ਭਲਕੇ 'ਭਾਰਤ ਬੰਦ' ਦੌਰਾਨ ਤਿੱਖਾ ਸੰਘਰਸ਼ ਕਰਕੇ ਕੇਂਦਰ ਸਰਕਾਰ ਨੂੰ ਢੁਕਵਾਂ ਜਵਾਬ ਦੇਣਗੇ ਕਿਸਾਨ

02/15/2024 4:36:47 PM

ਗੁਰਦਾਸਪੁਰ (ਹਰਮਨ)- ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਆਗੂਆਂ ਵੱਲੋਂ 16 ਫਰਵਰੀ ਨੂੰ ਕੀਤੇ ਜਾਣ ਵਾਲੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਰੈਲੀ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ’ਚ ਕਿਸਾਨ ਮਜ਼ਦੂਰਾਂ ਵੱਲੋਂ ਲੋਕਾਂ ਨੂੰ 16 ਦੇ ਭਾਰਤ ਬੰਦ ’ਚ ਸ਼ਾਮਲ ਹੋਣ ਲਈ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਚੌਕ, ਬਟਾਲਾ ਦੇ ਗੁਰਦਾਸਪੁਰ ਬਾਈਪਾਸ ਚੌਕ ਅਤੇ ਸ੍ਰੀ ਹਰਗੋਬਿੰਦਪੁਰ ਦੇ ਲਾਈਟਾਂ ਵਾਲੇ ਚੌਕ ’ਚ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਰੋਡ ਜਾਮ ਕੀਤੇ ਜਾਣਗੇ। ਆਮ ਲੋਕਾਂ ਨੂੰ ਵੀ ਮੋਰਚੇ ਵੱਲੋਂ ਸਰਕਾਰ ਸਾਹਮਣੇ ਰੱਖੀਆਂ ਮੰਗਾਂ ਤੋਂ ਜਾਣੂ ਕਰਵਾਇਆ ਗਿਆ ਹੈ ਜਿਸ ਵਿਚ ਮੁੱਖ ਤੌਰ ’ਤੇ ਰੋਜ਼ਗਾਰ, ਬੁਢਾਪਾ ਤੇ ਵਿਧਵਾ ਪੈਨਸ਼ਨ ਦੀ ਗਾਰੰਟੀ, ਵੱਡੇ ਮਾਲਾਂ ਰਾਹੀਂ ਮਾਲ ਵੇਚਣਾ ਬੰਦ ਕਰ ਕੇ ਬਾਜ਼ਾਰਾਂ ਦੁਕਾਨਾਂ ਨੂੰ ਬਚਾਉਣ, ਐੱਮ. ਐੱਸ. ਪੀ. ਦੀ ਗਾਰੰਟੀ, 12 ਦੀ ਥਾਂ ਮੁੜ 8 ਘੰਟੇ ਮਜ਼ਦੂਰਾਂ ਦੀ ਦਿਹਾੜੀ, ਮਨਰੇਗਾ ਦਾ ਸਾਰਾ ਸਾਲ ਕੰਮ ਦਵਾਉਣ ਆਦਿ ਮੰਗਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੀ ਖ਼ਰੀਦ ਨਹੀਂ ਕਰਨਗੇ ਪੈਟਰੋਲੀਅਮ ਡੀਲਰਜ਼, 22 ਫਰਵਰੀ ਨੂੰ ਹੜਤਾਲ ਦਾ ਐਲਾਨ

ਆਗੂਆਂ ਨੇ ਕਿਹਾ ਕਿ 16 ਫਰਵਰੀ ਨੂੰ ਬੰਦ ਵਾਲੇ ਦਿਨ ਸਕੂਲ, ਕਾਲਜ, ਬੈਂਕ, ਰੇਲਾਂ ਟਰਾਂਸਪੋਰਟ ਤੇ ਹੋਰ ਸਾਰੇ ਕਾਰੋਬਾਰ ਤੇ ਅਦਾਰੇ ਬੰਦ ਰਹਿਣਗੇ। ਸੰਯੁਕਤ ਕਿਸਾਨ ਮੋਰਚੇ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਦੀ ਮੋਦੀ ਤੇ ਹਰਿਆਣਾ ਦੀ ਖੱਟੜ ਦੀਆਂ ਭਾਜਪਾ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਸ਼ੰਭੂ ਤੇ ਹੋਰ ਬਾਰਡਰਾਂ ’ਤੇ ਸ਼ਾਂਤੀਪੂਰਵਕ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਹ ਕਰਵਾਈ ਲੋਕਤੰਤਰ ਦਾ ਕਤਲ ਹੈ। ਕਿਸਾਨਾਂ ’ਤੇ ਦਾਗੇ ਜਾ ਰਹੇ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਵੱਲ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕਿਸਾਨਾਂ ਨੂੰ ਸਰਕਾਰ ਦੁਸ਼ਮਣ ਦੇਸ਼ ਦੀ ਫੌਜ ਸਮਝ ਰਹੀ ਹੈ।

ਇਹ ਵੀ ਪੜ੍ਹੋ :  ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਟਰੈਕਟਰ ਚਾਲਕ ਨੇ 2 ਨੌਜਵਾਨਾਂ ਨੂੰ ਦਰੜਿਆ, ਦੋਵਾਂ ਦੀ ਮੌਕੇ 'ਤੇ ਮੌਤ

ਆਗੂਆਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਹੋਰ ਜਨਤਕ ਜਥੇਬੰਦੀਆਂ 16 ਫਰਵਰੀ ਨੂੰ ਮੁਕੰਮਲ ਭਾਰਤ ਬੰਦ ਕਰ ਕੇ ਇਸ ਜ਼ੁਲਮ ਜਬਰ ਦਾ ਢੁਕਵਾਂ ਉੱਤਰ ਦੇਣਗੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਸਾਰੀਆਂ ਟਰੇਡ ਯੂਨੀਅਨਾਂ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਨਾਲ ਹਨ ਅਤੇ ਦੇਸ਼ ਦੇ ਲੋਕ 2024 ਦੀਆਂ ਚੋਣਾਂ ’ਚ ਕੇਂਦਰ ਸਰਕਾਰ ਨੂੰ ਸਬਕ ਸਿਖਾਉਣਗੇ।

ਇਹ ਵੀ ਪੜ੍ਹੋ : ਸ਼ੰਭੂ ਬਾਰਡਰ 'ਤੇ ਫਾਇਰਿੰਗ ਤੇ ਅੱਥਰੂ ਗੈਸ ਦੇ ਗੋਲਿਆਂ ਕਾਰਨ ਗੰਭੀਰ ਫੱਟੜ ਹੋਇਆ ਝਬਾਲ ਦਾ ਕਿਸਾਨ ਆਗੂ ਜੱਸਾ ਸਿੰਘ

ਇਸ ਮੌਕੇ ਮੱਖਣ ਸਿੰਘ ਕੁਹਾੜ, ਸਤਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭਾਗੋਕਾਵਾਂ, ਗੁਰਵਿੰਦਰ ਸਿੰਘ ਜੀਵਨ ਚੱਕ, ਰਾਜ ਗੁਰਵਿੰਦਰ ਸਿੰਘ ਲਾਡੀ, ਬਲਵਿੰਦਰ ਸਿੰਘ ਔਲਖ, ਲਖਵਿੰਦਰ ਸਿੰਘ ਮਰੜ, ਮਾਇਆ ਧਾਰੀ, ਸੁਰਿੰਦਰ ਕੋਠੇ, ਬਲਬੀਰ ਸਿੰਘ ਕੱਤੋਵਾਲ, ਰਾਜਕੁਮਾਰ ਪੰਡੋਰੀ, ਹਰਦੇਵ ਸਿੰਘ ਮਠੋਲਾ, ਬਲਬੀਰ ਸਿੰਘ ਬੈਂਸ, ਗੁਰਮੀਤ ਸਿੰਘ, ਧਿਆਨ ਸਿੰਘ ਠਾਕੁਰ, ਮੰਗਤ ਚੰਚਲ, ਰਘਬੀਰ ਸਿੰਘ ਪਕੀਵਾਂ, ਅਜੀਤ ਸਿੰਘ ਹੁੰਦਲ, ਤਰਲੋਕ ਸਿੰਘ ਬਹਿਰਾਮਪੁਰ, ਗੁਰਮੀਤ ਸਿੰਘ ਬਖਤਪੁਰ, ਮੱਖਣ ਸਿੰਘ, ਵਿਜੇ ਸੋਹਲ, ਜੋਗਿੰਦਰ ਪਾਲ, ਬਚਨ ਸਿੰਘ, ਮੰਗਤ ਸਿੰਘ, ਰਮਨ ਸੰਧੂ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News