ਕਲਯੁੱਗੀ ਪੁੱਤਾਂ ਨੇ ਜ਼ਬਰਦਸਤੀ ਜਾਇਦਾਦ ਲਿਖਵਾ ਕੇ ਘਰੋਂ ਕੱਢੀ ਬਜ਼ੁਰਗ ਮਾਂ

10/18/2020 11:44:49 AM

ਰਾਮ ਤੀਰਥ (ਸੂਰੀ) : ਮੈਨੂੰ ਮੇਰੇ 4 ਬੱਚਿਆਂ ਨੇ ਧੋਖੇ ਨਾਲ ਜਾਇਦਾਦ ਲਿਖਵਾ ਕੇ ਘਰੋਂ ਨਿਕਲਣ ਲਈ ਮਜਬੂਰ ਕੀਤਾ ਹੈ। ਮੇਰੇ 'ਤੇ ਜ਼ੋਰ ਪਾ ਕੇ ਮੇਰੇ ਬੇਟੇ ਸੁਖਵਿੰਦਰ ਸਿੰਘ ਨੂੰ ਮੇਰੇ ਕੋਲੋਂ ਬੇਦਖਲ ਕਰਵਾਇਆ ਅਤੇ ਸੁਖਵਿੰਦਰ ਸਿੰਘ ਦੇ ਬੇਟੇ ਲਖਵਿੰਦਰ ਸਿੰਘ ਖ਼ਿਲਾਫ਼ ਮੇਰੇ ਤੋਂ ਝੂਠੀਆਂ ਦਰਖ਼ਾਸਤਾਂ ਕੰਬੋਅ ਥਾਣੇ ਦਿਵਾਈਆਂ। ਮੇਰੇ ਦੋਹਤਰੇ ਕੰਵਲਜੀਤ ਸਿੰਘ ਉਰਫ਼ ਕੰਮਾ ਨੂੰ ਵੀ ਬਣਦਾ ਹਿੱਸਾ ਨਹੀਂ ਦਿੱਤਾ। ਇਹ ਦੋਸ਼ 80 ਸਾਲਾ ਵਿਧਵਾ ਜਗਜੀਤ ਕੌਰ ਵਾਸੀ ਵਡਾਲਾ ਭਿੱਟੇਵੱਢ ਨੇ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੂੰ ਆਪਣੇ ਨਾਲ ਹੋਏ ਧੱਕੇ ਵਿਰੁੱਧ ਅਰਜੀ ਦਿੰਦਿਆਂ ਸਾਂਝੇ ਕੀਤੇ।

ਇਹ ਵੀ ਪੜ੍ਹੋ :  ਦਰਦਨਾਕ ਹਾਦਸਾ : ਕ੍ਰੈਸ਼ਰ ਨਾਲ ਲੱਦੇ ਟਰਾਲੇ ਨੇ 6 ਲੋਕਾਂ ਨੂੰ ਕੁਚਲਿਆ, ਕਹੀ ਨਾਲ ਇਕੱਠੀਆਂ ਕੀਤੀਆਂ ਲਾਸ਼ਾਂ

ਐੱਸ. ਪੀ. ਅਮਨਦੀਪ ਕੌਰ ਨੂੰ ਦਿੱਤੀ ਦਰਖ਼ਾਸਤ 'ਚ ਉਸ ਨੇ ਦੱਸਿਆ ਕਿ ਮੇਰੇ ਪੰਜ ਪੁੱਤਰ ਅਤੇ ਇਕ ਧੀ ਸੀ, ਜਿਨ੍ਹਾਂ 'ਚੋਂ ਮੁੰਡੇ ਜਸਬੀਰ ਸਿੰਘ ਅਤੇ ਕੁੜੀ ਜਸਵਿੰਦਰ ਕੌਰ ਦੀ ਮੌਤ ਹੋ ਚੁੱਕੀ ਹੈ। ਜਸਵਿੰਦਰ ਕੌਰ ਦੇ ਬੇਟੇ ਕੰਵਲਜੀਤ ਸਿੰਘ ਦਾ ਪਾਲਣ-ਪੋਸ਼ਣ ਮੈਂ ਕੀਤਾ ਹੈ। 2010 'ਚ ਮੇਰੇ ਮੁੰਡੇ ਕੁਲਬੀਰ ਸਿੰਘ ਅਤੇ ਰਜਿੰਦਰ ਸਿੰਘ ਨੇ ਮੇਰੇ ਦੋਤਰੇ ਕੰਵਲਜੀਤ ਸਿੰਘ ਅਤੇ ਮੇਰੇ ਪੁੱਤਰ ਸੁਖਵਿੰਦਰ ਸਿੰਘ ਨਾਲ ਝਗੜਾ ਕਰਕੇ ਉਨ੍ਹਾਂ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਅਤੇ ਉਸ ਤੋਂ ਬਾਅਦ ਮੇਰੀ ਜਾਇਦਾਦ ਹੜੱਪਣ ਲਈ ਮੇਰੇ ਤੋਂ ਜ਼ਬਰਦਸਤੀ ਵਸੀਅਤ ਬਣਵਾ ਕੇ 4 ਕਰੋੜ 30 ਲੱਖ ਰੁਪਏ 'ਚ ਮੇਰੀ ਸਾਰੀ ਜਾਇਦਾਦ ਵੇਚ ਦਿੱਤੀ। ਮੇਰਾ ਮੁੰਡਾ ਕੁਲਬੀਰ ਸਿੰਘ ਅਤੇ ਪੋਤਰਾ ਤੇਜਿੰਦਰਬੀਰ ਸਿੰਘ ਮੈਨੂੰ ਕੁੱਟਦੇ, ਕਾਗਜ਼ਾਂ 'ਤੇ ਜ਼ਬਰਦਸਤੀ ਅੰਗੂਠੇ ਲਵਾਉਂਦੇ ਅਤੇ ਨਜ਼ਰਬੰਦ ਕਰਕੇ ਰੱਖਦੇ ਹਨ, ਤਾਂ ਕਿ ਮੇਰੀ ਮੌਤ ਹੋ ਜਾਵੇ।

ਇਹ ਵੀ ਪੜ੍ਹੋ : ਅਜਿਹੀ ਮਾਂ ਜੋ ਆਪਣਾ ਦੁੱਧ ਵੇਚ ਕੇ ਚਲਾਉਂਦੀ ਹੈ ਪਰਿਵਾਰ ਦਾ ਖਰਚਾ

ਉਸ ਨੇ ਕਿਹਾ ਕਿ ਮੈਂ ਇਕ ਦਿਨ ਦਵਾਈ ਦਾ ਬਹਾਨਾ ਬਣਾ ਕੇ ਘਰੋਂ ਨਿਕਲੀ ਤਾਂ ਮੇਰਾ ਦੋਹਤਾ ਕੰਵਲਜੀਤ ਸਿੰਘ ਅਚਾਨਕ ਬਾਊਲੀ ਵਿਖੇ ਮਿਲਿਆ ਅਤੇ ਉਸ ਨੇ ਮੇਰੇ ਪੁੱਤਰ ਸੁਖਵਿੰਦਰ ਸਿੰਘ ਨੂੰ ਬੁਲਾ ਲਿਆ ਤਾਂ ਸੁਖਵਿੰਦਰ ਸਿੰਘ ਮੈਨੂੰ ਆਪਣੇ ਘਰ ਲੈ ਗਿਆ। ਮੈਂ ਆਪਣੇ ਨਾਲ ਹੋਏ ਅੱਤਿਆਚਾਰ ਦਾ ਇਨਸਾਫ਼ ਲੈਣਾ ਚਾਹੁੰਦੀ ਹਾਂ ਅਤੇ ਧੋਖੇ ਨਾਲ ਵੇਚੀ ਜਾਇਦਾਦ ਵਾਪਸ ਲੈਣੀ ਚਾਹੁੰਦੀ ਹਾਂ। ਮੈਂ ਪੁਲਸ ਨੂੰ 2 ਅਕਤੂਬਰ ਦੀ ਅਰਜੀ ਦਿੱਤੀ ਹੋਈ ਹੈ ਪਰ ਪੁਲਸ ਨੇ ਅਜੇ ਤਕ ਦੋਸ਼ੀਆਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੀ ਮੌਤ 'ਤੇ ਪਤਨੀ ਦਾ ਵੱਡਾ ਬਿਆਨ,ਕਿਹਾ- ਪਤੀ 'ਤੇ ਹੋਇਆ ਅੱਤਵਾਦੀ ਹਮਲਾ

ਦੂਜੀ ਧਿਰ ਦੇ ਕੁਲਬੀਰ ਸਿੰਘ ਨੇ ਦੱਸਿਆ ਕਿ ਮਾਤਾ ਸਾਡੇ ਉੱਪਰ ਜਿਹੜੇ ਵੀ ਇਲਜ਼ਾਮ ਲਾ ਰਹੀ ਹੈ, ਉਹ ਸਾਰੇ ਝੂਠੇ ਹਨ। ਮਾਤਾ ਨੇ ਸਾਰੀਆਂ ਰਜਿਸਟਰੀਆਂ ਆਪ ਕੀਤੀਆਂ ਹਨ। ਉਨ੍ਹਾਂ ਉੱਪਰ ਮਾਤਾ ਦੀਆਂ ਫੋਟੋਆਂ ਵੀ ਹਨ, ਅਸੀਂ ਮਾਤਾ 'ਤੇ ਕੋਈ ਵੀ ਦਬਾਅ ਨਹੀਂ ਬਣਾਇਆ। ਇਸ ਸਬੰਧੀ ਐੱਸ. ਪੀ. ਅਮਨਦੀਪ ਕੌਰ ਨੂੰ ਬਾਰ-ਬਾਰ ਫੋਨ ਕੀਤਾ ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।


Baljeet Kaur

Content Editor Baljeet Kaur