੈਲੀਕਾਮ ਦੇ ਮਾਲਕ ਪੰਕਜ ਸ਼ਰਮਾ ਪੁੱਤਰ ਸੁਰਿੰਦਰ ਕੁਮਾਰ ਸ਼ਰਮਾ ਵਾਸੀ ਕ੍ਰਿਸ਼ਨ ਕਾਲੋਨੀ ਬਟਾਲਾ ਅਤੇ ਉਨ੍ਹਾਂ ਦੇ ਭਰਾ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੀ ਦੁਕਾਨ ਬੰਦ ਕਰ ਕੇ ਆਪਣੇ ਘਰ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਤੜਕਸਾਰ ਸਾਢੇ 3 ਵਜੇ ਦੁਕਾਨਾਂ ਦੀ ਪਹਿਰੇਦਾਰੀ ਕਰਦੇ ਗੋਰਖੇ ਨੇ ਉਨ੍ਹਾਂ ਨੂੰ ਫੋਨ ’ਤੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਚੋਂ ਕੋਈ ਆਵਾਜ਼ ਆ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਜਦ ਦੁਕਾਨ ਖੋਲ੍ਹੀ ਤਾਂ ਦੁਕਾਨ ’ਚ ਪਿਆ ਸਾਮਾਨ ਖਿਲਰਿਆ ਹੋਇਆ ਸੀ ਅਤੇ ਦੁਕਾਨ ’ਚ ਰੱਖੇ ਓਪੋ, ਵੀਵੋ, ਸੈਮਸੰਗ, ਰੈਡਮੀ , ਆਈ ਫੋਨ ਦੇ ਮੋਬਾਈਲ ਫੋਨ ਅਤੇ ਅਸੈਸਰੀ ਅਤੇ ਦੁਕਾਨ ਦੇ ਗੱਲੇ ’ਚ ਰੱਖੇ 80 ਹਜ਼ਾਰ ਰੁਪਏ ਚੋਰ ਚੋਰੀ ਕਰ ਕੇ ਫਰਾਰ ਹੋ ਗਏ ਸਨ।

ਇਹ ਵੀ ਪੜ੍ਹੋ- ਟਰੱਕ ਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ ਨੇ ਵਿਛਾਏ ਸਥੱਰ, ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਦੀ ਤੀਸਰੀ ਮੰਜਿਲ ਦਾ ਦਰਵਾਜ਼ਾ ਤੋੜ ਕੇ ਦੁਕਾਨ ’ਚ ਦਾਖਲ ਹੋਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਚੋਰਾਂ ਵਲੋਂ ਦੁਕਾਨ ’ਚ ਲੱਗੇ 4 ਸੀ. ਸੀ. ਟੀ. ਵੀ. ਕੈਮਰੇ ’ਚ ਵੀ ਤੋੜ ਦਿੱਤੇ ਗਏ ਅਤੇ ਜਾਂਦੇ ਸਮੇਂ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਬੱਸ ਸਟੈਂਡ ਪੁਲਸ ਚੌਕੀ ਦੇ ਏ. ਐੱਸ. ਆਈ. ਹਰਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ- ਪਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੈਬਸਾਈਟਾਂ ਲਈ ਪਤਨੀ ਦੀ ਅਸ਼ਲੀਲ ਵੀਡੀਓ ਕਰਦਾ ਸੀ ਵਾਇਰਲ

ਦੁਕਾਨਦਾਰਾਂ ਨੇ 2 ਘੰਟੇ ਤੱਕ ਦੁਕਾਨਾਂ ਬੰਦ ਰੱਖ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਦੂਜੇ ਪਾਸੇ ਲੋਹਾ ਮੰਡੀ ਦੇ ਦੁਕਾਨਦਾਰਾਂ ਮੁਨੀਸ਼ ਬਾਂਸਲ, ਰਵਿੰਦਰ ਕੁਮਾਰ ਬਿੱਲਾ ਚੌਧਰੀ, ਬੱਬੂ ਵਰਮਾ, ਸੰਜੀਵ ਸ਼ਰਮਾ, ਬਾਬਾ ਜੋਗਿੰਦਰ, ਮਾਣੀ ਬਾਂਸਲ, ਸ਼ਿਵ ਸਾਨਨ, ਰਜਤ, ਲਾਲੀ ਮਹਾਜਨ, ਰਵੀ ਮਹਾਜਨ, ਜੈ ਪਲਾਈ ਹਾਊਸ, ਬੂਟਾ ਰਾਮ, ਤਿਲਕ ਰਾਜ, ਬੂਆ ਦਾਸ, ਹਰੀ ਚੰਦ ਆਦਿ ਨੇ ਇਕੱਠੇ ਹੋ ਕੇ ਸਵੇਰੇ 9 ਤੋਂ 11 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਪੁਲਸ ਪ੍ਰਸ਼ਾਸਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਲਗਾਤਾਰ ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸਦੇ ਚਲਦਿਆਂ ਦੁਕਾਨਦਾਰਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਵੱਲੋਂ ਚੋਰਾਂ ਨੂੰ ਫੜਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਅਤੇ ਚੋਰਾਂ ਨੂੰ ਸਲਾਖਾ ਪਿੱਛੇ ਬੰਦ ਕਰ ਕੇ ਦੁਕਾਨਦਾਰਾਂ ਨੂੰ ਰਾਹਤ ਪ੍ਰਦਾਨ ਕਰਨ।

ਇਹ ਵੀ ਪੜ੍ਹੋ- ਖੁਸ਼ੀਆਂ ਵਿਚਾਲੇ ਪਏ ਵੈਣ, ਵਿਦੇਸ਼ ਜਾਣ ਤੋਂ ਇਕ ਦਿਨ ਪਹਿਲਾਂ ਨੌਜਵਾਨ ਪੁੱਤ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News