ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਥਾਣੇ ਦਾ ਘਿਰਾਓ 18 ਨੂੰ

11/07/2019 11:12:30 AM

ਸ੍ਰੀ ਗੋਇੰਦਵਾਲ ਸਾਹਿਬ (ਪੰਛੀ) : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ 18 ਨਵੰਬਰ ਨੂੰ ਗੋਇੰਦਵਾਲ ਸਾਹਿਬ ਦੇ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ 'ਤੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲਾ ਪ੍ਰਧਾਨ ਸੁਲੱਖਣ ਸਿੰਘ ਤੁੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲਾ ਕਮੇਟੀ ਮੈਂਬਰ ਮਨਜੀਤ ਸਿੰਘ ਬੱਗੂ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਰਮ ਸਿੰਘ ਫਤਿਆਬਾਦ, ਜਮੂਹਰੀ ਕਿਸਾਨ ਸਭਾ ਦੇ ਆਗੂ ਦਾਰਾ ਸਿੰਘ ਮੁੰਡਾ ਪਿੰਡ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਦੇ ਮੁੱਖ ਅਫਸਰ ਸਰਕਾਰ ਦਾ ਪਿੱਠੂ ਬਣ ਕੇ ਕੰਮ ਕਰ ਰਹੇ ਹਨ ਅਤੇ ਆਮ ਲੋਕਾਂ ਦੀਆਂ ਦਰਖਾਸਤਾਂ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਦਰਖਾਸਤਾਂ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਸ਼ਰੇਆਮ ਗੋਇੰਦਵਾਲ ਸਾਹਿਬ ਦੇ ਆਸ-ਪਾਸ ਲੁੱਟਾਂ-ਖੋਹਾਂ 'ਚ ਵਾਧਾ ਹੋਇਆ ਹੈ। ਆਮ ਲੋਕਾਂ ਨੂੰ ਘਰ 'ਚੋਂ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ, ਜਿਸ ਕਾਰਣ ਸਮੇਂ ਦੀ ਸਰਕਾਰ ਨੂੰ ਜਗਾਉਣ ਲਈ ਅਤੇ ਆਮ ਲੋਕਾਂ ਨਾਲ ਜੋ ਧੱਕਾ ਹੋ ਰਿਹਾ ਹੈ ਉਸ ਖਿਲਾਫ ਉਨ੍ਹਾਂ ਦੀ ਯੂਨੀਅਨ ਵਲੋਂ ਥਾਣੇ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਸਬੰਧੀ ਨਿਰਵੈਲ ਸਿੰਘ ਜੌਹਲ ਢਾਏਵਾਲੇ ਨੇ ਦੱਸਿਆ ਕਿ ਸਰਪੰਚ ਕੁਲਵਿੰਦਰ ਕੌਰ ਨੇ ਮਤਾ ਪਵਾ ਕੇ ਰੂੜੀਆਂ ਸੁੱਟਣ ਲਈ ਮਜ਼੍ਹਬੀ ਸਿੱਖ ਪਰਿਵਾਰਾਂ ਨੂੰ ਜਗ੍ਹਾ ਦਿੱਤੀ ਜੋ ਉਸ ਜਗ੍ਹਾ 'ਤੇ ਇਕ ਵਿਅਕਤੀ ਵਲੋਂ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ। ਉਸ ਦੀ ਦਰਖਾਸਤ ਇਕ ਹਫਤਾ ਪਹਿਲਾਂ ਦਿੱਤੀ ਸੀ ਅਤੇ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਅਧਿਕਾਰੀ ਨਾ ਤਾਂ ਫੋਨ ਸੁਣਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਤੁੜ ਤੋਂ ਗੁਰਜਿੰਦਰ ਸਿੰਘ ਨੇ ਸਕਿਓਰਿਟੀ 'ਚ ਲੱਗਣ ਲਈ ਅਸਲਾ ਲਾਇਸੈਂਸ ਬਣਾਉਣ ਲਈ ਅਪਲਾਈ ਕੀਤਾ ਹੈ ਤੇ ਉਸ ਨੂੰ ਬਿਨਾਂ ਵਜ੍ਹਾ ਰੋਕਿਆ ਗਿਆ ਹੈ। ਇਨ੍ਹਾਂ ਸਾਰੇ ਮਸਲਿਆਂ ਨੂੰ ਲੈ ਕੇ 18 ਨਵੰਬਰ ਨੂੰ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ 'ਤੇ ਦਿਲਬਾਗ ਸਿੰਘ ਫਤਿਆਬਾਦ, ਬਾਬਾ ਗੁਰਬਚਨ ਸਿੰਘ ਜੌਹਲ ਆਦਿ ਆਗੂ ਹਾਜ਼ਰ ਸਨ।


Baljeet Kaur

Content Editor

Related News