ਕਲਕੱਤਾ ਵਿਖੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਸਬੰਧੀ ਵਿਸ਼ਾਲ ਗੁਰਮਤਿ ਸਮਾਗਮ ’ਚ ਜਥੇ. ਗੜਗੱਜ ਨੇ ਕੀਤੀ ਸ਼ਮੂਲੀਅਤ
Monday, Sep 15, 2025 - 03:44 PM (IST)

ਅੰਮ੍ਰਿਤਸਰ(ਸਰਬਜੀਤ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਸਿੰਘ ਸਭਾ ਕਲਕੱਤਾ ਤੇ ਪੱਛਮ ਬੰਗਾਲ ਦੇ ਸਮੂਹ ਗੁਰੂ ਘਰਾਂ ਦੀ ਸਾਂਝੀ ਸ਼ਤਾਬਦੀ ਕਮੇਟੀ ਵੱਲੋਂ ਕਲਕੱਤਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਸਾਂਝੇ ਰੂਪ ਵਿੱਚ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਸਿੱਖਾਂ ਨੂੰ ਕੌਮੀ ਭਾਵਨਾ ਅਨੁਸਾਰ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ,ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਇਸ ਮੌਕੇ ਕਲਕੱਤੇ ਤੇ ਪੱਛਮ ਬੰਗਾਲ ਦੀ ਸੰਗਤ ਨੇ ਸਮਾਗਮ ਵਿੱਚ ਭਰਵੀਂ ਸ਼ਮੂਲੀਅਤ ਕੀਤੀ, ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਰਾਗੀ ਜਥੇ, ਕਥਾਵਾਚਕ ਭਾਈ ਬਲਦੇਵ ਸਿੰਘ ਪਾਉਂਟਾ ਸਾਹਿਬ ਵਾਲੇ ਤੇ ਭਾਈ ਜੋਗਾ ਸਿੰਘ ਭਾਗੋਵਾਲੀਆ ਦੇ ਕਵੀਸ਼ਰ ਜਥੇ ਨੇ ਹਾਜ਼ਰ ਸੰਗਤ ਨੂੰ ਗੁਰਬਾਣੀ ਕੀਰਤਨ, ਗੁਰ ਇਤਿਹਾਸ ਤੇ ਕਥਾ ਵਿਚਾਰ ਨਾਲ ਜੋੜਿਆ।
ਇਹ ਵੀ ਪੜ੍ਹੋ-ਪੰਜਾਬੀਆਂ ਦੇ ਗਲ਼ ਪੈ ਗਈ ਨਵੀਂ ਆਫਤ, 329 ਪਿੰਡਾਂ ਦੇ 1,87,058 ਲੋਕ...
ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਗਤ ਜੈਦੇਵ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਕੇਂਦਰੀ ਨਗਰ (ਪੱਛਮ ਬੰਗਾਲ) ਦੇ ਸਨ ਅਤੇ ਇਸ ਧਰਤੀ ਉੱਤੇ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੀ ਆਏ ਹਨ। ਉਨ੍ਹਾਂ ਕਿਹਾ ਕਿ ਪੱਛਮ ਬੰਗਾਲ ਤੇ ਖ਼ਾਸਕਰ ਕਲਕੱਤਾ ਨਾਲ ਸਿੱਖਾਂ ਦੀ ਪੁਰਾਣੀ ਸਾਂਝ ਰਹੀ ਹੈ, ਇੱਥੇ ਹੀ ਬਜ ਬਜ ਘਾਟ ਉੱਤੇ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਕੈਨੇਡਾ ਦੀ ਧਰਤੀ ਤੋਂ ਮੋੜੇ ਗਏ ਗੁਰੂ ਨਾਨਕ ਜਹਾਜ਼ ਵਿੱਚ ਪਰਤੇ ਅਤੇ ਪੰਜਾਬੀਆਂ ਉੱਤੇ ਅੰਗਰੇਜ਼ੀ ਹਕੂਮਤ ਵੱਲੋਂ ਤਸ਼ੱਦਦ ਕੀਤਾ ਗਿਆ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਵੀ ਇਸ ਇਲਾਕੇ ਵਿੱਚ ਚੰਗੇ ਕਾਰਜ ਕੀਤੇ ਹਨ।
ਇਹ ਵੀ ਪੜ੍ਹੋ-ਦੁਬਈ ਤੋਂ ਡਿਪੋਰਟ ਕੀਤੇ 8 ਨੌਜਵਾਨਾਂ ਨੂੰ ਡਾ. ਓਬਰਾਏ ਨੇ ਘਰੀਂ ਪਹੁੰਚਾਇਆ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਦਿੱਤੀ। ਉਸ ਸਮੇਂ ਦੇ ਮੁਗ਼ਲ ਹੁਕਮਰਾਨ ਸਮੁੱਚੇ ਦੇਸ਼ ਵਿੱਚ ਆਪਣਾ ਧਰਮ ਜਬਰੀ ਲਾਗੂ ਕਰਨਾ ਚਾਹੁੰਦੇ ਸਨ। ਗੁਰੂ ਸਾਹਿਬ ਜੀ ਨੇ ਉਸ ਸਮੇਂ ਮਜ਼ਲੂਮਾਂ ਤੇ ਤਿਲਕ ਜੰਞੂ ਦੀ ਰਾਖੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਪੜਚੋਲ ਦੀ ਵੀ ਲੋੜ ਹੈ ਕਿ ਜਿਨ੍ਹਾਂ ਦੇ ਧਰਮ ਦੀ ਅਜ਼ਾਦੀ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਜਦੋਂ ਉਨ੍ਹਾਂ ਕੋਲ ਸ਼ਕਤੀ ਆਈ ਤਾਂ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਉਨ੍ਹਾਂ ਦੇ ਸਿੱਖਾਂ ਦੇ ਕਕਾਰ ਕਿਰਪਾਨ ਤੇ ਕੜੇ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਫਾਸੀਵਾਦੀ ਤਾਕਤਾਂ ਵੱਲੋਂ ਲੁਹਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਰਾਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਦਸਤਾਰਾਂ ਵਾਲੇ ਸਿੱਖ ਦੇਸ਼ ਲਈ ਨਾ ਲੜਦੇ ਤਾਂ ਅੱਜ ਇਸ ਦੇਸ਼ ਦਾ ਨਕਸ਼ਾ ਕੁਝ ਹੋਰ ਹੋਣਾ ਸੀ।
ਉਨ੍ਹਾਂ ਕਲਕੱਤੇ ਤੇ ਪੱਛਮ ਬੰਗਾਲ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਖਿਆ ਕਿ ਇਸ ਸ਼ਤਾਬਦੀ ਸਮਾਗਮ ਦੀ ਤਰ੍ਹਾਂ ਹਮੇਸ਼ਾ ਹੀ ਆਪਸ ਵਿੱਚ ਤਾਲਮੇਲ ਤੇ ਇਕਜੁੱਟਤਾ ਨਾਲ ਰਹਿਣ। ਉਨ੍ਹਾਂ ਕਲਕੱਤੇ ਦੇ ਸਮੂਹ ਸਿੱਖਾਂ ਤੇ ਨੌਜਵਾਨਾਂ ਨੂੰ ਸਾਬਤ ਸੂਰਤ ਹੋ ਕੇ ਆਪਣੀ ਸਿੱਖ ਪਛਾਣ ਕਾਇਮ ਰੱਖਣ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਅਤੇ ਆਪਣੇ ਘਰਾਂ ਵਿੱਚ ਗੁਰਬਾਣੀ ਦੇ ਪਹਿਰੇ ਵਧਾਉਣ ਲਈ ਪ੍ਰੇਰਣਾ ਦਿਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8