ਅੱਜ ਸ਼ੁਰੂ ਹੋਵੇਗਾ ਖੇਡਾਂ ਦਾ ਮਹਾਦੰਗਲ : ਰਵੀਸ਼ੇਰ

Friday, Jun 08, 2018 - 10:59 AM (IST)

ਅੱਜ ਸ਼ੁਰੂ ਹੋਵੇਗਾ ਖੇਡਾਂ ਦਾ ਮਹਾਦੰਗਲ : ਰਵੀਸ਼ੇਰ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਰਾਜਿੰਦਰ, ਨਰਿੰਦਰ) : ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਸ਼ੁੱਭ ਅਨੰਦ ਕਾਰਜ ਦਿਵਸ ਨੂੰ ਸਮਰਪਿਤ ਕਸਬਾ ਝਬਾਲ ਸਥਿਤ ਗੁਰਦੁਆਰਾ ਬੀਬੀ ਵੀਰੋ ਜੀ ਵਿਖੇ 8 ਜੂਨ ਤੋਂ ਸ਼ੁਰੂ ਹੋ ਰਹੇ ਦੋ ਰੋਜ਼ਾ ਸਾਲਾਨਾ ਜੋੜ ਮੇਲੇ ਦੌਰਾਨ ਖੇਡਾਂ ਦਾ ਮਹਾਦੰਗਲ ਵੀ ਆਰੰਭ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਸਵ. ਪਹਿਲਵਾਨ ਗੁਰਬਚਨ ਸਿੰਘ ਝਬਾਲ ਦੇ ਦੋਹਤੇ ਤੇ ਸਵ. ਕੈਪਟਨ ਤਰਲੋਕ ਸਿੰਘ ਜਾਮਰਾਏ ਦੇ ਫਰਜੰਦ ਰਵੀਸ਼ੇਰ ਸਿੰਘ ਯੂ. ਐੱਸ. ਏ. ਤੇ ਅੱਡਾ ਝਬਾਲ ਦੇ ਸਰਪੰਚ ਮੋਨੂੰ ਚੀਮਾ ਨੇ ਦੱਸਿਆ ਕਿ ਕਰਵਾਈ ਜਾ ਰਹੀ ਝੰਡੀ ਦੀ ਕੁਸ਼ਤੀ 'ਚ ਪਹਿਲਵਾਨ ਮੁਹੰਮਦ ਅਲੀ ਇਰਾਨੀ ਤੇ ਬਣੀਆਂ ਜੰਮੂ ਵਿਚਾਲੇ ਦਿਲਖਿੱਚਵਾਂ ਮੁਕਾਬਲਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਤੂ ਰਹਿਣ ਵਾਲੇ ਪਹਿਲਵਾਨ ਨੂੰ ਬੁਲੇਟ ਮੋਟਰਸਾਈਕਲ ਨਾਲ ਸਨਮਾਨਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 9 ਜੂਨ ਨੂੰ ਅੰਤਰਰਾਸ਼ਟਰੀ ਕਬੱਡੀ ਟੀਮਾਂ ਬਾਬਾ ਨੋਧ ਸਿੰਘ ਸਪੋਰਟਸ ਕਬੱਡੀ ਕਲੱਬ ਤੇ ਸੱਤੂ ਨੰਗਲ ਕਬੱਡੀ ਕਲੱਬ ਰਮਦਾਸ ਵਿਚਾਲੇ ਵਿਸ਼ੇਸ਼ ਮੁਕਾਬਲੇ ਕਰਵਾਏ ਜਾਣਗੇ। ਜੇਤੂ ਟੀਮ ਨੂੰ 35000 ਰੁਪਏ ਤੇ ਉਪ ਜੇਤੂ ਟੀਮ 31000 ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਸਮਾਗਮ ਮੌਕੇ ਹੈਲੀਕਾਪਟਰ ਵੱਲੋਂ 8 ਤੇ 9 ਜੂਨ ਨੂੰ ਗੁਰਦੁਆਰਾ ਬੀਬੀ ਵੀਰੋ ਜੀ, ਮਾਤਾ ਭਾਗੋ ਜੀ ਤੇ ਗੁਰਦੁਆਰਾ ਬਾਬਾ ਬੁੱਢਾ ਜੀ ਉਪਰ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਦੋਵੇਂ ਦਿਨ ਗੁਰੂ ਕਾ ਲੰਗਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਟੁੱਟ ਵਰਤਾਈਆਂ ਜਾਣਗੀਆਂ।
ਇਸ ਮੌਕੇ ਕਾਂਗਰਸ ਸਪੋਰਟਸ ਸੈੱਲ ਦੇ ਸੂਬਾ ਜਨਰਲ ਸਕੱਤਰ ਸੁਖਰਾਜ ਸਿੰਘ ਕਾਲਾ ਗੰਡੀਵਿੰਡ, ਸੁਖਵਿੰਦਰ ਸਿੰਘ ਯੂ. ਐੱਸ. ਏ. ਗੁਰਿੰਦਰ ਸਿੰਘ ਬੋਪਾਰਾਏ, ਚਾਂਦ ਸੂਦ ਤੇ ਮਾਈਕਲ ਝਬਾਲ ਆਦਿ ਹਾਜ਼ਰ ਸਨ।


Related News