ਕਰੋੜਾ ਰੁਪਏ ਦੀ ਜ਼ਮੀਨ ਸਰਕਾਰੀ ਖਾਤੇ ’ਚ ਬੋਲਣ ਤੋਂ ਬਾਅਦ ਹੋ ਗਈ ਲੱਖਾਂ ਦੀ, ਜ਼ਮੀਨ ਮਾਲਕਾਂ ਦੀ ਉੱਡ ਗਈ ਨੀਂਦ
Thursday, Dec 29, 2022 - 11:14 AM (IST)
ਤਰਨਤਾਰਨ (ਰਮਨ ਚਾਵਲਾ)- ਸਥਾਨਕ ਅੰਮ੍ਰਿਤਸਰ ਰੋਡ ਵਿਖੇ ਸਰਕਾਰੀ ਹਸਪਤਾਲ ਦੇ ਸਾਹਮਣੇ ਕੁਝ ਕਨਾਲ ਜ਼ਮੀਨ ਦਾ ਹਿੱਸਾ ਅਚਾਨਕ ਨਗਰ ਕੌਂਸਲ ਦੀ ਮਾਲਕੀ ਦੱਸਣ ਤੋਂ ਬਾਅਦ ਜਿੱਥੇ ਸਬੰਧਿਤ ਜ਼ਮੀਨ ਮਾਲਕਾਂ ਦੀ ਨੀਂਦ ਉੱਡ ਗਈ ਹੈ, ਉੱਥੇ ਇਸ ਕਰੋੜਾਂ ਰੁਪਏ ਦੀ ਜ਼ਮੀਨ ਦੀ ਕੀਮਤ ਅਸਮਾਨ ਤੋਂ ਡਿੱਗ ਕੇ ਲੱਖਾਂ ਵਿਚ ਆ ਗਈ ਹੈ। ਜ਼ਿਕਰਯੋਗ ਹੈ ਕਿ ਇਸ ਬਹੁਤ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਜਿੱਥੇ ਸਬੰਧਿਤ ਮਾਲਕ ਥਾਂ-ਥਾਂ ਸਿਫਾਰਿਸ਼ਾਂ ਕਰਦੇ ਨਜ਼ਰ ਆ ਰਹੇ ਹਨ, ਉੱਥੇ ਕੁਝ ਵਲੋਂ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰਾ ਵੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੁਲਸ ਨੇ ਜ਼ਿੰਦਾ RPG ਸਣੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਰੋਡ ਵਿਖੇ ਮੌਜੂਦ ਕੁਝ ਕਨਾਲ ਜ਼ਮੀਨ, ਸਰਕਾਰੀ ਖਾਤੇ ਵਿਚ ਬੋਲਦੀ ਨਜ਼ਰ ਆਉਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਸਬੰਧਿਤ ਜ਼ਮੀਨ ਮਾਲਕਾਂ ਦੀ ਨੀਂਦ ਉੱਡਦੀ ਨਜ਼ਰ ਆ ਰਹੀ ਹੈ, ਜਿਨ੍ਹਾਂ ਦੀ ਕਰੋੜਾਂ ਰੁਪਏ ਦੀ ਜ਼ਮੀਨ ਦਾ ਮੁੱਲ ਇਸ ਮਾਮਲੇ ਦੇ ਉਜਾਗਰ ਹੋਣ ਤੋਂ ਬਾਅਦ ਲੱਖਾਂ ਵਿਚ ਤਬਦੀਲ ਹੋ ਚੁੱਕੀ ਹੈ। ਸਬੰਧਿਤ ਪ੍ਰੇਸ਼ਾਨ ਜ਼ਮੀਨ ਮਾਲਕਾਂ ਵਲੋਂ ਹਲਕੇ ਦੇ ਵੱਖ-ਵੱਖ ਸਿਆਸੀ ਨੇਤਾਵਾਂ ਤੋਂ ਇਲਾਵਾ ਮੌਜੂਦਾ ਵਿਧਾਇਕ ਪਾਸੋਂ ਮਾਮਲੇ ਨੂੰ ਜਲਦ ਤੋਂ ਜਲਦ ਠੀਕ ਕਰਨ ਲਈ ਅਪੀਲ ਕਰਦੇ ਹੋਏ ਗੁਹਾਰ ਲਗਾਈ ਜਾ ਰਹੀ ਹੈ। ਬੁੱਧਵਾਰ ਸਵੇਰੇ ਸਬੰਧਿਤ ਦੁਕਾਨ ਅਤੇ ਰਿਹਾਇਸ਼ ਮਾਲਕਾਂ ਵਲੋਂ ਇਕੱਤਰ ਹੋ ਏ ਆਪਣੀਆਂ ਵੱਖ-ਵੱਖ ਅਰਜ਼ੀਆਂ ਅਤੇ ਪੁਰਾਣੇ ਦਸਤਾਵੇਜ਼ਾਂ ਦੀ ਮੌਜੂਦਗੀ ਵਿਚ ਐੱਸ.ਡੀ.ਐੱਮ ਅਰੋੜਾ ਅਤੇ ਕਾਰਜ ਸਾਧਕ ਅਫ਼ਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਵਲੋਂ ਇਸ ਮਾਮਲੇ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਦਿੱਤੇ ਗਏ ਜਾਂਚ ਦੇ ਹੁਕਮ ਤੋਂ ਬਾਅਦ ਹੀ ਅਗਲੀ ਸੁਣਵਾਈ ਕਰਨ ਦਾ ਵਿਸ਼ੇਸ਼ ਤੌਰ ’ਤੇ ਭਰੋਸਾ ਦਿੱਤਾ ਗਿਆ।
ਇਹ ਵੀ ਪੜ੍ਹੋ- ਚਾਈਨਾ ਡੋਰ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਚਾਲਕ ਜ਼ਖ਼ਮੀ
ਉੱਧਰ ਇਸ ਸਾਰੇ ਮਾਮਲੇ ਦੀ ਜਲਦ ਤੋਂ ਜਲਦ ਜਾਂਚ ਮੁਕੰਮਲ ਕਰਨ ਅਤੇ ਸਬੰਧਿਤ ਮਾਲਕਾਂ ਦੀ ਪਹਿਲ ਦੇ ਆਧਾਰ ਉੱਪਰ ਸੁਣਵਾਈ ਕਰਨ ਸਬੰਧੀ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਸ਼ਹਿਰ ਵਿਚ ਕਿਸੇ ਕਿਸਮ ਦੀ ਕੋਈ ਵੀ ਬਰਬਾਦੀ ਨਾ ਹੋਵੇ, ਉਸ ਲਈ ਕੋਈ ਉਚਿਤ ਹੱਲ ਕੱਢਣ ਲਈ ਉਨ੍ਹਾਂ ਵਲੋਂ ਪਹਿਲਕਦਮੀ ਜਾਰੀ ਹੈ। ਉਨ੍ਹਾਂ ਸਬੰਧਿਤ ਜ਼ਮੀਨ ਮਾਲਕਾਂ ਨੂੰ ਪ੍ਰੇਸ਼ਾਨ ਨਾ ਹੋਣ ਦੀ ਅਪੀਲ ਕੀਤੀ। ਸਬੰਧਿਤ ਜ਼ਮੀਨ ਮਾਲਕਾਂ ਵਲੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਪ੍ਰੇਸ਼ਾਨੀ ਤੋਂ ਉਨ੍ਹਾਂ ਨੂੰ ਜਲਦ ਤੋਂ ਜਲਦ ਨਿਜ਼ਾਤ ਦਵਾਈ ਜਾਵੇ।
ਇਹ ਵੀ ਪੜ੍ਹੋ- Year Ender 2022: ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਪੰਜਾਬ ਦੇ ਫ਼ੌਜੀ ਜਵਾਨ, ਹਮੇਸ਼ਾ ਰਹਿਣਗੇ ਅਮਰ
ਉੱਧਰ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਰ ਮੈਂਬਰੀ ਲਈ ਵਿਸ਼ੇਸ਼ ਕਮੇਟੀ ਵਲੋਂ ਜਾਂਚ ਮੁਕੰਮਲ ਹੋਣ ਤੋਂ ਬਾਅਦ ਸਾਰੀ ਜਾਣਕਾਰੀ ਮੀਡੀਆ ਸਾਹਮਣੇ ਰੱਖੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।