ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨੀ ਦੇਣ ਵਾਲਾ ਯੋਧਾ ਸ਼ਹੀਦ ਮਨਜੀਤ ਸਿੰਘ ਵੇਰਕਾ
Sunday, Jul 02, 2023 - 12:42 PM (IST)
ਅੰਮ੍ਰਿਤਸਰ (ਜ.ਬ.)– ਸ਼ਹੀਦ ਮਨਜੀਤ ਸਿੰਘ ਵੇਰਕਾ ਦੀ ਸ਼ਹਾਦਤ 2 ਜੁਲਾਈ ਨੂੰ ਹਰ ਸਾਲ ਮਨਾਈ ਜਾਂਦੀ ਹੈ ਪਰ ਉਨ੍ਹਾਂ ਦੀ ਯਾਦ ਅੱਜ ਵੀ ਇਲਾਕੇ ਦੇ ਹਰ ਵਿਅਕਤੀ ਦੇ ਦਿਲ ਵਿਚ ਵਸੀ ਹੋਈ ਹੈ। ਮਨਜੀਤ ਸਿੰਘ ਵੇਰਕਾ ਨੇ ਦੇਸ਼ ਅਤੇ ਪੰਜਾਬ ਲਈ ਸ਼ਹਾਦਤ ਦਿੱਤੀ। ਉਨ੍ਹਾਂ ਦੀ ਸ਼ਹਾਦਤ ਨੂੰ ਭੁੱਲਣਾ ਕਿਸੇ ਲਈ ਆਸਾਨ ਨਹੀਂ ਹੈ। 2 ਜੁਲਾਈ, 1988 ਨੂੰ ਮਨਜੀਤ ਸਿੰਘ ਵੇਰਕਾ ਨੂੰ ਕੁਝ ਕੱਟੜਪੰਥੀਆਂ ਨੇ ਆਪਣੀ ਹੈਵਾਨੀਅਤ ਦਾ ਸ਼ਿਕਾਰ ਇਸ ਲਈ ਬਣਾਇਆ ਕਿਉਂਕਿ ਉਹ ਸਦਾ ਹੀ ਦੇਸ਼ ਦੀ ਏਕਤਾ, ਅਖੰਡਤਾ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਸਨ। ਮਨਜੀਤ ਸਿੰਘ ਵੇਰਕਾ ਦੀ ਇਸ ਸੋਚ ਕਾਰਨ ਉਨ੍ਹਾਂ ਨੂੰ ਅੱਤਵਾਦੀਆਂ ਨੇ ਸ਼ਹੀਦ ਤਾਂ ਕਰ ਦਿੱਤਾ ਪਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਅੱਜ ਤੱਕ ਲੋਕਾਂ ਦੇ ਮਨਾਂ ਵਿਚੋਂ ਨਹੀਂ ਕੱਢ ਸਕੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨਾਂ ਨੇ ਚਲਾਈਆਂ ਗੋਲੀਆਂ ਤੇ ਬੋਤਲਾਂ, ਲਹੂ ਲੁਹਾਣ ਕਰ ਦਿੱਤੀ ਔਰਤ
ਮਨਜੀਤ ਸਿੰਘ ਵੇਰਕਾ 1949 ਤੋਂ 1952 ਤੱਕ ਅੰਮ੍ਰਿਤਸਰ ਜ਼ਿਲ੍ਹਾ ਸਟੂਡੈਂਟਸ ਕਾਂਗਰਸ ਦੇ ਜਨਰਲ ਸਕੱਤਰ ਰਹੇ। ਇਸੇ ਤਰ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦੇ ਉਹ 1952 ਤੋਂ 1957 ਤੱਕ ਸਕੱਤਰ ਰਹੇ। ਇਸ ਤੋਂ ਬਾਅਦ ਦੁਬਾਰਾ 1974 ਤੋਂ 1978 ਤੱਕ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦੇ ਸਕੱਤਰ ਬਣੇ। ਮਨਜੀਤ ਸਿੰਘ ਵੇਰਕਾ ਵਿਚ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਤਾਂ ਸ਼ੁਰੂ ਤੋਂ ਹੀ ਸੀ, ਜੋ ਅੱਤਵਾਦੀਆਂ ਨੂੰ ਪਸੰਦ ਨਹੀਂ ਆਇਆ। ਆਖ਼ਿਰ 2 ਜੁਲਾਈ, 1988 ਨੂੰ ਉਹ ਅੱਤਵਾਦੀਆਂ ਤੋਂ ਆਪਣੀ ਵਿਚਾਰਧਾਰਾ ਦੀ ਲੜਾਈ ਜਿੱਤ ਗਏ ਅਤੇ ਆਪਣਾ ਸੰਦੇਸ਼ ਲੋਕਾਂ ਤਕ ਪਹੁੰਚਾਉਣ ਵਿਚ ਸਫ਼ਲ ਹੋ ਗਏ। ਜਦੋਂ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਇਲਾਕੇ ਦੇ ਲੋਕਾਂ ਨੂੰ ਮਿਲੀ ਤਾਂ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜੋ ਉਨ੍ਹਾਂ ਦੀ ਸ਼ਹਾਦਤ ’ਤੇ ਅੱਥਰੂ ਵਹਾਉਣ ਤੋਂ ਰਹਿ ਗਿਆ ਹੋਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਮਾਲ ਰੋਡ 'ਤੇ ਵਾਪਰਿਆ ਵੱਡਾ ਹਾਦਸਾ, 7 ਦੇ ਕਰੀਬ ਮਜ਼ਦੂਰ ਆਏ ਮਲਬੇ ਹੇਠਾਂ
ਸ਼ਹੀਦ ਮਨਜੀਤ ਸਿੰਘ ਵੇਰਕਾ ਬੇਬਾਕ ਅਤੇ ਸੱਚੀ ਗੱਲ ਕਰਨ ਵਾਲੇ ਲੋਕ-ਨਾਇਕ ਸਨ, ਜਿਨ੍ਹਾਂ ਨੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਬਾਂਹ ਫੜ ਕੇ ਉਨ੍ਹਾਂ ਦੇ ਬੁਨਿਆਦੀ ਹੱਕਾਂ ਖਾਤਿਰ ਆਖਰੀ ਸਾਹ ਤੱਕ ਫਿਰਕਾਪ੍ਰਸਤੀ, ਕੱਟੜਵਾਦ ਤੇ ਵੱਖਵਾਦ ਖ਼ਿਲਾਫ਼ ਅਸਰਦਾਇਕ ਲੜਾਈ ਲੜੀ। ਇਹੋ ਕਾਰਨ ਸੀ ਕਿ ਉਹ ਮਜ਼ਦੂਰਾਂ ਤੇ ਗਰੀਬ ਵਰਗ ਵਿਚ ਮਸੀਹਾ ਦੇ ਰੂਪ ਨਾਲ ਜਾਣੇ ਜਾਣ ਲੱਗੇ। ਉਨ੍ਹਾਂ ਦੀ ਲੋਕ-ਪੱਖੀ ਹਸਤੀ ਨੂੰ ਲਫਜ਼ਾਂ ਦਾ ਮੁਥਾਜ਼ ਬਣਾ ਕੇ ਗਿਣਵੇਂ ਵਰਕਿਆਂ ’ਤੇ ਕਲਮਬੱਧ ਨਹੀਂ ਕੀਤਾ ਜਾ ਸਕੇਗਾ।
ਇਸ ਮਹਾਨ ਯੋਧੇ ਦੀ ਅੰਤਿਮ ਯਾਤਰਾ ਵਿਚ ਹਰ ਫਿਰਕੇ ਦੇ ਹਜ਼ਾਰਾਂ ਲੋਕ ਭਿੱਜੀਆਂ ਅੱਖਾਂ ਨਾਲ ਆਪਣੇ ਮਹਿਬੂਬ ਆਗੂ ਦੇ ਵਿਛੜਣ ਦੇ ਡੂੰਘੇ ਗਮ ਦਾ ਇਜ਼ਹਾਰ ਕਰ ਰਹੇ ਸਨ ਤੇ ਇਲਾਕਾ ਪੂਰੇ 2 ਦਿਨ ਸੋਗ ਵਜੋਂ ਬੰਦ ਰਿਹਾ ਸੀ। ਹਰ ਕੋਈ ਇਹੋ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਿਵੇਂ ਕੋਈ ਉਨ੍ਹਾਂ ਦੇ ਘਰ ਦਾ ਜੀਅ ਉਨ੍ਹਾਂ ਤੋਂ ਵਿਛੜ ਗਿਆ ਹੋਵੇ। ਭਾਵੇਂ ਇਸ ਹਾਦਸੇ ਨੂੰ ਵਾਪਰਿਆਂ ਕਾਫ਼ੀ ਸਮਾਂ ਬੀਤ ਚੁੱਕਾ ਹੈ ਪਰ ਅੱਤਵਾਦ ਦੌਰਾਨ ਪੰਜਾਬ ਵਿਚ ਬੇਕਸੂਰ ਲੋਕਾਂ ਦੇ ਹਰ ਰੋਜ਼ ਬਲੇ ਸਿਵਿਆਂ ਦਾ ਸੇਕ ਅੱਜ ਵੀ ਆਪਣਿਆਂ ਨੂੰ ਗੁਆ ਚੁੱਕੇ ਪੀੜਤ ਪਰਿਵਾਰ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ- ਪਤਨੀ ਦੀ ਮਾੜੀ ਕਰਤੂਤ ਨਾ ਸਹਾਰ ਸਕਿਆ ਪਤੀ, ਦੁਖੀ ਹੋਏ ਨੇ ਚੁੱਕਿਆ ਖੌਫ਼ਨਾਕ ਕਦਮ
ਪ੍ਰਸਿੱਧ ਲੇਖਕ ਸਰਦਾਰਾ ਸਿੰਘ ਪਾਗਲ ਨੇ ਵੀ ਇਕ ਵਾਰ ਉਨ੍ਹਾਂ ਦੀ ਸ਼ਹਾਦਤ ਦਾ ਜ਼ਿਕਰ ਆਪਣੇ ਲੇਖ ਵਿਚ ਕੀਤਾ ਸੀ ਅਤੇ ਕਿਹਾ ਸੀ ਕਿ ‘ਵਤਨ ਪਰ ਮਰ ਮਿਟਨੇ ਵਾਲੋਂ ਕਾ ਯਹੀ ਨਿਸ਼ਾਂ ਬਾਕੀ ਹੈ।’ ਮਨਜੀਤ ਸਿੰਘ ਵੇਰਕਾ ਨੂੰ ਅੱਜ ਵੀ ਸਾਰਾ ਅੰਮ੍ਰਿਤਸਰ ਤੇ ਵੇਰਕਾ ਇਲਾਕਾ ਯਾਦ ਕਰਦਾ ਹੈ ਅਤੇ ਉਨ੍ਹਾਂ ਦੇ ਦੱਸੇ ਰਸਤੇ ’ਤੇ ਚੱਲ ਕੇ ਦੇਸ਼ ਵਿਦੇਸ਼ੀ ਸ਼ਕਤੀਆਂ ਨਾਲ ਲੜ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।