ਮੰਤਰੀ ਧਾਲੀਵਾਲ ਨੇ ਸਰਕਾਰੀ ਦਫ਼ਤਰਾਂ ਦੀ ਕੀਤੀ ਅਚਨਚੇਤ ਚੈਕਿੰਗ, ਕਾਮਿਆਂ ਨੂੰ ਦਿੱਤੀਆਂ ਇਹ ਸਖ਼ਤ ਹਦਾਇਤਾਂ
Tuesday, Feb 07, 2023 - 05:23 PM (IST)
ਅਜਨਾਲਾ (ਨੀਰਜ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਅਜਨਾਲਾ ਵਿਖੇ ਐੱਸ.ਡੀ.ਐੱਮ ਦਫ਼ਤਰ, ਤਹਿਸੀਲ, ਬੀ.ਡੀ.ਪੀ.ਓ, ਪਸ਼ੂ ਹਸਪਤਾਲ, ਪਟਵਾਰਖਾਨਾ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਡਿਊਟੀ ਤੇ ਗੈਰ ਹਾਜ਼ਰ ਕਰਮਚਾਰੀਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਉਹ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀ ਡਿਊਟੀ ਤੇ ਹਾਜ਼ਰ ਰਹਿਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਲਿਆਂਦੀ ਜਾਵੇਗੀ।
ਧਾਲੀਵਾਲ ਨੇ ਪਟਵਾਰਖਾਨੇ ਦੀ ਚੈਕਿੰਗ ਕਰਦਿਆਂ ਐੱਸ.ਡੀ.ਐੱਮ ਰਾਜੇਸ਼ ਸ਼ਰਮਾ ਅਤੇ ਤਹਿਸੀਲਦਾਰ ਨੂੰ ਹਦਾਇਤ ਕੀਤੀ ਕਿ ਪਟਵਾਰਖਾਨੇ ਦੇ ਰਿਕਾਰਡ ਦੀ ਦੇਖ-ਰੇਖ ਠੀਕ ਢੰਗ ਨਾਲ ਕੀਤੀ ਜਾਵੇ ਤਾਂ ਜੋ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਨਾ ਬਣੇ। ਉਨ੍ਹਾਂ ਤਹਿਸੀਲਦਾਰ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਲੋਕ ਦੂਰ ਦੁਰਾਡੇ ਤੋਂ ਆਪਣਾ ਕੰਮ ਕਰਵਾਉਣ ਲਈ ਪਟਵਾਰਖਾਨੇ ਆਉਂਦੇ ਹਨ। ਇਸ ਲਈ ਪਟਵਾਰੀ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀਆਂ ਸੀਟਾਂ ਤੇ ਹਾਜ਼ਰ ਰਹਿਣ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਵੱਡੀ ਵਾਰਦਾਤ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਕੀਤਾ ਦਾਤਰ ਨਾਲ ਹਮਲਾ
ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਅਜਨਾਲਾ ਵਿਖੇ ਐੱਸ.ਡੀ.ਐੱਮ ਦਫ਼ਤਰ ਦੀ ਨਵੀਂ ਇਮਾਰਤ ਤਿਆਰ ਹੋ ਚੁੱਕੀ ਹੈ ਅਤੇ ਜਲਦੀ ਹੀ ਮਿਆਰੀ ਫ਼ਰਨੀਚਰ ਨਾਲ ਲੈਸ ਕਰਕੇ ਲੋਕਾਂ ਦੀ ਸਹੂਲਤ ਲਈ ਦਫ਼ਤਰ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਾਣੀ ਬਿਲਡਿੰਗ ਦੀ ਹਾਲਤ ਕਾਫ਼ੀ ਖ਼ਸਤਾ ਹੋ ਚੁੱਕੀ ਸੀ, ਜਿਸ ਨਾਲ ਕਰਮਚਾਰੀਆਂ ਅਤੇ ਲੋਕਾਂ ਨੂੰ ਕੰਮ ਕਰਵਾਉਣ ਸਮੇਂ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਧਾਲੀਵਾਲ ਵੱਲੋਂ ਪਸ਼ੂ ਹਸਪਤਾਲ ਦੀ ਚੈਕਿੰਗ ਵੀ ਕੀਤੀ ਗਈ ਜਿਥੇ ਡਾਕਟਰ ਸਮੇਤ ਸਾਰੇ ਕਰਮਚਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ- ਡਾਲਰਾਂ ਦੀ ਚਮਕ ਤੋਂ ਵੱਡੀ ਦੇਸ਼ ਸੇਵਾ! ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਪਹਿਲੀ ਵਾਰ 'ਚ ਪਾਸ ਕੀਤੀ ਅਗਨੀਵੀਰ ਪ੍ਰੀਖਿਆ
ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਦੀ ਸਰਕਾਰ ਹੈ ਅਤੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ 'ਚ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਭ੍ਰਿਸ਼ਟਾਚਾਰ 'ਚ ਸ਼ਾਮਲ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ ਅਤੇ ਅਸੀਂ ਭ੍ਰਿਸ਼ਟਾਚਾਰ ਪ੍ਰਤੀ ਜੀਰੋ ਟਾਲਰੇਂਸ ਦੀ ਨੀਤੀ ਤੇ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਹਰ ਆਮ ਵਿਅਕਤੀ ਨੂੰ ਸਰਕਾਰੀ ਦਫ਼ਤਰਾਂ 'ਚ ਕੰਮ ਕਰਵਾਉਣ ਲਈ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ ਅਤੇ ਸਮਾਂਬੱਧ ਤਰੀਕੇ ਨਾਲ ਲੋਕਾਂ ਦੇ ਕੰਮ ਹੋ ਰਹੇ ਹਨ ਅਤੇ ਲੋਕਾਂ ਨੂੰ ਜਿਸ ਤਰ੍ਹਾਂ ਸਰਕਾਰ ਪ੍ਰਤੀ ਸੋਚ ਰੱਖੀ ਉਹ ਖ਼ਰੀ ਸਾਬਤ ਹੋਈ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।