ਕਾਲਾ ਗੰਡੀਵਿੰਡ ਨੇ ਵਿਧਾਇਕ ਅਗਨੀਹੋਤਰੀ ਨਾਲ ਕੀਤੀ ਮੀਟਿੰਗ
Tuesday, Jun 12, 2018 - 11:25 AM (IST)
ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਕਾਂਗਰਸ ਸਪੋਰਟਸ ਸੈੱਲ ਦੇ ਸੂਬਾ ਜਨਰਲ ਸਕੱਤਰ ਸੁਖਰਾਜ ਸਿੰਘ ਕਾਲਾ ਗੰਡੀਵਿੰਡ ਵਲੋਂ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨਾਲ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਰਾਜ ਸਿੰਘ ਕਾਲਾ ਗੰਡੀਵਿੰਡ ਨੇ ਦੱਸਿਆ ਕਿ ਉਨ੍ਹਾਂ ਵਲੋਂ ਡਾ. ਧਰਮਬੀਰ ਅਗਨੀਹੋਤਰੀ ਨੂੰ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਜਿਸ 'ਚ ਕਿਸਾਨਾਂ ਦੀਆਂ, ਮਜਦੂਰਾਂ ਅਤੇ ਹੋਰ ਵਰਗਾਂ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਸਰਹੱਦੀ ਖੇਤਰ ਦੇ ਪਿੰਡਾਂ ਦੇ ਗਰੀਬ ਤਬਕੇ ਦੇ ਲੋਕ ਜਿੱਥੇ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਵਾਂਝੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ ਉੱਥੇ ਹੀ ਸਰਹੱਦ ਪਾਰਲੀ ਜ਼ਮੀਨਾਂ ਵਾਲੇ ਕਿਸਾਨ ਖੇਤੀਬਾੜੀ ਕਰਨ ਦੀ ਸਮੱਸਿਆ ਨਾਲ ਇਸ ਕਰਕੇ ਜੂਝ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਬਾਰਡਰ ਸਕਿਊਰਟੀ ਫੋਰਸ (ਬੀ.ਐੱਸ.ਐੱਫ) ਵਾਲੇ ਬੇਲੋੜੇ ਨਿਯਮਾਂ ਦੇ ਬੰਧਨਾਂ 'ਚ ਬੰਨ੍ਹ ਕੇ ਇਸ ਸਮੇਂ ਝੋਨੇ ਦੀ ਫਸਲ ਦੀ ਬਿਜਾਈ ਕਰਨ ਸਮੇਂ ਕਾਨੂੰਨੀ ਗੁੰਝਲਾਂ 'ਚ ਪਾ ਕਰੇ ਹਨ। ਇੱਥੇ ਹੀ ਬੱਸ ਨਹੀਂ ਸਰਹੱਦੀ ਖੇਤਰ ਦੇ ਸਕੂਲਾਂ ਦੀ ਹਾਲਤ ਬਹੁਤ ਮਾੜੀ ਹੈ ਜਿੱਥੇ ਬਿਲਡਿੰਗਾਂ ਦੀ ਹਾਲਤ ਤਾਂ ਖਸਤਾ ਹੈ ਹੀ, ਲੋੜੀਦੇਂ ਸਟਾਫ ਦੀ ਵੀ ਬਹੁਤ ਵੱਡੀ ਘਾਟ ਹੋਣ ਕਰਕੇ ਗਰੀਬ ਵਰਗ ਦੇ ਲੋਕ ਮਿਆਰੀ ਸਿੱਖਿਆ ਤੋਂ ਵੀ ਵਾਂਝੇ ਹੋ ਰਹੇ ਹਨ। ਖੇਤਰ ਅੰਦਰ ਸਿਹਤ ਸਹੂਲਤਾਂ ਵੀ ਸਾਰਥਕ ਨਹੀਂ ਹਨ, ਜਦੋਂ ਕਿ ਇਸ ਖੇਤਰ ਅੰਦਰ ਕੋਈ ਵਪਾਰਕ ਕੇਂਦਰ ਸਥਾਪਤ ਨਾ ਹੋਣ ਕਰਕੇ ਪੜ੍ਹੇ ਲਿਖੇ ਤੇ ਘੱਟ ਪੜ੍ਹੇ ਨੌਜਵਾਨ ਬੇਰੋਜ਼ਗਾਰ ਹੋਣ ਕਰਕੇ ਗਲਤ ਰਸਤੇ ਪੈ ਰਹੇ ਹਨ।
ਕਾਲਾ ਗੰਡੀਵਿੰਡ ਨੇ ਦੱਸਿਆ ਖੇਤਰ ਅੰਦਰ ਨਸ਼ਾਖੋਰੀ ਨੂੰ ਵੀ ਬਹੁਤੀ ਨੱਥ ਨਾ ਪਈ ਹੋਣ ਕਰਕੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਵੀ ਸ਼ਰੇਆਮ ਹੋ ਰਹੀ ਹੈ। ਉਨ੍ਹਾਂ ਨੇ ਵਿਧਾਇਕ ਡਾ. ਅਗਨੀਹੋਤਰੀ ਤੋਂ ਉਕਤ ਸਮੱਸਿਆਵਾਂ ਦੇ ਹੱਲ ਲਈ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਜੇਕਰ ਇਸ ਖੇਤਰ ਦੀ ਅਕਾਲੀ ਦਲ ਦੇ ਰਾਜ ਵਾਲੀ ਹਾਲਤ ਰਹੀ ਤਾਂ ਲੋਕਾਂ ਦਾ ਸਰਕਾਰਾਂ ਤੋਂ ਵਿਸ਼ਵਾਸ ਉੱਠ ਜਾਵੇਗਾ। ਕਾਲਾ ਗੰਡੀਵਿੰਡ ਨੇ ਦੱਸਿਆ ਕਿ ਵਿਧਾਇਕ ਡਾ. ਅਗਨੀਹੋਤਰੀ ਵਲੋਂ ਸਰਹੱਦੀ ਖੇਤਰ ਦੀ ਸਭ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।